Close
Menu

ਸਾਂਝੇ ਮੋਰਚੇ ਵਲੋਂ ਮਿਲ ਕੇ ਲੋਕ ਸਭਾ ਚੋਣਾਂ ਲੜਣ ਦਾ ਫੈਸਲਾ

-- 17 November,2013

barnala-badal copyਚੰਡੀਗੜ੍ਹ,17 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਸਾਂਝੇ ਮੋਰਚੇ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਤੇ ਕਾਂਗਰਸ ਦੇ ਖਿਲਾਫ ਇਕਜੁੱਟ ਹੋ ਕੇ ਚੋਣਾਂ ਲੜਣ ਦਾ ਫੈਸਲਾ ਕੀਤਾ ਹੈ। ਸ਼ਨੀਵਾਰ ਨੂੰ ਪੀਪਲਜ਼ ਪਾਰਟੀ ਪੰਜਾਬ, ਸੀ.ਪੀ.ਆਈ, ਸੀ.ਪੀ.ਆਈ (ਐਮ), ਅਕਾਲੀ ਦਲ (ਲੌਂਗੋਵਾਲ) ‘ਤੇ ਆਧਾਰਤ ਸਾਂਝੇ ਮੋਰਚੇ ਵੱਲੋਂ ਕੀਤੀ ਗਈ ਮੀਟਿੰਗ ‘ਚ ਇਹ ਵੀ ਫੈਸਲਾ ਕੀਤਾ ਕਿ ਸਾਂਝੇ ਮੋਰਚੇ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਅਤੇ ਸਰਪ੍ਰਸਤ ਸੁਰਜੀਤ ਸਿੰਘ ਬਰਨਾਲਾ ਹੀ ਰਹਿਣਗੇ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੀਟਿੰਗ ਵਿਚ ਸੁਰਜੀਤ ਸਿੰਘ ਬਰਨਾਲਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਬਾਰੇ ਵੀ ਗੱਲਬਾਤ ਹੋਈ। ਇਸ ਦੌਰਾਨ ਸ੍ਰੀ ਬਰਨਾਲਾ ਨੇ ਮੀਟਿੰਗ ਵਿਚ ਆਪਣੇ ਸਹਿਯੋਗੀ ਦਲਾਂ ਦੇ ਨੇਤਾਵਾਂ ਨੂੰ ਸਪਸ਼ਟ  ਕੀਤਾ ਕਿ ਉਨ੍ਹਾਂ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਬੇਬੁਨਿਆਦ ਅਤੇ ਗੁੰਮਰਾਹ ਹਨ। ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਅਕਾਲੀ ਦਲ ਜਾਣ ਬਾਰੇ ਕਿਸੇ ਨਾਲ ਵੀ ਕੋਈ ਵੀ ਮੀਟਿੰਗ ਨਹੀਂ ਹੋਈ।
ਮੀਟਿੰਗ ਵਿਚ ਵਿਚਾਰੇ ਗਏ ਮੁੱਦਿਆਂ ਦੇ ਸਬੰਧ ਵਿਚ ਜਦੋਂ ਸਾਂਝੇ ਮੋਰਚੇ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੀਟਿੰਗ ‘ਚ ਪੰਜਾਬ ਦੀ ਅਜੋਕੀ ਰਾਜਨੀਤਕ ਸਥਿਤੀ ਉਪਰ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਸਾਂਝੇ ਮੋਰਚੇ ਦੇ ਸਰਪ੍ਰਸਤ ਸੁਰਜੀਤ ਸਿੰਘ ਬਰਨਾਲਾ ਸਾਬਕਾ ਗਵਰਨਰ ਦੀ ਪ੍ਰਧਾਨਗੀ ਹੇਠ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ  ਮੀਟਿੰਗ ‘ਚ ਪੀ.ਪੀ.ਪੀ. ਵੱਲੋਂ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਭੱਟੀ, ਕੁਲਦੀਪ ਸਿੰਘ ਢੋਸ, ਅਭੈ ਸੰਧੂ, ਸੀ.ਪੀ.ਆਈ. ਵੱਲੋਂ ਭੂਪਿੰਦਰ ਸਾਂਬਰ, ਗੁਰਨਾਮ ਕੰਵਰ, ਸੀ.ਪੀ.ਆਈ.(ਐਮ) ਵੱਲੋਂ ਕਾਮਰੇਡ ਚਰਨ ਸਿੰਘ ਵਿਰਦੀ, ਕਾਮਰੇਡ ਵਿਜੇ ਮਿਸਰਾ, ਲੌਂਗੋਵਾਲ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਬਰਨਾਲਾ, ਬਲਦੇਵ ਸਿੰਘ ਮਾਨ ਤੇ ਗਗਨਜੀਤ ਬਰਨਾਲਾ ਸ਼ਾਮਲ ਹੋਏ।
ਮੀਟਿੰਗ ‘ਚ ਸ਼ਾਮਲਾਤ ਜ਼ਮੀਨਾਂ ਨੂੰ ਵਾਪਸ ਕਰਾਉਣ ਲਈ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਾ ਲਾਗੂ ਕਰਨ ‘ਤੇ ਬਾਦਲ ਸਰਕਾਰ ਦੀ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਸ਼ਾਮਲਾਤਾਂ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ ਅਤੇ ਨਾਲ ਹੀ ਜਸਟਿਸ ਕੁਲਦੀਪ ਸਿੰਘ ਵੱਲੋਂ ਚੰਡੀਗੜ੍ਹ ਦੇ ਆਲੇ-ਦੁਆਲੇ ਮੰਤਰੀਆਂ, ਵੱਡੇ ਅਫਸਰਾਂ ਤੇ ਅਸਰ-ਰਸੂਖ ਵਾਲੇ ਵਿਅਕਤੀਆਂ ਵੱਲੋਂ ਖਰੀਦੀਆਂ ਜ਼ਮੀਨਾਂ ‘ਚ ਕੀਤੀਆਂ ਬੇਨਿਯਮੀਆਂ ਦੇ ਆਧਾਰ ਉਤੇ ਸੌਦੇ ਰੱਦ ਕੀਤੇ ਜਾਣ। ਇਸ ਦੌਰਾਨ ਪ੍ਰਾਪਰਟੀ ਟੈਕਸ ਲਾਏ ਜਾਣ ਦੀ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਇਸਨੂੰ ਵਾਪਸ ਲਿਆ ਜਾਵੇ। ਇਹ ਵੀ ਤੈਅ ਕੀਤਾ ਕਿ ਸਾਂਝੇ ਮੋਰਚੇ ਵੱਲੋਂ ਇਸ ਵਿਰੁਧ ਆਵਾਜ਼ ਉਠਾਈ ਜਾਵੇ। ਸਾਂਝੇ ਮੋਰਚੇ ਨੇ ਦੇਸ਼ ‘ਚ ਫੈਲ ਰਹੀ ਫਿਰਕਾਪ੍ਰਸਤੀ ਵਿਰੁਧ ਡੂੰਘੀ ਚਿੰਤਾ ਪ੍ਰਗਟ ਕੀਤੀ।

Facebook Comment
Project by : XtremeStudioz