Close
Menu

ਸਵਰਾਜ ਅਭਿਆਨ ਵੱਲੋਂ ਠੀਕਰੀਵਾਲ ਤੋਂ ਜੈ ਕਿਸਾਨ ਸੰਘਰਸ਼ ਦੀ ਸ਼ੁਰੂਆਤ

-- 03 August,2015

ਬਰਨਾਲਾ, ਸਵਰਾਜ ਅਭਿਆਨ ਵੱਲੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਪਿੰਡ ਠੀਕਰੀਵਾਲ ਤੋਂ ਅੱਜ ਜੈ ਕਿਸਾਨ ਅੰਦੋਲਨ ਤਹਿਤ ਟਰੈਕਟਰ  ਮਾਰਚ ਦੀ ਸ਼ੁਰੂਆਤ ਕੀਤੀ ਗਈ।
ਕਿਸਾਨ,  ਖੇਤੀ ਤੇ ਪਿੰਡਾਂ ਨੂੰ ਬਚਾਉਣ ਦਾ ਹੋਕਾ ਦਿੰਦਾ ੲਿਹ 10  ਰੋਜ਼ਾ ਮਾਰਚ ਰਵਾਨਾ ਕਰਨ ਤੋਂ ਪਹਿਲਾਂ ਸਭਾ ਸਥਾਨ ’ਤੇ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਵਰਾਜ ਅਭਿਆਨ ਦੇ ਮੁਖੀ ਅਤੇ ‘ਜੈ ਕਿਸਾਨ ਅੰਦੋਲਨ’ ਦੇ ਕੌਮੀ ਕਨਵੀਨਰ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਯਾਤਰਾ ਮਹਿਜ਼ 10 ਦਿਨਾਂ ਦਾ ਸਫ਼ਰ ਨਹੀਂ ਬਲਕਿ ਦੇਸ਼ ਦੀ ਕਿਸਾਨੀ, ਖੇਤੀ ਤੇ ਦਿਹਾਤੀ ਜੀਵਨ (ਪਿੰਡਾਂ) ਨੂੰ ਬਚਾਉਣ ਦਾ ਅੰਦੋਲਨ ਹੈ, ਜੋ ਉਦੇਸ਼ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ।  ੳੁਨ੍ਹਾਂ ਕਿਹਾ ਕਿ ਜੈ ਕਿਸਾਨ ਮੁਹਿੰਮ ਕਿਸੇ  ਪਾਰਟੀ ਦੇ ਹੱਕ ਵਿੱਚ ਜਾਂ ਖ਼ਿਲਾਫ਼ ਨਹੀਂ ਹੈ। ਇਹ ਅੰਦੋਲਨ ਦੇਸ਼ ਦੇ ਕਿਸਾਨਾਂ ਦੇ ਹੱਕ  ਵਿੱਚ ਹੈ। ੳੁਨ੍ਹਾਂ ਕਿਹਾ ਕਿ ਖੇਤੀ ਵਿੱਚ ਆਮਦਨੀ ਘਟਣ ਅਤੇ ਖਰਚੇ ਵਧਣ ਕਾਰਨ ਕਿਸਾਨਾਂ  ਸਿਰ ਕਰਜ਼ਾ ਵਧ ਰਿਹਾ ਹੈ, ਜਿਸ ਕਰਕੇ ਕਿਸਾਨ ਖੁਦਕੁਸ਼ੀਅਾਂ ਕਰਨ ਲਈ ਮਜਬੂਰ ਹੈ। ਜੈ ਕਿਸਾਨ  ਅੰੰਦੋਲਨ ਕਿਸਾਨੀ ਦੇ ਸੰਕਟ ਦੇ ਜਵਾਬ ਵਿੱਚ ਕਿਸਾਨ ਦੀ ਤਾਕਤ ਨੂੰ ਖੜ੍ਹਾ ਕਰਨਾ ਹੈ।  ਉਨ੍ਹਾਂ ਮੋਦੀ ਸਰਕਾਰ ਖ਼ਿਲਾਫ਼ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਜੋ  ਫੈਸਲੇ ਲਏ ਹਨ ਉਨ੍ਹਾਂ ਵਿੱਚ ਯੂਰੀਆਂ ਦੇ ਰੇਟਾਂ ਵਿੱਚ ਵਾਧਾ ਕਰਨਾ, ਘੱਟੋ-ਘੱਟ ਸਮਰਥਨ  ਮੁੱਲ ਵਿੱਚ ਵਾਧਾ ਨਾ ਕਰਨਾ, ਘੱਟੋ ਘੱਟ ਸਹਾੲਿਕ ਮੁੱਲ ਉਪਰ ਬੋਨਸ ਬੰਦ ਕਰਨਾ ਤੇ  ਐਫ.ਸੀ.ਆਈ. ਨੂੰ ਖ਼ਤਮ ਕਰਨਾ ਹੈ।
ਸ੍ਰੀ ਯਾਦਵ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀਅਾਂ ਸਰਕਾਰਾਂ ਪੁਰਾਣੇ ਨਿਯਮਾਂ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਧੋਖਾ ਕਰ ਰਹੀਅਾਂ ਹਨ। ਕੇਂਦਰ ਦੀ ਮੋਦੀ ਸਰਕਾਰ ਵੀ ਨੈਸ਼ਨਲ ਹਾਈਵੇਅ ਅਥਾਰਟੀ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਨਵੇਂ ਕਾਨੂੰਨ ਦੀ ਥਾਂ ਪੁਰਾਣੇ ਕਾਨੂੰਨ ਰਾਹੀਂ ਹੜੱਪ ਰਹੀ ਹੈ। ਉਨ੍ਹਾਂ ਦੱਸਿਅਾ ਕਿ ਇਸ ਅੰਦੋਲਨ ਦੀਆਂ ਚਾਰ ਮੰਗਾਂ ਹਨ: ਭੂਮੀ ਗ੍ਰਹਿਣ ਬਿੱਲ ਵਾਪਸ ਲਿਆ ਜਾਵੇ, ਕਿਸਾਨ ਦੀ ਆਮਦਨੀ ਦੀ ਗਾਰੰਟੀ ਦਿੱਤੀ ਜਾਵੇ, ਕਿਸਾਨ ਦੀ ਫਸਲ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਥੇ-ਜਿਥੇ ਦੇਸ਼ ’ਚ ਜਮੀਨ ਬਚੀ ਹੋਈ ਹੈ ਉਥੇ ਭੂਮੀਹੀਣ ਕਿਸਾਨਾਂ ਨੂੰ ਦੋ ਦੋ ਏਕੜ ਜ਼ਮੀਨ ਦਿੱਤੀ ਜਾਵੇ। ੳੁਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਸਾਹਮਣੇ ਸਥਿਤ ਰੇਸ ਕੋਰਸ ਦੀ ਜ਼ਮੀਨ ’ਤੇ ਖੁਦਕੁਸ਼ੀਅਾਂ ਕਰਨ ਵਾਲੇ ਕਿਸਾਨਾਂ ਦੀ ਯਾਦ ਵਿਚ ਯਾਦਗਾਰ ਦਾ ਨਿਰਮਾਣ ਕੀਤਾ ਜਾਵੇ।
ਨੈਸ਼ਨਲ ਅਲਾਇੰਸ ਫ਼ਾਰ ਪੀਪਲਜ਼ ਮੂਵਮੈਂਟ ਦੇ ਆਗੂ ਡਾ. ਸੁਨੀਲਮ ਸਾਬਕਾ ਵਿਧਾਇਕ ਮੱਧ ਪ੍ਰਦੇਸ਼ ਨੇ ਕਿਹਾ ਕਿ ਦੇਸ਼ ਦੇ 76 ਕਿਸਾਨ ਸੰਗਠਨਾਂ ਵੱਲੋਂ ਇਸ ਅੰਦੋਲਨ ਨੂੰ ਸਮਰਥਨ ਦਿੱਤਾ ਗਿਆ ਹੈ। ਸਵਰਾਜ ਲਹਿਰ ਦੀ ਟੀਮ ਵੱਲੋਂ ਨਸ਼ਾ ਵਿਰੋਧੀ ਅਤੇ ਜ਼ਮੀਨ ਪ੍ਰਾਪਤੀ ਬਿੱਲ ਵਿਰੋਧੀ ਨਾਟਕ, ਕੋਰਿਓਗ੍ਰਾਫ਼ੀ ਪੇਸ਼ ਕੀਤੀਅਾਂ ਗਈਅਾਂ। ਇਸ ਮੌਕੇ ਰਾਸ਼ਟਰੀ ਕਨਵੀਨਰ ਪ੍ਰੋ. ਆਨੰਦ ਕੁਮਾਰ, ਸੰਵਿਧਾਨ ਮੋਰਚਾ ਦੇ ਪ੍ਰਧਾਨ ਬਿਗ੍ਰੇਡੀਅਰ ਸਾਵੰਤ ਸਾਬਕਾ ਐਮ.ਪੀ., ਅਵੀਕ ਸਾਹਾ ਪੱਛਮੀ ਬੰਗਾਲ, ਮਹਿਮੂਦ ਅੰਸਾਰੀ ਅਸਾਮ, ਪਰਮਜੀਤ ਸਿੰਘ ਹਰਿਆਣਾ, ਆਈ.ਡੀ. ਖਜੂਰੀਆ ਜੰਮੂ-ਕਸ਼ਮੀਰ, ਸੰਜੇ ਭੱਟ ਉਤਰਾਖੰਡ ਤੋਂ ਇਲਾਵਾ ਪੰਜਾਬ ਦੇ ਕਨਵੀਨਰ ਪ੍ਰੋ. ਮਨਜੀਤ ਸਿੰਘ, ਕੋ-ਕਨਵੀਨਰ ਤਰਸੇਮ ਜੋਧਾਂ ਤੋਂ ਇਲਾਵਾ ਸਥਾਨਕ ਆਗੂ ਵੀ ਸ਼ਾਮਲ ਸਨ।
ਸ੍ਰੀ ਯਾਦਵ ਨੇ ਕਿਹਾ ਕਿ ਸਵਰਾਜ ਅਭਿਆਨ ਫਿਲਹਾਲ ਕੋਈ ਸਿਆਸੀ ਪਾਰਟੀ ਨਹੀਂ ਹੈ, ਪਰ ਅਗਲੇ ਕੁਝ ਦਿਨਾਂ ਵਿੱਚ ਸਿਆਸੀ ਪਾਰਟੀ ਬਣਾਉਣ ਉਪਰੰਤ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ।
ਮਾਰਚ ਰਵਾਨਾ ਕਰਨ ਤੋਂ ਪਹਿਲਾਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪਿੰਡਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲਿਆਂਦੇ ਮਿੱਟੀ ਦੇ ਕੁੱਜੇ (ਕਲਸ) ਦਿੱਲੀ ਲਿਜਾਣ ਲਈ ਇਕੱਤਰ ਕੀਤੇ ਗਏ। ਟਰੈਕਟਰ ਮਾਰਚ ਨੂੰ ਦੁਪਹਿਰ ਡੇਢ ਵਜੇ ਠੀਕਰੀਵਾਲ ਤੋਂ ਅੱਗੇ ਤੋਰਿਆ, ਜੋ ਪਿੰਡ ਸੰਘੇੜਾ, ਸੇਖਾ, ਰੰਗੀਆਂ, ਸੁਲਤਾਨਪੁਰ, ਰਣੀਕੇ, ਬੁਗਰਾ, ਕੱਕੜ ਵਾਲ ਤੇ ਧੂਰੀ ਵਿੱਚੋਂ ਹੁੰਦਾ ਹੋਇਆ ਜ਼ਿਲ੍ਹਾ ਸੰਗਰੂਰ ਦੇ ਪਿੰਡ ਭਲਵਾਨ ਵਿੱਚ ਅੱਜ ਦਾ ਪੜਾਅ ਖ਼ਤਮ ਕਰਕੇ ਦੂਸਰੇ ਦਿਨ ਵਾਇਆ ਨਾਭਾ, ਪਟਿਆਲਾ ਹੋ ਕੇ ਅੱਗੇ ਹਰਿਆਣਾ ਵੱਲ ਨੂੰ ਵਧੇਗਾ। 10 ਅਗਸਤ ਨੂੰ ਇਹ ਮਾਰਚ ਦਿੱਲੀ ਵਿਖੇ ਸਮਾਪਤ ਹੋਵੇਗਾ।

Facebook Comment
Project by : XtremeStudioz