Close
Menu

ਸਿਆਸੀ ਵਿਰੋਧੀਆਂ ਨੂੰ ਧਮਕਾਉਣ ’ਚ ਯਕੀਨ ਰੱਖਦੀ ਹੈ ਕਾਂਗਰਸ: ਅਖਿਲੇਸ਼

-- 25 April,2019

ਕਾਨਪੁਰ, 25 ਅਪਰੈਲ
ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਨੂੰ ਗੱਠਜੋੜ ਤੋਂ ਲਾਂਭੇ ਰੱਖਣ ਵਾਲੀ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਾਂਗਰਸ ’ਤੇ ਦੋਸ਼ ਲਾਇਆ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਧਮਕਾਉਣ ਵਿੱਚ ਯਕੀਨ ਰੱਖਦੀ ਹੈ। ਸਪਾ ਮੁਖੀ ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਕਾਂਗਰਸ ਨਾਲ ਗੱਠਜੋੜ ਸੀ, ਪਰ ਕਾਂਗਰਸ ਦੀ ਹਉਮੈ ਬਹੁਤ ਵੱਡੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਨੂੰ ‘ਨੋਟਬੰਦੀ’ ਦਾ ਜਵਾਬ ‘ਵੋਟਬੰਦੀ’ ਨਾਲ ਦੇਣ। ਯਾਦ ਰਹੇ ਕਿ ਸਪਾ ਨੇ 2017 ਵਿੱਚ ਯੂਪੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਨਾਲ ਹੱਥ ਮਿਲਾਇਆ ਸੀ, ਪਰ ਮਗਰੋਂ ਗੋਰਖਪੁਰ, ਫੂਲਪੁਰ ਤੇ ਕੈਰਾਨਾ ਸੰਸਦੀ ਸੀਟ ਲਈ ਹੋਈ ਜ਼ਿਮਨੀ ਚੋਣ ਵਿੱਚ ਬਸਪਾ ਤੇ ਆਰਐਲਡੀ ਨਾਲ ਗੱਠਜੋੜ ਕਰ ਲਿਆ।
ਅਖਿਲੇਸ਼ ਨੇ ਕਿਹਾ ਕਿ ਭਾਜਪਾ ਨੂੰ ਕਾਂਗਰਸ ਨਹੀਂ ਬਲਕਿ ਸਪਾ-ਬਸਪਾ ਗੱਠਜੋੜ ਡੱਕ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਜਦੋਂ ਕੇਂਦਰ ਦੀ ਸੱਤਾ ਵਿੱਚ ਸੀ ਤਾਂ ਉਸ ਨੇ ਨੇਤਾਜੀ (ਮੁਲਾਇਮ ਸਿੰਘ ਯਾਦਵ) ਖ਼ਿਲਾਫ਼ ਸੀਬੀਆਈ ਜਾਂਚ ਕਰਵਾਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਕ ਕਾਂਗਰਸੀ ਅਜੇ ਵੀ ਇਹੀ ਕੰਮ ਕਰ ਰਿਹਾ ਹੈ। ਉਨ੍ਹਾਂ ਦਾ ਇਸ਼ਾਰਾ ਕਾਂਗਰਸੀ ਕਾਰਕੁਨ ਵਿਸ਼ਵਨਾਥ ਚਤੁਰਵੇਦੀ ਵੱਲ ਸੀ। ਅਖਿਲੇਸ਼ ਨੇ ਕਿਹਾ ਕਿ ਚਤੁਰਵੇਦੀ ਮੌਜੂਦਾ ਆਮ ਚੋਣਾਂ ਵਿੱਚ ਉਨ੍ਹਾਂ ਦੀ ਦਿੱਖ ਨੂੰ ਢਾਹ ਲਾਉਣ ਦੇ ਇਰਾਦੇ ਨਾਲ ਉਨ੍ਹਾਂ ਦੇ ਪਿਤਾ ਮੁਲਾਇਮ ਤੇ ਉਨ੍ਹਾਂ ਖ਼ਿਲਾਫ਼ ਦਰਜ ਆਮਦਨੀ ਤੋਂ ਵਧ ਅਸਾਸੇ ਨਾਲ ਸਬੰਧਤ ਪੁਰਾਣੇ ਕੇਸ ਨੂੰ ਮੁੜ ਚੁੱਕਣ ਦਾ ਯਤਨ ਕਰ ਰਿਹਾ ਹੈ। ਅਖਿਲੇਸ਼ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਹਮੇਸ਼ਾ ਭਾਈਵਾਲਾਂ ਨਾਲ ਧੋਖਾ ਕੀਤਾ ਹੈ।

Facebook Comment
Project by : XtremeStudioz