Close
Menu

ਸਾਊਦੀ ਸ਼ਹਿਜ਼ਾਦੇ ਵੱਲੋਂ 2100 ਪਾਕਿਸਤਾਨੀ ਕੈਦੀਆਂ ਦੀ ਰਿਹਾਈ ਦੇ ਹੁਕਮ

-- 19 February,2019

ਇਸਲਾਮਾਬਾਦ, 19 ਫਰਵਰੀ
ਦੋ ਰੋਜ਼ਾ ਦੌਰੇ ਤਹਿਤ ਪਾਕਿਸਤਾਨ ਆਏ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਸਾਊਦੀ ਅਰਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ 2100 ਦੇ ਕਰੀਬ ਪਾਕਿਸਤਾਨੀ ਕੈਦੀਆਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਇਹ ਦਾਅਵਾ ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਅੱਜ ਕੀਤਾ ਹੈ। ਸ਼ਹਿਜ਼ਾਦਾ ਮੁਹੰਮਦ ਏਸ਼ੀਆ ਦੇ ਆਪਣੇ ਦੌਰੇ ਤਹਿਤ ਐਤਵਾਰ ਨੂੰ ਪਾਕਿਸਤਾਨ ਪੁੱਜੇ ਸਨ। ਇਹ ਦੌਰਾ, ਜਿਸ ਵਿੱਚ ਚੀਨ ਦੀ ਫੇਰੀ ਵੀ ਸ਼ਾਮਲ ਹੈ, ਨੂੰ ਸਾਊਦੀ ਮੂਲ ਦੇ ਅਮਰੀਕੀ ਪੱਤਰਕਾਰ ਜਮਾਲ ਖ਼ਸ਼ੋਗੀ ਦੀ ਹੱਤਿਆ ਮਗਰੋਂ ਮੁਲਕ ਦੀ ਸਾਖ਼ ਦੇ ਪੁਨਰ ਨਿਰਮਾਣ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ। ਸਾਊਦੀ ਅਰਬ ਨੇ ਲੰਘੇ ਦਿਨ ਪਾਕਿਸਤਾਨ ਵਿੱਚ 20 ਅਰਬ ਡਾਲਰ ਦੇ ਨਿਵੇਸ਼ ਸਬੰਧੀ ਕਰਾਰਾਂ ’ਤੇ ਸਹੀ ਪਾਈ ਸੀ। ਮੁਲਕ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਇਕ ਟਵੀਟ ਵਿੱਚ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਗੁਜ਼ਾਰਿਸ਼ ’ਤੇ ਸਾਊਦੀ ਸ਼ਹਿਜ਼ਾਦੇ ਨੇ 2107 ਪਾਕਿਸਤਾਨੀ ਕੈਦੀਆਂ ਦੀ ਫ਼ੌਰੀ ਰਿਹਾਈ ਦੇ ਹੁਕਮ ਕਰ ਦਿੱਤੇ ਹਨ। ਪਾਕਿਸਤਾਨ ਲਈ ਮੱਧ ਪੂਰਬੀ ਮੁਲਕਾਂ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਹਜ਼ਾਰਾਂ ਪਾਕਿਸਤਾਨੀ ਕਾਮਿਆਂ ਦਾ ਮੁੱਦਾ ਕਾਫ਼ੀ ਸੰਵੇਦਨਸ਼ੀਲ ਹੈ। ਇਨ੍ਹਾਂ ਕੈਦੀਆਂ ਬਾਰੇ ਆਮ ਰਾਇ ਹੈ ਕਿ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਗਰੀਬ ਮਜ਼ਦੂਰ ਹਨ, ਜਿਨ੍ਹਾਂ ਕੋਲ ਕਾਨੂੰਨੀ ਚਾਰਾਜੋਈ ਲਈ ਕੋਈ ਬਦਲ ਮੌਜੂਦ ਨਹੀਂ ਹੈ। ਯਾਦ ਰਹੇ ਕਿ ਪਾਕਿਸਤਾਨ ਦੇ ਵੱਡੀ ਗਿਣਤੀ ਨਾਗਰਿਕ ਹਰ ਸਾਲ ਉਸਾਰੀ ਕੰਮਾਂ ਜਾਂ ਘਰੇਲੂ ਕੰਮਕਾਜ ਲਈ ਮੱਧ ਪੂਰਬ ਦੇ ਮੁਲਕਾਂ ਵੱਚ ਜਾਂਦੇ ਹਨ। ਉਧਰ ਸਾਊਦੀ ਅਰਬ ਨੇ ਕੈਦੀਆਂ ਦੀ ਰਿਹਾਈ ਸਬੰਧੀ ਪਾਕਿਸਤਾਨੀ ਐਲਾਨ ਬਾਰੇ ਅਜੇ ਤਕ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।

Facebook Comment
Project by : XtremeStudioz