Close
Menu

ਸਹੇਲੀਆਂ ਵਿੰਚੀ ਤੇ ਪਨੈਟਾ ਕੁਆਰਟਰ ਫਾਈਨਲ ’ਚ ਹੋਣਗੀਆਂ ਆਹਮੋ-ਸਾਹਮਣੇ

-- 04 September,2013

Pennetta of Italy celebrates her win over Halep of Romania at the U.S. Open tennis championships in New York

ਨਿਊਯਾਰਕ, 4 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੱਕੀਆਂ ਸਹੇਲੀਆਂ ਰਾਬਰਟ ਵਿੰਚੀ ਅਤੇ ਫਲਾਵਿਆ ਪਨੈਟਾ ਤੋਂ ਇਲਾਵਾ ਡੇਨਿਅਲਾ ਹੰਤੂਚੋਵਾ ਨੇ ਯੂਐਸ ਓਪਨ ਟੈਨਿਸ ਦੇ ਮਹਿਲਾਵਾਂ ਦੇ ਕੁਆਰਟਰ ਫਾਈਨਲਜ਼ ਵਿਚ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ 30 ਸਾਲ ਤੋਂ ਜ਼ਿਆਦਾ ਉਮਰ ਦੀਆਂ ਪੰਜ ਖਿਡਾਰਨਾਂ ਆਖਰੀ ਅੱਠਾਂ ਵਿਚ ਪਹੁੰਚ ਗਈਆਂ ਹਨ।
ਦਸਵਾਂ ਦਰਜਾ ਪ੍ਰਾਪਤ ਇਟਲੀ ਦੀ ਵਿੰਚੀ ਕੱਲ੍ਹ ਹਮਤਵਨ ਕੈਮਿਲਾ ਨੂੰ 6-4, 6-2 ਨਾਲ ਹਰਾ ਕੇ ਲਗਾਤਾਰ ਦੂਜੇ ਸਾਲ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪਹੁੰਚੀ ਹੈ। ਵਿਸ਼ਵ ਦਰਜਾਬੰਦੀ ਵਿਚ 83ਵੇਂ ਸਥਾਨ ਦੀ ਖਿਡਾਰਨ ਇਟਲੀ ਦੀ ਪਨੈਟਾ ਨੇ ਰੋਮਾਨੀਆ ਦੀ 21ਵਾਂ ਦਰਜਾ ਪ੍ਰਾਪਤ ਸਿਮੋਨਾ ਗਲੈਪ ਨੂੰ 6-2, 7-6, 7-3 ਨਾਲ ਮਾਤ ਦੇ ਕੇ ਚੌਥੀ ਵਾਰ ਆਖਰੀ ਅੱਠਾਂ ਵਿਚ ਜਗ੍ਹਾ ਪੱਕੀ ਕੀਤੀ ਹੈ। ਹੁਣ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਉਸ ਨੂੰ ਬਚਪਨ ਦੀ ਸਹੇਲੀ ਵਿੰਚੀ ਨੂੰ ਹਰਾਉਣਾ ਪਵੇਗਾ।
ਸਲੋਵਾਕੀਆ ਦੀ ਹੰਤੂਚੋਵਾ ਨੇ 2002 ਵਿਚ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਇਸ ਵਾਰ ਉਸ ਨੇ ਅਮਰੀਕਾ ਦੀ ਵਾਈਲਡ ਕਾਰਡਧਾਰੀ ਐਲੀਸਨ ਰਿਸਕੇ ਨੂੰ 6-3, 5-7, 6-2 ਨਾਲ ਮਾਤ ਦੇ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਹੈ।
ਦੱਸਣਯੋਗ ਹੈ ਕਿ ਪਨੈਟਾ ਅਤੇ ਵਿੰਚੀ ਵਿਚਕਾਰ ਕਰੀਅਰ ਰਿਕਾਰਡ 4-4 ਨਾਲ ਬਰਾਬਰ ਹੈ। ਪੇਨੇਟਾ ਨੇ ਕਿਹਾ, ‘ਵਿੰਚੀ ਅਤੇ ਮੈਂ ਚਾਰ ਸਾਲ ਤਕ ਇਕੱਠੀਆਂ ਰਹੀਆਂ ਸਾਂ। ਅਸੀਂ ਭੈਣਾਂ ਵਾਂਗ ਹਾਂ। ਮੈਨੂੰ ਲੱਗਦਾ ਹੈ ਕਿ ਇਹ ਸਾਡੇ ਦੋਹਾਂ ਲਈ ਕਠਿਨ ਮੈਚ ਹੋਵੇਗਾ। ਮੈਂ ਉਸ ਨੂੰ ਵੀਹ ਸਾਲ ਤੋਂ ਵੱਧ ਸਮੇਂ ਤੋਂ ਜਾਣਦੀ ਹਾਂ।’’ 30 ਸਾਲਾ ਹੰਤੂਚੋਵਾ ਹੁਣ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਲਈ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਵਿਕਟੋਰੀਆ ਅਜ਼ਾਰੇਂਕਾ ਅਤੇ ਸਰਬੀਆ ਦੀ ਅੰਨਾ ਇਵਾਨੋਵਿਚ ਵਿਚਕਾਰ ਹੋਣ ਵਾਲੇ ਮੈਚ ਦੀ ਜੇਤੂ ਨਾਲ ਭਿੜੇਗੀ। ਮੀਂਹ ਕਾਰਨ ਇਹ ਮੈਚ ਅੱਗੇ ਪਾਇਆ ਗਿਆ ਹੈ। ਦੱਸਣਯੋਗ ਹੈ ਕਿ ਮੀਂਹ ਕਾਰਨ 30 ਤੋਂ ਜ਼ਿਆਦਾ ਮੈਚ ਮੁਲਤਵੀ ਕਰਨੇ ਪਏ ਹਨ।
ਕੁਆਰਟਰ ਫਾਈਨਲ ਵਿਚ 30 ਸਾਲ ਤੋਂ ਵੱਧ ਉਮਰ ਵਾਲੀਆਂ ਖਿਡਾਰਨਾਂ ਵਿਚ ਵਿੰਚੀ, ਪਨੈਟਾ, ਹੰਤੂਚੋਵਾ, ਸੇਰੇਨਾ ਵਿਲੀਅਮਜ਼ ਅਤੇ ਲੀ ਨਾ ਸ਼ਾਮਲ ਹਨ। 1977 ਵਿਚ ਆਸਟਰੇਲਿਆਈ ਓਪਨ ਦੇ ਆਖਰੀ ਅੱਠਾਂ ਵਿਚ ਪੰਜ ਖਿਡਾਰੀ 30 ਸਾਲ ਤੋਂ ਵੱਧ ਉਮਰ ਦੇ ਸਨ।

Facebook Comment
Project by : XtremeStudioz