Close
Menu

ਸਵਰਾਜ ਦੀ ਚੀਨੀ ਹਮਰੁਤਬਾ ਨਾਲ ਮੁਲਾਕਾਤ ਅਗਲੇ ਹਫ਼ਤੇ

-- 21 February,2019

ਪੇਈਚਿੰਗ, 21 ਫਰਵਰੀ
ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੁਆਰਾ ਕੌਮਾਂਤਰੀ ਅਤਿਵਾਦੀ ਐਲਾਨਣ ਦੇ ਭਾਰਤ ਤੇ ਹੋਰ ਦੇਸ਼ਾਂ ਦੇ ਯਤਨਾਂ ਵਿਚ ਚੀਨ ਵੱਲੋਂ ਲਗਾਤਾਰ ਅੜਿੱਕਾ ਪਾਉਣ ਦਰਮਿਆਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਗਲੇ ਹਫ਼ਤੇ ਰੂਸ-ਭਾਰਤ-ਚੀਨ ਵਿਦੇਸ਼ ਮੰਤਰੀ ਸੰਮੇਲਨ ਮੌਕੇ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਸੇ ਨਾਲ ਮੁਲਾਕਾਤ ਕਰਨਗੇ।
ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਇਹ ਮੁਲਾਕਾਤ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਚੀਨ ਨੇ ਹਾਲਾਂਕਿ ਪੁਲਵਾਮਾ ਹਮਲੇ ’ਤੇ ਅਫ਼ੋਸਸ ਪ੍ਰਗਟ ਕੀਤਾ ਸੀ, ਪਰ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਦੀ ਸੂਚੀ ਵਿਚ ਕੌਮਾਂਤਰੀ ਅਤਿਵਾਦੀ ਐਲਾਨਣ ਦੇ ਕਦਮਾਂ ਦਾ ਵਿਰੋਧ ਕਰਨ ਦਾ ਰੁਖ਼ ਦੁਹਰਾਇਆ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਰੂਸ-ਭਾਰਤ-ਚੀਨ ਦੇ ਵਿਦੇਸ਼ ਮੰਤਰੀਆਂ ਦੀ ਇਹ 16ਵੀਂ ਬੈਠਕ 27 ਫਰਵਰੀ ਨੂੰ ਚੀਨ ਦੇ ਪੂਰਬੀ ਝੇਜਿਯਾਂਗ ਸੂਬੇ ਦੇ ਵੁਝੇਨ ਸ਼ਹਿਰ ਵਿਚ ਹੋਵੇਗੀ।
ਗੇਂਗ ਨੇ ਕਿਹਾ ਕਿ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਸਹਿਮਤੀ ਵਾਲੇ ਮੁੱਦਿਆਂ ’ਤੇ ਜ਼ੋਰ ਦਿੱਤਾ ਜਾਵੇਗਾ ਤੇ ਸਾਂਝੇ ਹਿੱਤਾਂ ਦੇ ਵੱਡੇ ਆਲਮੀ, ਖੇਤਰੀ ਮੁੱਦਿਆਂ ਤੇ ਤਿੰਨਾਂ ਧਿਰਾਂ ਦਰਮਿਆਨ ਸਹਿਯੋਗ ਵਧਾਉਣ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਦੇ ਸਕਾਰਾਤਮਕ ਨਤੀਜੇ ਨਿਕਲਣ ਦੀ ਪੂਰੀ ਆਸ ਹੈ। ਰੂਸ ਵੱਲੋਂ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਵੀ ਹਿੱਸਾ ਲੈਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੂੰ ਆਸ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਅਜ਼ਹਰ ਮਾਮਲੇ ’ਤੇ ਇਸ ਮੌਕੇ ਵਿਸਤਾਰ ਵਿਚ ਚਰਚਾ ਹੋ ਸਕੇਗੀ। ਪਾਕਿਸਤਾਨ ਦੇ ਮਿੱਤਰ ਚੀਨ ਨੇ 2016 ਤੋਂ ਹੀ ਤਕਨੀਕੀ ਅਧਾਰ ’ਤੇ ਮਸੂਦ ਅਜ਼ਹਰ ਨੂੰ ਆਲਮੀ ਅਤਿਵਾਦੀ ਐਲਾਨਣ ਖ਼ਿਲਾਫ਼ ਵਿਰੋਧੀ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ।

Facebook Comment
Project by : XtremeStudioz