Close
Menu

ਸਿਨੇਮਾ ਹਾਲ ਪੁੱਜੇ ਡੇਰਾ ਪ੍ਰੇਮੀ, ਪਰ ਫਿਲਮ ਨਾ ਚੱਲੀ

-- 22 September,2015

ਸੰਗਰੂਰ, ਡੇਰਾ ਸਿਰਸਾ ਦੇ ਮੁਖੀ ਦੀ ਫਿਲਮ ਐਮਐਸਜੀ-2 ਰਿਲੀਜ਼ ਕਰਨ ਦੀ ਮੰਗ ਸਬੰਧੀ ਇੱਥੇ ਜਾਖਲ-ਲੁਧਿਆਣਾ ਰੇਲਵੇ ਲਾਈਨ ’ਤੇ ਰੋਸ ਧਰਨਾ ਲਾ ਕੇ ਬੈਠੇ ਡੇਰਾ ਪ੍ਰੇਮੀਆਂ ਨੂੰ ਭਾਵੇਂ ਬੀਤੀ ਅੱਧੀ ਰਾਤ ਇੱਕ ਵਜੇ ਪ੍ਰਸ਼ਾਸਨ ਨੇ ਭਰੋਸਾ ਦੇ ਕੇ ਉਠਾ ਦਿੱਤਾ ਸੀ ਪ੍ਰੰਤੂ ਅੱਜ ਸਵੇਰੇ ਇੱਥੇ ਫ਼ਨ ਸਕੁਏਅਰ ਮਾਲ ਵਿੱਚ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਸਵੇਰੇ ਸੈਂਕੜੇ ਡੇਰਾ ਪ੍ਰੇਮੀ ਫਿਲਮ ਦੇਖਣ ਲੲੀ ਪੁੱਜ ਗਏ। ੳੁਹ ਸਿਨੇਮਾ ਹਾਲ ਵਿੱਚ ਸੀਟਾਂ ’ਤੇ ਵੀ ਬੈਠ ਗਏ ਪ੍ਰੰਤੂ ਫਿਲਮ ਨਹੀਂ ਚਲਾਈ ਗਈ। ਡੇਰਾ ਪ੍ਰੇਮੀਆਂ ਨੇ ਇਸ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਫਨ ਸਕੁਏਅਰ ਮਾਲ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਕਰੀਬ ਇੱਕ ਵਜੇ ਪ੍ਰਸ਼ਾਸਨ ਨੇ ਭਰੋਸਾ ਦੇ ਕੇ ਡੇਰਾ ਪ੍ਰੇਮੀਆਂ ਦਾ ਧਰਨਾ ਖ਼ਤਮ ਕਰਵਾ ਦਿੱਤਾ ਸੀ। ਪ੍ਰਸ਼ਾਸਨ ਦੇ ਭਰੋਸੇ ਕਾਰਨ ਸੈਂਕੜੇ ਡੇਰਾ ਪ੍ਰੇਮੀ ਅੱਜ ਸਵੇਰੇ ਇੱਥੇ ਧੂਰੀ ਰੋਡ ਸਥਿਤ ਫਨ ਸਕੁਏਅਰ ਮਾਲ ’ਚ ਫਿਲਮ ਦੇਖਣ ਲਈ ਪੁੱਜ ਗਏ ਅਤੇ ਪੂਰਾ ਸਿਨੇਮਾ ਹਾਲ ਬੁੱਕ ਕਰਵਾ ਲਿਆ। ਸੈਂਕਡ਼ੇ ਡੇਰਾ ਪ੍ਰੇਮੀਆਂ ਨੇ ਸਿਨਮੇ ਵਿੱਚ ਸੀਟਾਂ ਮੱਲ ਲਈਆਂ। ੳੁਹ ਕਾਫ਼ੀ ਦੇਰ ਸੀਟਾਂ ’ਤੇ ਬੈਠੇ ਫਿਲਮ ਚੱਲਣ ਦੀ ਉਡੀਕ ਕਰਦੇ ਰਹੇ ਪ੍ਰੰਤੂ ਫਿਲਮ ਐਮਐਸਜੀ-2 ਨਾ ਚੱਲੀ। ਡੇਰਾ ਪ੍ਰੇਮੀਆਂ ਦੇ ਸਿਨਮੇ ਵਿੱਚ ਦਾਖ਼ਲ ਹੋਣ ਦੀ ਸੂਚਨਾ ਮਿਲਦਿਆਂ ਹੀ ਏ.ਡੀ.ਸੀ. ਅਰਵਿੰਦ ਕੁਮਾਰ, ਐਸ.ਪੀ. ਜਸਕਰਨਜੀਤ ਸਿੰਘ ਤੇਜਾ, ਡੀ.ਐਸ.ਪੀ. ਗੁਰਪ੍ਰੀਤ ਸਿੰਘ ਢੀਂਡਸਾ, ਡੀ.ਐਸ.ਪੀ. ਕ੍ਰਿਸ਼ਨ ਕੁਮਾਰ ਪੈਂਥੇ ਅਤੇ ਡੀ.ਐਸ.ਪੀ. ਬਿਮਲ ਸ਼ਰਮਾ ਮੌਕੇ ’ਤੇ ਪੁੱਜ ਗਏ। ੳੁਨ੍ਹਾਂ ਨੇ ਮਾਲ ਦੇ ਆਲੇ ਦੁਆਲੇ ਵੱਡੀ ਤਾਦਾਦ ’ਚ ਪੁਲੀਸ ਤਾਇਨਾਤ ਕਰ ਦਿੱਤੀ। ਕਰੀਬ ਇੱਕ ਘੰਟੇ ਦੀ ਉਡੀਕ ਕਰਨ ਤੋਂ ਬਾਅਦ ਜਦੋਂ ਫਿਲਮ ਨਾ ਚੱਲੀ ਤਾਂ ਡੇਰਾ ਪ੍ਰੇਮੀਆਂ ਨੂੰ ਸਮਝਾ ਕੇ ਵਾਪਸ ਘਰਾਂ ਨੂੰ ਭੇਜ ਦਿੱਤਾ ਗਿਆ।

ਡੇਰਾ ਸਿਰਸਾ ਨਾਲ ਸਬੰਧਤ ਸਟੇਟ ਕਮੇਟੀ ਮੈਂਬਰ ਹਰਿੰਦਰ ਇੰਸਾ ਨੇ ਗੱਲਬਾਤ ਦੌਰਾਨ ਕਿਹਾ ਕਿ ਰਾਤ ਪ੍ਰਸ਼ਾਸਨ ਵੱਲੋਂ ਫਿਲਮ ਜਲਦੀ ਹੀ ਦਿਖਾਉਣ ਦਾ ਭਰੋਸਾ ਦਿੱਤਾ ਸੀ ਪ੍ਰੰਤੂ ਡੇਰਾ ਪ੍ਰੇਮੀਆਂ ਨੂੰ ਗਲਤਫਹਿਮੀ ਹੋ ਗਈ ਕਿ ਸ਼ਾਇਦ ਸਵੇਰੇ ਫਿਲਮ ਦਿਖਾਈ ਜਾਵੇਗੀ। ਇਸ ਕਾਰਨ ਵੱਡੀ ਤਾਦਾਦ ’ਚ ਡੇਰਾ ਪ੍ਰੇਮੀ ਸਿਨਮੇ ’ਚ ਫਿਲਮ ਦੇਖਣ ਚਲੇ ਗਏ ਪ੍ਰੰਤੂ ਕਾਫ਼ੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਫਿਲਮ ਨਾ ਚੱਲੀ ਤਾਂ ੳੁਹ ਵਾਪਸ ਪਰਤ ਗਏ। ਹਰਿੰਦਰ ਇੰਸਾਂ ਨੇ ਦੱਸਿਆ ਕਿ ਡੇਰਾ ਸਿਰਸਾ ਨਾਲ ਸਬੰਧਤ ਸਟੇਟ ਕਮੇਟੀ ਦੇ ਨੁਮਾਇੰਦਿਆਂ ਦੀ ਸਰਕਾਰ ਨਾਲ ਗੱਲਬਾਤ ਹੋਈ ਹੈ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਵਿੱਚ ਫਿਲਮ ਚਲਾਉਣ ਸਬੰਧੀ ਫੈਸਲਾ ਹੋ ਚੁੱਕਿਆ ਹੈ ਅਤੇ ਅਗਲੇ ਦੋ-ਤਿੰਨ ਦਿਨਾਂ ਵਿੱਚ ਫਿਲਮ ਪੰਜਾਬ ਵਿੱਚ ਰਿਲੀਜ਼ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਭਰੋਸੇ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਰੋਸ ਪ੍ਰਦਰਸ਼ਨ ਖ਼ਤਮ ਕਰ ਦਿੱਤਾ ਹੈ।
ਹਾਲੇ ਪੰਜਾਬ ਿਵੱਚ ਰਿਲੀਜ਼ ਨਹੀਂ ਹੋੲੀ ਫਿਲਮ: ਐਸ.ਪੀ.
ਐਸ.ਪੀ. ਜਸਕਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਸਿਨਮਾ ਪ੍ਰਬੰਧਕਾਂ ਨੂੰ ਭਰੋਸੇ ਵਿੱਚ ਲੈ ਲਿਆ ਸੀ ਕਿ ਅੱਜ ਫਿਲਮ ਚਲਾਈ ਜਾਵੇਗੀ, ਜਿਸ ਕਾਰਨ ਡੇਰਾ ਪ੍ਰੇਮੀ ਸਿਨਮੇ ’ਚ ਬੈਠ ਗਏ ਸਨ ਪ੍ਰੰਤੂ ਬਾਅਦ ਵਿੱਚ ਡੇਰਾ ਪ੍ਰੇਮੀਆਂ ਨੂੰ ਸਮਝਾਇਆ ਗਿਆ ਕਿ ਫਿਲਮ ਪੂਰੇ ਪੰਜਾਬ ਵਿੱਚ ਰਿਲੀਜ਼ ਨਹੀਂ ਹੋਈ ਹੈ।

Facebook Comment
Project by : XtremeStudioz