Close
Menu

ਸ਼ੋਪੀਆਂ ਮੁਕਾਬਲੇ ’ਚ ਚਾਰ ਦਹਿਸ਼ਤਗਰਦ ਹਲਾਕ

-- 29 March,2019

ਸ੍ਰੀਨਗਰ, 29 ਮਾਰਚ
ਜੰਮੁੂ ਕਸ਼ਮੀਰ ਦੇ ਕੁਪਵਾੜਾ ਅਤੇ ਸ਼ੋਪੀਆਂ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲਿਆਂ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ।
ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸ਼ੋਪੀਆਂ ਦੇ ਜੰਗਲਾਂ ਵਿੱਚ ਅਤਿਵਾਦੀ ਹਨ। ਇਸ ’ਤੇ ਸੁਰੱਖਿਆ ਬਲਾਂ ਨੇ ਸ਼ੋਪੀਆਂ ਦੇ ਯਾਵਰਾਂ ਜੰਗਲਾਂ ਵਿੱਚ ਦਹਿਸ਼ਤਗਰਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਦੌਰਾਨ ਹੋਏ ਮੁਕਾਬਲੇ ਵਿੱਚ ਤਿੰਨ ਅਤਿਵਾਦੀ ਮਾਰੇ ਗਏ।
ਪੁਲੀਸ ਅਨੁਸਾਰ ਮਾਰੇ ਗਏ ਦਹਿਸ਼ਤਗਰਦਾਂ ਦੀ ਪਛਾਣ ਸਜਾਦ ਖਾਂਡੇ, ਅਕੀਬ ਅਹਿਮਦ ਡਾਰ ਅਤੇ ਬਸ਼ਾਰਤ ਅਹਿਮਦ ਮੀਰ ਵਜੋਂ ਹੋਈ ਹੈ। ਇਹ ਸਾਰੇ ਪੁਲਵਾਮਾ ਦੇ ਵਸਨੀਕ ਸਨ। ਪੁਲੀਸ ਰਿਕਾਰਡ ਅਨੁਸਾਰ ਇਹ ਦਹਿਸ਼ਤੀ ਜਥੇਬੰਦੀਆਂ ਹਿਜ਼ਬੁਲ ਮਜਾਹਿਦੀਨ ਅਤੇ ਲਸ਼ਕਰ ਏ ਤਇਬਾ ਦਾ ਸਾਂਝਾ ਗਰੁੱਪ ਸੀ। ਇਹ ਸਾਰੇ ਕਈ ਅਤਿਵਾਦੀ ਘਟਨਾਵਾਂ ਵਿੱਚ ਲੋੜੀਂਦੇ ਸਨ। ਡਾਰ ਇਲਾਕੇ ਵਿੱਚ ਦਹਿਸ਼ਤੀ ਕਾਰਵਾਈਆਂ ਦੀ ਸਾਜਿਸ਼ ਰਚਣ ਅਤੇ ਕਈ ਅਤਿਵਾਦੀ ਹਮਲਿਆਂ ਵਿੱਚ ਸ਼ਾਮਲ ਸੀ। ਉਸ ਖਿਲਾਫ਼ ਕਈ ਕੇਸ ਦਰਜ ਹਨ। ਇਸੇ ਤਰ੍ਹਾਂ ਖਾਂਡੇ ਅਤੇ ਮੀਰ ਵੀ ਕਈ ਦਹਿਸ਼ਤੀ ਹਮਲਿਆਂ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਖਿਲਾਫ਼ ਕਈ ਦਹਿਸ਼ਤੀ ਅਪਰਾਧਾਂ ਦੇ ਕੇਸ ਦਰਜ ਹਨ। ਮੁਕਾਬਲੇ ਵਾਲੀ ਥਾਂ ਤੋਂ ਪੁਲੀਸ ਨੂੰ ਤਿੰਨ ਏ ਕੇ ਰਾਈਫਲਾਂ ਅਤੇ ਦਹਿਸ਼ਤ ਫੈਲਾਉਣ ਵਾਲਾ ਸਾਮਾਨ ਮਿਲਿਆ ਹੈ।
ਇਸੇ ਤਰ੍ਹਾਂ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ਵਿੱਚ ਹੋਏ ਇਕ ਹੋਰ ਮੁਕਾਬਲੇ ਵਿੱਚ ਅਣਪਛਾਤਾ ਦਹਿਸ਼ਤਗਰਦ ਮਾਰਿਆ ਗਿਆ। ਘਟਨਾ ਸਥਾਨ ਤੋਂ ਕੁਝ ਹਥਿਆਰ ਅਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਇਲਾਕੇ ’ਚ ਅਤਿਵਾਦੀਆਂ ਨੇ ਮਨਜ਼ੂਰ ਅਹਿਮਦ ਹਜਾਮ ਨਾਂ ਦੇ ਆਮ ਨਾਗਰਿਕ ਨੂੰ ਗੋਲੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Facebook Comment
Project by : XtremeStudioz