Close
Menu

ਸਾਰੇ ‘ਚੋਰਾਂ’ ਦੇ ਗੋਤ ਮੋਦੀ ਕਿਵੇਂ ਹੋ ਗਏ: ਰਾਹੁਲ

-- 16 April,2019

ਨਾਂਦੇੜ, 16 ਅਪਰੈਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਸਾਰੇ ‘ਚੋਰਾਂ’ ਦੇ ਗੋਤ ‘ਮੋਦੀ’ ਕਿਵੇਂ ਹੋ ਗਏ। ਉਨ੍ਹਾਂ ਆਪਣੇ ਭਾਸ਼ਨ ਦੌਰਾਨ ਭਗੌੜੇ ਕਾਰੋਬਾਰੀ ਨੀਰਵ ਮੋਦੀ ਅਤੇ ਆਈਪੀਐਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਦੇ ਘੁਟਾਲਿਆਂ ਦਾ ਜ਼ਿਕਰ ਕੀਤਾ। ਨਾਂਦੇੜ ਤੋਂ ਉਮੀਦਵਾਰ ਅਸ਼ੋਕ ਚਵਾਨ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਰਾਫ਼ਾਲ ਜੈੱਟ ਸੌਦੇ ਰਾਹੀਂ ਪ੍ਰਧਾਨ ਮੰਤਰੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਸਨਅਤਕਾਰ ਅਨਿਲ ਅੰਬਾਨੀ ਨੂੰ ਠੇਕਾ ਕਿਵੇਂ ਮਿਲਿਆ ਜਦੋਂ ਕਿ ਉਸ ਕੋਲ ਅਜਿਹੇ ਜੈੱਟ ਬਣਾਉਣ ਦਾ ਕੋਈ ਤਜਰਬਾ ਨਹੀਂ ਹੈ। ਉਨ੍ਹਾਂ ਦੁਹਰਾਇਆ ਕਿ ਮੋਦੀ ਨੇ ਲੋਕਾਂ ਦੇ 30 ਹਜ਼ਾਰ ਕਰੋੜ ਰੁਪਏ ਅੰਬਾਨੀ ਦੀ ਜੇਬ ’ਚ ਪਾ ਦਿੱਤੇ। ਉਨ੍ਹਾਂ ਰਾਫ਼ਾਲ ਸੌਦੇ ਅਤੇ ਹੋਰ ਘੁਟਾਲਿਆਂ ’ਤੇ ਪ੍ਰਧਾਨ ਮੰਤਰੀ ਨੂੰ ਬਹਿਸ ਦੀ ਚੁਣੌਤੀ ਵੀ ਦਿੱਤੀ। ਕਾਂਗਰਸ ਪ੍ਰਧਾਨ ਨੇ ਨਿਆਏ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਪਾਰਟੀ ਦੀ ਸਰਕਾਰ ਬਣਨ ’ਤੇ ਗਰੀਬਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਮਿਲਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹਾ ਕਾਨੂੰਨ ਲਿਆਏਗੀ ਜਿਸ ਨਾਲ ਕਿਸਾਨਾਂ ਨੂੰ ਕਰਜ਼ਾ ਅਦਾ ਨਾ ਕਰਨ ’ਤੇ ਜੇਲ੍ਹ ਨਾ ਜਾਣਾ ਪਏ। ਕਾਂਗਰਸ ਪ੍ਰਧਾਨ ਵੱਲੋਂ ਮੋਦੀ ਗੋਤ ’ਤੇ ਟਿੱਪਣੀ ਕਰਨ ਦੀ ਨਿਖੇਧੀ ਕਰਦਿਆਂ ਭਾਜਪਾ ਦੇ ਰਾਜਸਥਾਨ ਮੁਖੀ ਮਦਨ ਲਾਲ ਸੈਣੀ ਨੇ ਦਾਅਵਾ ਕੀਤਾ ਕਿ ਇਹ ਸਮਾਜ ਦੇ ਖਾਸ ਵਰਗ ਦਾ ਅਪਮਾਨ ਹੈ।

Facebook Comment
Project by : XtremeStudioz