Close
Menu

ਸਿਰਫ਼ ਇਮਾਰਤਾਂ ਨਹੀਂ, ਇਲਾਜ ਦਾ ਪ੍ਰਬੰਧ ਕਰੇ ਸਰਕਾਰ: ਡਾ. ਸਿੱਧੂ

-- 20 September,2015

ਲੁਧਿਆਣਾ, 20 ਸਤੰਬਰ
ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ। ਇਸ ਮੌਕੇ ੳੁਨ੍ਹਾਂ ਕਿਹਾ ਕਿ ਜੇਕਰ  ਪੰਜਾਬ ਸਰਕਾਰ ਕੋਲ ਜੇਕਰ ਵਿਕਾਸ ਕਾਰਜਾਂ ਲਈ ਪੈਸੇ ਨਹੀਂ ਹਨ ਤਾਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋ ਜਾਣਾ ਚਾਹੀਦਾ ਹੈ। ਸਰਕਾਰ ਪੰਜਾਬ ਵਿੱਚ ਸਿਰਫ਼ ਇਮਾਰਤਾਂ ਬਣਾਉਣ ਤੱਕ ਸੀਮਤ ਨਾ ਰਹੇ ਸਗੋਂ ਉਨ੍ਹਾਂ ’ਚ ਮਰੀਜ਼ਾਂ ਦੇ ਇਲਾਜ ਦਾ ਵੀ ਪ੍ਰਬੰਧ ਕਰੇ। ਭਾਜਪਾ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਸ਼ਨਿਚਰਵਾਰ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਡਾਕਟਰਾਂ ਨਾਲ ਮੀਟਿੰਗ ਕੀਤੀ ਅਤੇ ਮਰੀਜ਼ਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਡਾਕਟਰਾਂ ਨੇ ਡਾ. ਸਿੱਧੂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਨੂੰ ੳੁਨ੍ਹਾਂ ਜਲਦੀ ਪੂਰਾ ਕਰਨ ਦਾ ਭਰੋਸਾ ਦਿਵਾਇਆ।
ਪ੍ਰਾਪਤ ਜਾਣਕਾਰੀ ਮੁਤਾਬਕ ਡਾ. ਨਵਜੋਤ ਕੌਰ ਸਿੱਧੂ  ਸਵੇਰੇ ਸਿਵਲ ਹਸਪਤਾਲ ਪੁੱਜੇ। ਉਨ੍ਹਾਂ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਹਸਪਤਾਲ ਵਿਚਲੀਆਂ ਘਾਟਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ੳੁਨ੍ਹਾਂ ਕਿਹਾ ਕਿ ਸਿਹਤ ਵਿਭਾਗ ਕੋਲ ਡਾਕਟਰਾਂ ਦੀ ਕਾਫ਼ੀ ਕਮੀ ਹੈ। ਪੁਰਾਣੇ ਹਸਪਤਾਲਾਂ ’ਚੋਂ ਡਾਕਟਰਾਂ ਨੂੰ ਹਟਾ ਕੇ ਨਵੇਂ ਹਸਪਤਾਲਾਂ ਵਿੱਚ ਭੇਜਿਆ ਜਾ ਰਿਹਾ ਹੈ। ਮਰੀਜ਼ਾਂ ਨੂੰ ਦੇਣ ਲਈ ਪੂਰੀਆਂ ਦਵਾਈਆਂ ਤੱਕ ਨਹੀਂ ਹਨ ਜਿਸ ਕਾਰਨ ਮਰੀਜ਼ ਸਰਕਾਰੀ ਹਸਪਤਾਲ ’ਚ ਆਉਣ ਤੋਂ ਕਤਰਾਉਂਦੇ ਹਨ ਅਤੇ ਨਿੱਜੀ ਹਸਪਤਾਲਾਂ ਨੂੰ ਤਰਜੀਹ ਦਿੰਦੇ ਹਨ ਜਿਸ ਨਾਲ ਸਰਕਾਰੀ ਹਸਪਤਾਲਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਡਾ. ਸਿੱਧੂ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਕਰੀਬ ਦੋ ਹਫ਼ਤੇ ਪਹਿਲਾਂ ਵਰਧਮਾਨ ਪਿੱਛੇ ਬਣਾਏ ਗਏ ਸਿਵਲ ਹਸਪਤਾਲ ਦਾ ਉਦਘਾਟਨ ਤਾਂ ਕਰ ਦਿੱਤਾ ਗਿਆ ਹੈ ਪਰ ਇਹ ਹਾਲੇ ਤੱਕ ਇਹ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਵਿਭਾਗ ਕੋਲ ਸਟਾਫ਼ ਨਹੀਂ ਹੈ ਜਿਸ ਕਾਰਨ ਹਾਲੇ ਤਕ ਹਸਪਤਾਲ ਪੂਰੀ ਤਰ੍ਹਾਂ ਸ਼ੁਰੂ ਨਹੀਂ ਹੋ ਸਕਿਆ ਹੈ। ਜਦੋਂ ਡਾ. ਸਿੱਧੂ ਤੋਂ ਪੁੱਛਿਆ ਗਿਆ ਕਿ ਸਰਕਾਰ ਨਾਲ ਕੋਈ ਗੱਲ ਹੁੰਦੀ ਹੈ ਤਾਂ ਸਰਕਾਰ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਹਾਲੇ ਸਰਕਾਰ ਕੋਲ ਫੰਡ ਨਹੀਂ ਹੈ ਤਾਂ ੳੁਨ੍ਹਾਂ ਜਵਾਬ ਦਿੱਤਾ ਕਿ ਹਰ ਸਮੇਂ ਫੰਡ ਨਾ ਹੋਣ ਦਾ ਰੋਣਾ ਰੋਣ ਵਾਲੀ ਪੰਜਾਬ ਸਰਕਾਰ ਕੋਲ ਜੇਕਰ ਫੰਡ ਨਹੀਂ ਹੈ ਤਾਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ।

Facebook Comment
Project by : XtremeStudioz