Close
Menu

ਸਿਆਸੀ ਕੀਮਤ ਤਾਰਨ ਦੇ ਡਰੋਂ ਜਸ਼ਨ ਮਨਾਉਣ ਤੋਂ ਭੱਜੇ ਵਿਰੋਧੀ: ਭਾਜਪਾ

-- 03 May,2019

ਨਵੀਂ ਦਿੱਲੀ, 3 ਮਈ
ਸੰਯੁਕਤ ਰਾਸ਼ਟਰ ਵੱਲੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਨੂੰ ਭਾਰਤ ਦੀ ਵੱਡੀ ਕੂਟਨੀਤਕ ਜਿੱਤ ਕਰਾਰ ਦਿੰਦਿਆਂ ਭਾਜਪਾ ਨੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਪ੍ਰਾਪਤੀ ਦਾ ਜਸ਼ਨ ਮਨਾਉਣ ਤੋਂ ਇਸ ਲਈ ਝਿਜਕ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਹਦੀ ਸਿਆਸੀ ਕੀਮਤ ਤਾਰਨੀ ਪੈ ਸਕਦੀ ਹੈ।
ਸੀਨੀਅਰ ਭਾਜਪਾ ਆਗੂ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਥੇ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਉਨ੍ਹਾਂ ਯਤਨਾਂ ਵਿੱਚ ਸਫ਼ਲ ਰਹੀ ਹੈ, ਜਿਹੜੇ ਇਸ ਮੁਲਕ ਵੱਲੋਂ ਪਿਛਲੇ ਦਸ ਸਾਲਾਂ ਤੋਂ ਕੀਤੇ ਜਾ ਰਹੇ ਸਨ। ਪਰ ਫ਼ਿਰ ਉਹ (ਵਿਰੋਧੀ ਖੇਮਾ) ਕਹਿੰਦੇ ਹਨ ਕਿ ‘ਇਹ ਤਾਂ ਨਿਗੂਣੀ ਜਿਹੀ ਗੱਲ ਹੈ, ਇਸ ਵਿੱਚ ਇੰਨਾ ਵੱਡਾ ਕੀ ਹੈ।’ ਸ੍ਰੀ ਜੇਤਲੀ ਨੇ ਕਿਹਾ ਕਿ ਕਦੇ ਮੁਲਕ ਵਿੱਚ ਇਹ ਰਵਾਇਤ ਸੀ ਕਿ ਵਿਦੇਸ਼ ਮਾਮਲਿਆਂ ਤੇ ਕੌਮੀ ਸੁਰੱਖਿਆ ਦੇ ਮੁੱਦਿਆਂ ’ਤੇ ਇਕਸੁਰ ਵਿੱਚ ਬੋਲਿਆ ਜਾਂਦਾ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਇਹਦਾ (ਰਵਾਇਤ) ਭੋਗ ਪੈ ਚੁੱਕਾ ਹੈ। ਅਜ਼ਹਰ ਨੂੰ ਕੌਮੀ ਦਹਿਸ਼ਤਗਰਦ ਨਾਮਜ਼ਦ ਕੀਤੇ ਜਾਣ ਨੂੰ ਭਾਰਤ ਲਈ ਵੱਡੀ ਕੂਟਨੀਤਕ ਜਿੱਤ ਕਰਾਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, ‘ਜਦੋਂ ਭਾਰਤ ਜਿੱਤਦਾ ਹੈ, ਭਾਰਤੀਆਂ ਦੀ ਜਿੱਤ ਹੁੰਦੀ ਹੈ, ਪਰ ਵਿਰੋਧੀ ਖੇਮੇ ’ਚ ਕੁਝ ਅਜਿਹੇ ਦੋਸਤ ਹਨ, ਜੋ ਮਹਿਜ਼ ਇਸ ਲਈ ਜਸ਼ਨ ਨਹੀਂ ਮਨਾ ਰਹੇ ਕਿਉਂਕਿ ਉਨ੍ਹਾਂ ਨੂੰ ਇਸ ਲਈ ਸਿਆਸਤੀ ਕੀਮਤ ਤਾਰਨੀ ਪੈ ਸਕਦੀ ਹੈ।’

Facebook Comment
Project by : XtremeStudioz