Close
Menu

ਸਿਆਸੀ ਆਗੂਆਂ ਨੇ ਸਿਆਸਤ ਦੇ ਅਕਸ ਨੂੰ ਢਾਅ ਲਾਈ: ਛੋਟੇਪੁਰ

-- 09 June,2015

ਕਾਹਨੂੰਵਾਨ, 9 ਜੂਨ-ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਆਪਣੀ ਪਾਰਟੀ ਦਾ ਆਧਾਰ ਸ਼ਹਿਰਾਂ ਤੋਂ ਬਾਅਦ ਕਸਬਿਆਂ ਅਤੇ ਪਿੰਡਾਂ ਵਿੱਚ ਤਕੜਾ ਕਰਨ ਲਈ ਲੋਕਾਂ ਨਾਲ ਭਰਵੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਇਸ ਪ੍ਰੋਗਰਾਮ ਤਹਿਤ ਆਮ ਆਦਮੀ ਪਾਰਟੀ ਦੀ ਮੀਟਿੰਗ ਕਸਬਾ ਭੈਣੀ ਮੀਆਂ ਖਾਂ ਵਿੱਚ ਸੁੱਚਾ ਸਿੰਘ ਛੋਟੇਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਹਾਜ਼ਰ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚਲੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਲੋਕਾਂ ਨੇ ਪਰਖ ਕੇ ਦੇਖ ਲਿਆ ਹੈ। ਸਿਆਸੀ ਆਗੂ ਪੰਜਾਬ ਵਿੱਚ ਇੱਕੋ ਹੀ ਥਾਲ਼ੀ ਦੇ ਵੱਟੇ ਸਾਬਤ ਹੋਏ ਹਨ। ਉਨ੍ਹਾਂ ਨੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਉੱਪਰ ਵਰਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਸਿਆਸਤ ਨੂੰ ਕਾਰੋਬਾਰ ਦਾ ਰੂਪ ਦੇ ਦਿੱਤਾ ਹੈ ਜਿਸ ਕਾਰਨ ਲੋਕ ਸੇਵਾ ਦੇ ਉੱਚੇ ਅਤੇ ਸੁੱਚੇ ਮੁਹਾਜ਼ ਸਿਆਸਤ ਨੂੰ ਭਾਰੀ ਢਾਹ ਲੱਗੀ ਹੈ। ੳੁਨ੍ਹਾਂ ਕਿਹਾ ਕਿ ਭੌਂ-ਪ੍ਰਾਪਤੀ ਬਿੱਲ ਦੇ ਮੁੱਦੇ ਉੱਤੇ ਅਕਾਲੀ ਦਲ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆਹੈ ਅਤੇ ਨੂੰਹ ਦੀ ਵਜ਼ੀਰੀ ਖ਼ਾਤਰ ਕਿਸਾਨਾਂ ਦੇ ਹਿਤ ਵੇਚ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਮਾਫ਼ੀਆ ਗਰੋਹ ਦੀ ਸਰਕਾਰ ਚੱਲ ਰਹੀ ਹੈ। ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿੱਚ ਸਿਆਸਤ ਦਾ ਵਪਾਰੀਕਰਨ ਕਾਂਗਰਸ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਵਰਗੀਆਂ ਪਾਰਟੀਆਂ ਇਸ ਨੂੰ ਕਾਰਪੋਰੇਟ ਸਿਆਸਤ ਦਾ ਰੂਪ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨੀ ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਦਲ ਦਲ ਵਿੱਚ ਫਸੀ ਹੋਈ ਹੈ। ਦੂਸਰੇ ਪਾਸੇ ਅਕਾਲੀ ਆਗੂਆਂ ਅਤੇ ਵਜ਼ੀਰਾਂ ਦੇ ਲੜਕੇ ਪੀੜ੍ਹੀ ਦਰ ਪੀੜ੍ਹੀ ਆਗੂ ਬਣ ਕੇ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਤੋਂ ਲੋਕਾਂ ਦਾ ਹਰ ਵਰਗ ਦੁਖੀ ਹੈ। ਹੁਣ ਲੋਕ 2017 ਦੀ ਚੋਣ ਦੀ ਉਡੀਕ ਵਿੱਚ ਹਨ ਜਿਸ ਦੌਰਾਨ ਗ਼ਰੀਬਾਂ ਦੇ ਮਸੀਹਾ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੀਆਂ ਚੋਣਾਂ ਵਾਲਾ ਇਤਿਹਾਸ ਪੰਜਾਬ ਵਿੱਚ ਵੀ ਦੁਹਰਾਉਣਗੇ। ਇਕੱਠ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਨਵੀਨਰ ਗੁਰਨਾਮ ਸਿੰਘ ਮੁਸਤਾਬਾਦ, ਭਾਰਤ ਭੂਸ਼ਣ, ਕੁਲਵਿੰਦਰ ਸਿੰਘ ਗੁਨੋਪੁਰ, ਸੂਬੇਦਾਰ ਸੁਖਦੇਵ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਆਯੋਜਕ ਕੁਲਦੀਪ ਸਿੰਘ ਨਾਨੋਵਾਲ, ਰਾਮ ਸਿੰਘ ਮੁਲਾਂਵਾਲ, ਪਰਮਜੀਤ ਸਿੰਘ ਨੂੰਨ, ਜਸਵਿੰਦਰ ਸਿੰਘ ਖ਼ਾਲਸਾ, ਦਲਬੀਰ ਸਿੰਘ, ਦੀਵਾਨ ਸਿੰਘ, ਸੁਰਜੀਤ ਸਿੰਘ ਟਕਾਪੁਰ, ਬਾਬਾ ਜਸਵਿੰਦਰ ਸਿੰਘ, ਮਿਹਰ ਸਿੰਘ ਕਾਹਨੂੰਵਾਨ, ਬਲਦੇਵ ਸਿੰਘ ਸੰਧੂ, ਏਐਸਆਈ ਕਰਮ ਸਿੰਘ, ਬਚਨ ਸਿੰਘ ਨੈਨੇਕੋਟ, ਲਖਬੀਰ ਸਿੰਘ ਭੱਟੀ ਬਾਬਾ ਬਕਾਲਾ ਆਦਿ ਵੀ ਹਾਜ਼ਰ ਸਨ।

Facebook Comment
Project by : XtremeStudioz