Close
Menu

ਸਰਹੱਦੀ ਖੇਤਰ ਲੲੀ ਯੂਪੀਏ ਸਰਕਾਰ ਵੱਲੋਂ ਭੇਜੇ 400 ਕਰੋਡ਼ ਬਾਦਲਾਂ ਨੇ ਨਹੀਂ ਖ਼ਰਚੇ: ਕੈਪਟਨ

-- 10 July,2015

ਅਟਾਰੀ, ਪੰਜਾਬ ਦਾ ਪਾਣੀ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਰਾਹੀਂ ਹਰਿਆਣਾ ਨੂੰ ਨਹੀਂ ਦਿੱਤਾ ਜਾ ਸਕਦਾ ਜਿਵੇਂ ਕਿ ਹਰਿਆਣਾ ਦਾ ਮੁੱਖ ਮੰਤਰੀ ਪੰਜਾਬ ਦੇ ਪਾਣੀਆਂ ’ਤੇ ਦਾਅਵਾ ਜਤਾ ਰਿਹਾ ਹੈ। ਸਾਡੇ ਕੋਲ ਪਾਣੀਆਂ ਸਬੰਧੀ ਕਾਨੂੰਨ ਤੇ ਸਮਝੌਤਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲੋਕ ਸੰਪਰਕ ਮੁਹਿੰਮ ਤਹਿਤ ਅੱਜ ਵਿਧਾਨ ਸਭਾ ਹਲਕਾ ਅਟਾਰੀ ਦੇ ਇੰਚਾਰਜ ਤਰਸੇਮ ਸਿੰਘ ਡੀਸੀ ਦੀ ਅਗਵਾਈ ਹੇਠ ‘ਕੈਪਟਨ ਲਿਆਓ ਪੰਜਾਬ ਬਚਾਓ’ ਰੈਲੀ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਨੂੰ ਪੰਜਾਬ ਦਾ ਪਾਣੀ ਨਹੀਂ ਦੇ ਸਕਦੇ, ਕਿਉਂਕਿ ਪੰਜਾਬ ਦੀ ਧਰਤੀ ਸੁੱਕ ਰਹੀ ਹੈ ਅਤੇ ਪਾਣੀ ਹੇਠਾਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਿੱਚ ਸੰਗਤ ਦਰਸ਼ਨ ਕਰ ਰਹੇ ਹਨ ਜਦੋਂ ਕਿ ਦੁਨੀਆਂ 21ਵੀਂ ਸਦੀ ਵਿੱਚ ਪਹੁੰਚ ਚੁੱਕੀ ਹੈ। ਹੁਣ ਸੰਗਤ ਦਰਸ਼ਨਾਂ ਦੀ ਲੋੜ ਨਹੀਂ ਹੈ। ੳੁਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਸਮੇਂ ਲੋਕ ਭਲਾਈ ਦੀਆਂ ਸਕੀਮਾਂ ਆਰੰਭ ਕੀਤੀਆਂ ਗੲੀਆਂ ਸਨ, ਜਿਹਡ਼ੀਆਂ ਸਾਰੀਆਂ ਬਾਦਲਾਂ ਨੇ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਗਰੀਬ ਵਰਗ ਦੇ ਲੋਕਾਂ ਨੂੰ ਆਟਾ ਮਿਲਿਆਂ 14  ਅਤੇ ਦਾਲ ਨੂੰ 9 ਮਹੀਨੇ ਹੋ ਹਏ ਹਨ। ਇਸੇ ਤਰ੍ਹਾਂ ਸ਼ਗਨ ਸਕੀਮ, ਬੁਢਾਪਾ ਅਤੇ ਵਿਧਵਾ ਪੈਨਸ਼ਨਾਂ ਵੀ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਆਉਣ ’ਤੇ ਬੁਢਾਪਾ ਤੇ ਵਿਧਵਾ ਪੈਨਸ਼ਨ 2000 ਰੁਪਏ ਅਤੇ ਸ਼ਗਨ ਸਕੀਮ ਲਈ 25000 ਰੁਪਏ ਦਿੱਤੇ ਜਾਣਗੇ।
ਕੈਪਟਨ ਨੇ ਕਿਹਾ ਕਿ ਬੀਐਸਐਫ ਅਨੁਸ਼ਾਸਨ ਵਿੱਚ ਰਹਿ ਕੇ ਸਰਹੱਦ ’ਤੇ ਪਹਿਰਾ ਦਿੰਦੀ ਹੈ ਜਿਸ ’ਤੇ ਨਸ਼ਾ ਤਸਕਰੀ ਕਰਵਾਉਣ ਦੇ ਦੋਸ਼ ਲਗਾਉਣਾ ਗਲਤ ਹੈ, ਸਗੋਂ ਨਸ਼ਿਆਂ ਸਬੰਧੀ ਸਰਕਾਰ ਨੂੰ ਆਪਣੀ ਪੀਡ਼੍ਹੀ ਹੇਠ ਸੋਟੀ ਫੇਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਸ਼ਿਆਂ ਨਾਲ ਭਰਿਆ ਪਿਆ ਹੈ। ਕੇਂਦਰ ਸਰਕਾਰ ਵੱਲੋਂ ਬਾਰਡਰ ਏਰੀਆ ਦੇ ਵਿਕਾਸ ਲਈ 400 ਕਰੋੜ ਰੁਪਏ ਦਿੱਤੇ ਗਏ ਸਨ ਪਰ ਬਾਦਲ ਸਰਕਾਰ ਨੇ ਖ਼ਰਚ ਹੀ ਨਹੀਂ ਕੀਤੇ। ‘ਇਕ ਰੈਂਕ ਇਕ ਪੈਨਸ਼ਨ’ ਸਬੰਧੀ ੳੁਨ੍ਹਾਂ ਕਿਹਾ ਕਿ ਜੋ ਸੈਨਿਕ ਦੇਸ਼ ਸੇਵਾ ਲਈ ਕੁਰਬਾਨੀ ਕਰਦੇ ਹਨ, ਉਨ੍ਹਾਂ ਨਾਲ ਵਾਅਦਾ ਕਰ ਕੇ ਭਾਜਪਾ ਦੀ ਕੇਂਦਰ ਸਰਕਾਰ ਮੁੱਕਰ ਰਹੀ ਹੈ। ੲਿਸ ਕਾਰਨ ਸਾਬਕਾ ਸੈਨਿਕਾਂ ਨੂੰ ਰੋਸ ਮੁਜ਼ਾਹਰੇ ਅਤੇ ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਹਨ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿੱਚ ਲੀਡਰਸ਼ਿਪ ਕੁਆਲਟੀ ਹੈ। ਉਹ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਦੀ ਕੁਰਸੀ ਦੀ ਪ੍ਰਵਾਹ ਨਾ ਕਰਦਿਆਂ ਪੰਜਾਬ ਦੇ ਪਾਣੀਆਂ ਲਈ ਐਸਵਾਈਐਲ ਨਹਿਰ ਰਾਹੀਂ ਹਰਿਆਣਾ ਨੂੰ ਪਾਣੀ ਨਹੀਂ ਸੀ ਦਿੱਤਾ, ਸਗੋਂ ਪੰਜਾਬ ਦੇ ਹੱਕਾਂ ਤੇ ਪਹਿਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਅੰਨਦਾਤਾ ਕਹਾਉਂਦਾ ਹੈ, ਜਿਸਨੂੰ ਅਕਾਲੀ-ਭਾਜਪਾ ਨੇ ਮੰਡੀਆਂ ਵਿੱਚ ਰੋਲ ਕੇ ਰੱਖ ਦਿੱਤਾ ਹੈ। ਵਿਧਾਨ ਸਭਾ ਹਲਕਾ ਅਟਾਰੀ ਦੇ ਇੰਚਾਰਜ ਤਰਸੇਮ ਸਿੰਘ ਡੀਸੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨ ਕੀਤਾ।
ਇਸ ਮੌਕੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਵਿਧਾਇਕ ਓਮ ਪ੍ਰਕਾਸ਼ ਸੋਨੀ, ਰਾਣਾ ਗੁਰਜੀਤ ਸਿੰਘ, ਗੋਗਿੰਦਰ ਸਿੰਘ ਪੰਜਗਰਾਈਂ, ਐਸਸੀ/ਐਸਟੀ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਸੁਖਵਿੰਦਰ ਸਿੰਘ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਬਬਲੀ ਨਵਾਂਸ਼ਹਿਰ, ਦਿਨੇਸ਼ ਬੱਸੀ, ਰਮਨਜੀਤ ਸਿੰਘ ਸਿੱਕੀ, ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਆਦਿ ਆਗੂ ਹਾਜ਼ਰ ਸਨ

Facebook Comment
Project by : XtremeStudioz