Close
Menu

ਸਿਡਨੀ ਟੈਸਟ ਦੌਰਾਨ ਜਜ਼ਬਾਤਾਂ ‘ਤੇ ਕਾਬੂ ਰੱਖਣਾ ਹੋਵੇਗਾ ਮੁਸ਼ਕਲ: ਵਾਰਨਰ

-- 05 January,2015

ਸਿਡਨੀ – ਬਾਊਂਸਰ ਲੱਗਣ ਕਾਰਨ ਫਿਲਿਪ ਹਿਊਜ਼ ਦੀ ਮੌਤ ਤੋਂ ਛੇ ਹਫ਼ਤੇ ਬਾਅਦ ਆਸਟਰੇਲੀਆ ਦਾ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਮੰਗਲਵਾਰ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋ ਰਹੇ ਚੌਥੇ ਤੇ ਆਖਰੀ ਟੈਸਟ ਲਈ ਜਦੋਂ ਸਿਡਨੀ ਦੇ ਕ੍ਰਿਕਟ ਮੈਦਾਨ ਵਿੱਚ ਉੱਤਰੇਗਾ ਤਾਂ ਉਸ ਲਈ ਆਪਣੇ ਜਜ਼ਬਾਤਾਂ ‘ਤੇ ਕਾਬੂ ਰੱਖਣਾ ਕਾਫੀ ਮੁਸ਼ਕਲ ਹੋਵੇਗਾ।
ਵਾਰਨਰ ਨੇ ਕਿਹਾ, ”ਇਮਾਨਦਾਰੀ ਨਾਲ ਕਹਾਂ ਤਾਂ ਇਸ ਟੈਸਟ ਬਾਰੇ ਮੈਂ ਉਦੋਂ ਤੱਕ ਕੁਝ ਨਹੀਂ ਕਹਿ ਸਕਦਾ ਜਦੋਂ ਤੱਕ ਮੈਂ ਮੈਦਾਨ ਵਿੱਚ ਉੱਤਰ ਕੇ ਰਾਸ਼ਟਰੀ ਗੀਤ ਨਾ ਗਾ ਲਵਾਂ। ਇਸ ਸਲਾਮੀ ਬੱਲੇਬਾਜ਼ ਨੇ ਕਿਹਾ, ”ਫਿਲਹਾਲ ਮੈਨੂੰ ਹੀ ਨਹੀਂ ਬਲਕਿ ਉਨ੍ਹਾਂ ਸਾਰੇ ਲੋਕਾਂ ਨੂੰ ਹਿੰਮਤ ਵਿਖਾਉਣੀ ਹੋਵੇਗੀ ਜੋ ਹਿਊੁਜ਼ ਨੂੰ ਗੇਂਦ ਲੱਗਣ ਮੌਕੇ ਮੈਦਾਨ ‘ਤੇ ਮੌਜੂਦ ਸਨ।’ ਇੱਥੇ ਦੱਸਣਯੋਗ ਹੈ ਕਿ ਬਰੈਡ ਹੈਡਿਨ, ਨਾਥਨ ਲਿਯੋਨ ਤੇ ਸ਼ੇਨ ਵਾਟਸਨ ਜੋ ਮੌਜੂਦਾ ਆਸਟਰੇਲਿਆਈ ਟੈਸਟ ਟੀਮ ਦਾ ਹਿੱਸਾ ਹਨ, 25 ਨਵੰਬਰ ਨੂੰ ਹਿਊਜ਼ ਦੀ ਗਰਦਨ ‘ਤੇ ਗੇਂਦ ਲੱਗਣ ਮੌਕੇ ਸਿਡਨੀ ਕ੍ਰਿਕਟ ਮੈਦਾਨ (ਐਸਸੀਜੀ) ਵਿੱਚ ਚੱਲ ਰਹੇ ਘਰੇਲੂ ਮੈਚ ਦੌਰਾਨ ਮੈਦਾਨ ‘ਤੇ ਫੀਲਡਿੰਗ ਕਰ ਰਹੇ ਸਨ।
ਵਾਰਨਰ ਨੇ ਕਿਹਾ ਕਿ ਟੈਸਟ ਮੈਚ ਦੌਰਾਨ ਇਸ ਘਟਨਾ ਨੂੰ ਜ਼ਹਿਨ ਵਿੱਚੋਂ ਕੱਢ ਪਾਉਣਾ ਕਾਫੀ ਮੁਸ਼ਕਲ ਰਹੇਗਾ। ਉਸ ਨੇ ਕਿਹਾ,”ਇਹ ਕਾਫ਼ੀ ਭਾਵੁਕ ਮੌਕਾ ਹੋਵੇਗਾ। ਇਹ ਮੁਸ਼ਕਲ ਹੋਵੇਗਾ ਪਰ ਮੈਂ ਭਾਵਨਾਵਾਂ ਨੂੰ ਕਾਬੂ ਰੱਖਣ ਦੀ ਕੋਸ਼ਿਸ਼ ਕਰਾਂਗਾ।’ ਵਾਰਨਰ ਨੇ ਕਿਹਾ ਕਿ ਅੱਜ ਅਭਿਆਸ ਸੈਸ਼ਨ ਦੌਰਾਨ ਇਕ ਵਾਰ ਫਿਰ ਸਾਰੀਆਂ ਯਾਦਾਂ ਤਾਜ਼ਾ ਹੋ ਗਈਆਂ। ਇਸ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਉਸ ਦੀ ਬੇਟੀ ਆਇਵੀ ਦੇ ਜਨਮ ਤੋਂ ਬਾਅਦ ਉਸ ਦੇ ਮਨ ਨੂੰ ਕੁਝ ਟਿਕਾਅ ਆਇਆ ਹੈ ਤੇ ਉਸ ਦਾ ਜੀਵਨ ਪ੍ਰਤੀ ਨਜ਼ਰੀਆ ਬਦਲਿਆ ਹੈ।  ਇਸ ਦੇ ਨਾਲ ਹੀ ਇਹ ਗੱਲ ਵੀ ਸਮਝ ਲੱਗੀ ਕਿ ਹਿਊਜ਼ ਦਾ ਪਰਿਵਾਰ ਕਿਸ ਸਥਿਤੀ ‘ਚੋਂ ਗੁਜ਼ਰ ਰਿਹਾ ਹੈ।

Facebook Comment
Project by : XtremeStudioz