Close
Menu

ਸ਼ਾਪਿੰਗ ਮਾਲ ਹਮਲੇ ’ਚ ਮੌਤਾਂ ਦੀ ਗਿਣਤੀ 59 ਹੋਈ

-- 23 September,2013

A woman is escorted after being evacuated as gunmen storm Westgate mall in Nairobi

ਨੈਰੋਬੀ/ਅਬੂਜਾ, 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਵੈਸਟਗੇਟ ਸ਼ਾਪਿੰਗ ਮਾਲ ਅੰਦਰ ਸੋਮਾਲੀ ਇਸਲਾਮਿਕ ਅਤਿਵਾਦੀਆਂ ਵੱਲੋਂ ਕੀਤੇ ਗਏ ਹਮਲੇ ’ਚ ਦੋ ਭਾਰਤੀਆਂ ਸਣੇ 59 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 200 ਦੇ ਕਰੀਬ ਫੱਟੜ ਹੋ ਗਏ ਹਨ। ਫੱਟੜਾਂ ’ਚ ਚਾਰ ਭਾਰਤੀ, ਦੋ ਔਰਤਾਂ ਤੇ ਇਕ ਲੜਕੀ ਸ਼ਾਮਲ ਹਨ। ਭਾਰੀ ਹਥਿਆਰਾਂ ਨਾਲ ਲੈਸ 10 ਤੋਂ 15 ਅਤਿਵਾਦੀਆਂ ਨੇ ਹਾਲੇ ਵੀ 175 ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ। ਹਮਲੇ ਨੂੰ ਅੱਜ ਦੂਜਾ ਦਿਨ ਹੋ ਗਿਆ ਹੈ ਤੇ ਕੀਨੀਆ ਦੀ ਫ਼ੌਜ ਵੱਲੋਂ ਹਾਲੇ ਵੀ ਮਾਲ ਨੂੰ ਘੇਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਕੀਨੀਆ ਦੇ ਗ੍ਰਹਿ ਮੰਤਰੀ ਜੋਸਫ਼ ਓਲੇ ਲੇਂਕੂ ਨੇ ਦੱਸਿਆ ਹੈ ਕਿ ਹਾਲੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਕਿ ਕਿੰਨੇ ਨਾਗਰਿਕ ਮਾਲ ਵਿੱਚ ਫ਼ਸੇ ਹੋਏ ਹਨ। ਫ਼ਸੇ ਹੋਏ ਲੋਕਾਂ ਨੂੰ ਬੰਦੀ ਬਣਾ ਲਿਆ ਗਿਆ ਹੈ ਜਾਂ ਉਹ ਲੁਕੇ ਹੋਏ ਹਨ।

ਦੁਵੱਲੀ ਗੋਲੀਬਾਰੀ ਜਾਰੀ ਹੈ। ਇਕ ਹਜ਼ਾਰ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ। ਇਹ ਹਮਲਾ ਬੀਤੇ ਦਿਨ ਸੋਮਾਲੀਆ ਦੇ ਅਲ-ਕਾਇਦਾ ਨਾਲ ਜੁੜੇ ਅਤਿਵਾਦੀ ਧੜੇ ਅਲ-ਸ਼ਬਾਬ ਨੇ ਕੀਤਾ ਸੀ। ਮਰਨ ਵਾਲੇ ਦੋ ਭਾਰਤੀਆਂ ਵਿੱਚ ਇਕ 8 ਸਾਲਾ ਬੱਚਾ ਪਰਮਾਂਸ਼ੂ ਜੈਨ ਵੀ ਸ਼ਾਮਲ ਹੈ। ਉਹ ਨੈਰੋਬੀ ਵਿਖੇ ਬੈਂਕ ਆਫ਼ ਬੜੌਦਾ ਦੀ ਬਰਾਂਚ ਦੇ ਮੈਨੇਜਰ ਦਾ ਲੜਕਾ ਸੀ। ਦੂਜੇ ਮ੍ਰਿਤਕ ਦੀ ਪਛਾਣ 40 ਸਾਲਾ ਸ੍ਰੀਧਰ ਨਟਰਾਜਨ ਵਜੋਂ ਹੋਈ ਹੈ। ਉਹ ਇਕ ਦਵਾਈਆਂ ਵਾਲੀ ਕੰਪਨੀ ਦਾ ਮੁਲਾਜ਼ਮ ਸੀ। ਫੱਟੜ ਭਾਰਤੀਆਂ ’ਚ ਸ੍ਰੀਧਰ ਦੀ ਪਤਨੀ ਮੰਜੂਲਾ, ਪਰਮਾਂਸ਼ੂ ਜੈਨ ਦੀ ਮਾਂ ਮੁਕਤਾ ਜੈਨ, 12 ਸਾਲਾ ਪੂਰਵੀ ਜੈਨ ਤੇ ਨਟਰਾਜਨ ਰਾਮਚੰਦਰਨ ਸ਼ਾਮਲ ਹਨ। ਹੋਰ ਵਿਦੇਸ਼ੀ ਮ੍ਰਿਤਕਾਂ ਵਿੱਚ ਕੈਨੇਡਾ ਤੇ ਫਰਾਂਸ ਦੇ 2-2 ਨਾਗਰਿਕ ਤੇ ਇਕ ਦੱਖਣੀ ਕੋਰਿਆਈ ਹੈ।
ਗ੍ਰਹਿ ਮੰਤਰੀ ਨੇ ਦੱਸਿਆ ਹੈ ਕਿ ਮਾਲ ਅੰਦਰਲੇ ਲੋਕਾਂ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਹਮਲਾ ਕਰਨ ਵਾਲੀ ਜਥੇਬੰਦੀ ਨੇ ਪਹਿਲਾਂ ਟਵਿੱਟਰ ਰਾਹੀਂ ਜ਼ਿੰਮੇਵਾਰੀ ਲਈ। ਇਸ ਮਗਰੋਂ ਅਲ-ਸ਼ਬਾਬ ਦੇ ਬੁਲਾਰੇ ਅਲੀ ਮੁਹੰਮਦ ਰਾਗੇ ਨੇ ਰੇਡੀਓ ਰਾਹੀਂ ਕਿਹਾ, ‘‘ਕੀਨੀਆ ਦੀ ਫ਼ੌਜ, ਜੋ ਸੋਮਾਲੀਆ ਵਿੱਚ ਕਰ ਰਹੀ ਹੈ, ਇਹ ਹਮਲਾ ਉਸ ਦਾ ਨਤੀਜਾ ਹੈ, ਜਦੋਂ ਤੱਕ ਕੀਨੀਆ  ਸੋਮਾਲੀਆ ਵਿੱਚੋਂ ਆਪਣੀ ਫੌਜ ਵਾਪਸ ਨਹੀਂ ਬੁਲਾਉਂਦਾ, ਉਦੋਂ ਤੱਕ ਸ਼ਾਂਤੀ ਭੁੱਲ ਜਾਓ।’’ ਇਸ ਵੇਲੇ ਦੱਖਣੀ ਸੋਮਾਲੀਆ ਵਿੱਚ ਕੀਨੀਆ ਦੇ 4 ਹਜ਼ਾਰ ਫ਼ੌਜੀ, ਇਸਲਾਮੀ ਅਤਿਵਾਦੀਆਂ ਨਾਲ ਲੜ ਰਹੇ ਹਨ। ਇਸੇ ਦੌਰਾਨ ਕੀਨੀਆ ਦੇ ਰਾਸ਼ਟਰਪਤੀ ਊਹੁਰੂ ਕੀਨੀਅੱਟਾ ਨੇ ਕੌਮ ਦੇ ਨਾਂ ਸੰਦੇਸ਼ ਵਿੱਚ ਕਿਹਾ ਹੈ, ‘‘ਇਸ ਹਮਲੇ ਦਾ ਮੈਨੂੰ ਬੇਹੱਦ ਦੁੱਖ ਹੈ। ਅਤਿਵਾਦੀਆਂ ਦੇ ਹਮਲੇ ਵਿੱਚ ਮੇਰੇ ਪਰਿਵਾਰ ਦੇ ਜੀਆਂ ਦੀ ਵੀ ਮੌਤ ਹੋਈ ਹੈ।’

Facebook Comment
Project by : XtremeStudioz