Close
Menu

ਸਿਹਤ ਕੇਂਦਰ ਬੰਦ ਕਰਨਾ ਸਰਕਾਰੀ ਕੁਤਾਹੀ ਦੀ ਮੂੰਹ ਬੋਲਦੀ ਤਸਵੀਰ: ਮਨਪ੍ਰੀਤ

-- 30 June,2015

ਮੋਗਾ, 30 ਜੂਨ
ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਾਘਾਪੁਰਾਣਾ ਹਲਕੇ ਵਿੱਚ ਸਿਹਤ ਕੇਂਦਰ ਬੰਦ ਕਰਨਾ ਸੂਬਾ ਸਰਕਾਰ ਦੀ ਮੁਜਰਮਾਨਾ ਕੁਤਾਹੀ ਦੀ ਮੂੰਹ ਬੋਲਦੀ ਤਸਵੀਰ ਹੈ ਅਤੇ ੲਿਹ ਕੈਂਸਰ ਤੇ ਹੈਪੇਟਾਈਟਸ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਲੋਕਾਂ ਨਾਲ ਬੇਇਨਸਾਫ਼ੀ ਹੋਵੇਗੀ।
ਇਥੇ ੲਿਕ ਬਿਅਾਨ ਵਿੱਚ ਪੀਪੀਪੀ ਆਗੂ ਨੇ ਕਿਹਾ ਕਿ ਪਿੰਡ ਮਾੜੀ ਮੁਸਤਫਾ ਅਤੇ ਇਸ ਨਾਲ ਲਗਦੇ ਪਿੰਡ ਸੇਖਾ ਕਲਾਂ, ਠੱਠੀ ਭਾਈ ਤੇ ਸਮਾਲਸਰ ਦੇ ਵਸਨੀਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਨ ਲਈ ਠੱਠੀ ਭਾਈ ਵਿੱਚ ਬਣਾਏ ਮੁੱਢਲੇ ਸਿਹਤ ਕੇਂਦਰ ਦਾ ਪਿਛਲੇ 21 ਸਾਲਾਂ ਤੋਂ ਕੱਟਿਆ  ਬਿਜਲੀ ਕੁਨੈਕਸ਼ਨ ਨਾ ਜੁੜਨਾ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਅਕਾਲੀ ਸਰਕਾਰ ਹਰ ਫਰੰਟ ਉੱਤੇ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨੇ ਇਸ ਸਿਹਤ ਕੇਂਦਰ ਨੂੰ ਬੰਦ ਕਰਨ ਦੀ ਸੂਬਾ ਸਰਕਾਰ ਨੂੰ ਕੀਤੀ ਸਿਫ਼ਾਰਸ਼ ਸਰਕਾਰ ਦੀ ਮੁਜਰਮਾਨਾ ਕੁਤਾਹੀ ਦੀ ਮੁੂੰਹ ਬੋਲਦੀ ਤਸਵੀਰ ਹੈ।
ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਇਹੀ ਹਾਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਠੱਠੀ ਭਾਈ ਦੇ ਸਿਹਤ ਕੇਂਦਰ ਦਾ ਖ਼ੁਦ ਦੌਰਾ ਕਰ ਕੇ ਵੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਸੂਬੇ ਦਾ ਢਾਂਚਾ ਕਿਸ ਤਰ੍ਹਾਂ ਤਬਾਹ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਸਲਾ ਸਿਰਫ ਇਕ ਹਸਪਤਾਲ ਦਾ ਨਹੀਂ, ਪਿਛਲੇ ਦਿਨੀਂ ਇਹ ਖ਼ਬਰਾਂ ਆਈਆਂ ਸਨ ਕਿ ਫੰਡਾਂ ਦੀ ਘਾਟ ਕਾਰਨ ਕੈਂਸਰ ਪੀੜਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਾਟਰ ਵਰਕਸਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਸਨ।
ਪੀਪੀਪੀ ਮੁਖੀ ਨੇ ਕਿਹਾ ਕਿ ਸਿਤਮਜ਼ਰੀਫੀ ਇਹ ਹੈ ਕਿ ਇਹ ਸਿਹਤ ਕੇਂਦਰ ਪਿਛਲੇ ਸਾਲ ਵੀ ਮਾੜੀ ਮੁਸਤਫਾ ਪਿੰਡ ਵਿੱਚ ਹੈਪੇਟਾਈਟਸ ਨਾਲ ਹੋਈਆਂ ਮੌਤਾਂ ਕਾਰਨ ਸੁਰਖੀਆਂ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਕੂਲਾਂ ਵਿੱਚ ਦਿੱਤੀ ਜਾ ਰਹੀ ਸਿੱਖਿਆ ਦੇ ਮਿਆਰ ਦਾ ਹਾਲ ਇਹ ਹੈ ਕਿ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੀ ਪਿਛਲੇ ਹਫ਼ਤੇ ਅੰਗਰੇਜ਼ੀ ਅਧਿਆਪਕਾਂ ਨਾਲ ਹੋਈ ਮੀਟਿੰਗ ਵਿੱਚ ਇਕ ਵੀ ਅਧਿਆਪਕ ਅੰਗਰੇਜ਼ੀ ਦਾ ਇਕ ਵੀ ਵਾਕ ਠੀਕ ਨਹੀਂ ਲਿਖ ਸਕਿਆ।  ਉਨ੍ਹਾਂ ਕਿਹਾ ਕਿ ਨਿਰਾਪੁਰਾ ਆਪਣੇ ਘਰੇਲੂ ਕਾਰੋਬਾਰ ਨੂੰ ਹੋਰ ਪ੍ਰਫੁੱਲਿਤ ਕਰਨ ਵੱਲ ਧਿਆਨ ਦੇਣ ਦੀ ਥਾਂ ਮੁੱਖ ਮੰਤਰੀ ਦੇ ਪਰਿਵਾਰ ਨੂੰ ਕੁਝ ਸਮਾਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਵੀ ਕੱਢਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਕਿਸਾਨ ਵਿੰਗ ਦੇ ਸੂਬਾਈ ਆਗੂ ਕੁਲਦੀਪ ਢੋਸ ਵੀ ਮੌਜੂਦ ਸਨ।

Facebook Comment
Project by : XtremeStudioz