Close
Menu

ਸਿਆਸੀ ਪਾਰਟੀਆਂ ਕੌਂਸਲ ਚੋਣਾਂ ’ਚ ਜ਼ੋਰ-ਅਜ਼ਮਾਈ ਕਰਨ ਲਈ ਤਿਆਰ

-- 07 February,2015

ਚੰਡੀਗੜ੍ਹ,  ਪੰਜਾਬ ਵਿੱਚ ਮਿਉਂਸਿਪਲ ਕਮੇਟੀਆਂ ਅਤੇ ਨਗਰ ਨਿਗਮ ਚੋਣਾਂ ਹਾਕਮ ਪਾਰਟੀਆਂ ਸਮੇਤ ਸਮੁੱਚੀਆਂ ਰਾਜਸੀ ਧਿਰਾਂ ਲਈ ਜ਼ੋਰ-ਅਜਮਾਈ ਦਾ ਅਖਾੜਾ ਬਣਦੀਆਂ ਜਾ ਰਹੀਆਂ ਹਨ। ਕਾਂਗਰਸ ਵੱਲੋਂ ਜਿੱਥੇ ਆਪਣੇ ਖੁੱਸੇ ਆਧਾਰ ਨੂੰ ਕਾਇਮ ਕਰਨ ਲਈ ਇਨ੍ਹਾਂ ਚੋਣਾਂ ਨੂੰ ਇੱਕ ਸਿਆਸੀ ਮੌਕੇ ਵਜੋਂ ਵੇਖਿਆ ਜਾ ਰਿਹਾ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਮਗਰੋਂ ਵਧੇ ਹੋਏ ਆਧਾਰ ਨੂੰ ਪਰਖਣ ਲਈ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਵੱਕਾਰ ਦਾ ਸਵਾਲ ਬਣਾ ਲਈਆਂ ਹਨ।
ਹਾਕਮ ਪਾਰਟੀਆਂ ਲਈ ਵੱਡੀ ਚੁਣੌਤੀ ਇਹ ਹੈ ਕਿ ਸ਼ਹਿਰਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹਨ। ਸ਼ਹਿਰਾਂ ਵਿੱਚ ਵਾਰਡਾਂ ਦੀ ਵੰਡ ਦੇ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਦੋ ਦਹਾਕੇ ਪੁਰਾਣੇ ਫਾਰਮੂਲੇ ਨੂੰ ਆਧਾਰ ਬਣਾ ਕੇ ਭਾਜਪਾ ਨੂੰ ਸੀਟਾਂ ਛੱਡਣ ਦਾ ਫ਼ੈਸਲਾ ਲਿਆ ਹੈ ਪਰ ਭਾਜਪਾ ਵੱਲੋਂ ‘ਦਿਲ ਮਾਂਗੇ ਮੋਰ’ ਵਾਲੀ ਲੀਹ ’ਤੇ ਚਲਦਿਆਂ ਭਾਈਵਾਲਾਂ ਨਾਲ ਹੀ ਲਕੀਰਾਂ ਖਿੱਚੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਦੇ ਮੁੱਦੇ ’ਤੇ ਦੋਹਾਂ ਪਾਰਟੀਆਂ ਵਿਚਕਾਰ ਕੋਈ ਮੱਤਭੇਦ ਨਾ ਹੋਣ ਦਾ ਦਾਅਵਾ ਕਰ ਰਹੇ ਹਨ ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਚੰਗੇ ਪ੍ਰਦਰਸ਼ਨ ਮਗਰੋਂ ਆਮ ਆਦਮੀ ਪਾਰਟੀ (ਆਪ) ਵੱਲੋਂ ਵੀ ਇਨ੍ਹਾਂ ਚੋਣਾਂ ਵਿੱਚ ਕੁੱਦਣ ਦਾ ਮਨ ਬਣਾਇਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਚੱਲ ਰਹੀ ਖਿੱਚੋਤਾਣ ਕਾਰਨ ਸ਼ਹਿਰਾਂ ਵਿੱਚ ਹਾਲਾਤ ਅਜਿਹੇ ਬਣ ਗਏ ਹਨ ਕਿ ਬਹੁ ਗਿਣਤੀ ਸ਼ਹਿਰਾਂ ਵਿੱਚ ਦੋਹਾਂ ਪਾਰਟੀਆਂ ਨੇ ਸਮੁੱਚੇ ਵਾਰਡਾਂ ’ਤੇ ਆਪੋ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਫ਼ੈਸਲਾ ਲੈ ਲਿਆ ਹੈ। ਦੁਆਬੇ ਦੇ ਕਈ ਸ਼ਹਿਰਾਂ ਵਿੱਚ ਭਾਜਪਾ ਵੱਲੋਂ ਜ਼ਿਆਦਾ ਅਧਾਰ ਹੋਣ ਦਾ ਦਾਅਵਾ ਕੀਤੇ ਜਾਣ ਕਾਰਨ ਵਾਰਡਾਂ ਵਿੱਚ ਜ਼ਿਆਦਾ ਹਿੱਸਾ ਮਿਲ ਜਾਂਦਾ ਸੀ ਪਰ ਮਾਲਵੇ ਵਿੱਚ ਸਥਿਤੀ ਵੱਖਰੀ ਹੈ। ਸੂਬੇ ਦੇ ਇਸ ਖਿੱਤੇ ਨਾਲ ਸਬੰਧਤ ਕਈ ਜ਼ਿਲ੍ਹਿਆਂ ਮੁਹਾਲੀ, ਪਟਿਆਲਾ, ਸੰਗਰੂਰ, ਬਰਨਾਲਾ, ਫ਼ਤਹਿਗੜ੍ਹ ਸਾਹਿਬ, ਮਾਨਸਾ, ਸੰਗਰੂਰ, ਮੋਗਾ, ਫ਼ਰੀਦਕੋਟ ਅਤੇ ਮੁਕਤਸਰ ਵਿੱਚ ਭਾਜਪਾ ਵੱਲੋਂ ਕੋਈ ਵਿਧਾਇਕ ਖੜ੍ਹਾ ਨਹੀਂ ਕੀਤਾ ਜਾਂਦਾ। ਇਸ ਲਈ ਇਸ ਖੇਤਰ ਵਿੱਚ ਭਗਵਾਂ ਪਾਰਟੀ ਦਾ ਅਧਾਰ ਘੱਟ ਮੰਨਿਆ ਜਾਂਦਾ ਹੈ। ਲੋਕ ਸਭਾ ਚੋਣਾਂ ਮਗਰੋਂ ਭਾਜਪਾ ਨੇ ਮਾਲਵਾ ਵਿੱਚ ਪੈਰਾਂ ਸਿਰ ਹੋਣ ਦੇ ਦਾਅਵੇ ਕਰਦਿਆਂ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਜ਼ੋਰ ਅਜਮਾਈ ਕਰਨ ਦਾ ਫ਼ੈਸਲਾ ਲਿਆ ਹੈ। ਪਾਰਟੀ ਦੇ ਬਾਗ਼ੀ ਉਮੀਦਵਾਰਾਂ ਨੂੰ ਸੂਬਾਈ ਲੀਡਰਸ਼ਿਪ ਵੱਲੋਂ ਖੁੱਲ੍ਹਮ ਖੁੱਲ੍ਹੀ ਸ਼ਹਿ ਦਿੱਤੀ ਜਾ ਰਹੀ ਹੈ। ਉਧਰ ਅਕਾਲੀ ਦਲ ਦੇ ਸੂਤਰਾਂ ਅਨੁਸਾਰ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੀ ਦਲ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਭਾਈਵਾਲ ਪਾਰਟੀ ਅੱਗੇ ਲੋੜੋਂ ਵੱਧ ਨਾ ਝੁਕਣ ਦੀਆਂ ਹਦਾਇਤਾਂ ਦਿੱਤੀਆਂ ਹਨ।
ਨਵੀਂ ਦਿੱਲੀ ਵਿਧਾਨ ਸਭਾ ਚੋਣਾਂ ਕਾਰਨ ਦੋਹਾਂ ਪਾਰਟੀਆਂ ਦਰਮਿਆਨ ਚੱਲ ਰਹੀ ਖਿੱਚੋਤਾਣ ਨੂੰ ਇੱਕ ਵਾਰੀ ਬਰੇਕਾਂ ਲੱਗ ਗਈਆਂ ਸਨ ਪਰ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਦਾ ਮਾਹੌਲ ਗਰਮ ਹੁੰਦਿਆਂ ਹੀ ਭਾਜਪਾ ਨੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਦੁਆਬੇ ਤੇ ਮਾਝੇ ਦੇ ਕਈ ਸ਼ਹਿਰਾਂ ਵਿੱਚ ਵੀ ਅਕਾਲੀ, ਭਾਜਪਾਈ ਆਹਮੋ-ਸਾਹਮਣੇ  ਹਨ। ਭਾਜਪਾ ਦੇ ਇੱਕ ਮੰਤਰੀ ਨੇ ਆਪਣਾ ਨਾ ਗੁਪਤ ਰੱਖਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਮਗਰੋਂ ਜਿਸ ਤਰ੍ਹਾਂ ਪਾਰਟੀ ਕੌਮੀ ਪੱਧਰ ’ਤੇ ਮਜਬੂਤ ਹੋ ਕੇ ਉਭਰੀ ਹੈ, ਉਸ ਦਾ ਅਸਰ ਪੰਜਾਬ ਵਿੱਚ ਵੀ ਹੋਇਆ ਹੈ। ਇਸ ਲਈ ਲੋਕ ਸਭਾ ਚੋਣਾਂ ਪਿੱਛੋਂ ਪਹਿਲੀ ਵਾਰ ਪਾਰਟੀ ਦੇ ਵਿਸਥਾਰ ਦਾ ਮੌਕਾ ਮਿਲਿਆ ਹੈ। ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਪਾਰਟੀ ਦੇ ਵਿਸਥਾਰ ਲਈ ਅਹਿਮ ਮੌਕਾ ਹਨ। ਇਸ ਲਈ ਭਾਜਪਾ ਇਹ ਮੌਕਾ ਖੁੰਝਾਉਣਾ ਨਹੀਂ ਚਾਹੁੰਦੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਹੇਠਲੇ ਪੱਧਰ ’ਤੇ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਪੁਰਾਣੇ ਫਾਰਮੂਲੇ ਤਹਿਤ ਉਮੀਦਵਾਰ ਖੜ੍ਹੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਿਉਂਸਿਪਲ ਚੋਣਾਂ ਦਾ ਅਮਲ ਅਜੇ ਸ਼ੁਰੂ ਹੀ ਹੋਇਆ ਹੈ। ਜਿੱਥੇ ਕਿਤੇ ਸਮੱਸਿਆ ਹੈ ਉਸ ਨੂੰ ਹੱਲ ਕਰ ਲਿਆ ਜਾਵੇਗਾ। ਡਾ. ਚੀਮਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਸਬੰਧੀ ਦੋਹਾਂ ਭਾਈਵਾਲ ਪਾਰਟੀਆਂ ਦੇ ਆਗੂਆਂ ਦੀ ਤਾਲਮੇਲ ਕਮੇਟੀ ਵੀ ਬਣਾਈ ਗਈ ਹੈ।

Facebook Comment
Project by : XtremeStudioz