Close
Menu

ਸਿਹਤ ਵਿਭਾਗ ਵਲੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਨ ਵਾਸਤੇ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ- ਵਿੰਨੀ ਮਹਾਜਨ

-- 02 September,2015

ਜਲੰਧਰ, 2 ਸਤੰਬਰ: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਪ੍ਰੇਰਨਾ ਦੇਣ ਵਾਸਤੇ ਸੂਬੇ ਭਰ ਵਿਚ ਵਿਸ਼ੇਸ਼ ਮੁਹਿੰਮ ਦੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਅੱਖਾਂ ਦੀ ਜੋਤ ਤੋਂ ਵਿਰਵੇ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਦੁਬਾਰਾ ਦਿੱਤੀ ਜਾ ਸਕੇ।
ਪਿਮਸ , ਜਲੰਧਰ ਵਿਖੇ ਸ਼ੁਰੂ ਹੋਈ ਵਿਸ਼ੇਸ਼ ਵਰਕਸ਼ਾਨ ਨੂੰ ਸੰਬੋਧਨ ਕਰਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 25 ਅਗਸਤ ਤੋਂ 8 ਸਤੰਬਰ ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਲੋਕਾਂ ਨੂੰ ਅੱਖਾਂ ਦਾਨ ਕਰਨ ਦੀ ਮਹੱਤਤਾ ਸਬੰਧੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਕੁੱਲ 15 ਲੱਖ ਦੇ ਕਰੀਬ ਲੋਕ ਅੱਖਾਂ ਦੀ ਜੋਤ ਤੋਂ ਵਾਂਝੇ ਹਨ ਜਦਕਿ ਪੰਜਾਬ ਵਿਚ 5000 ਦੇ ਕਰੀਬ ਲੋਕਾਂ ਅੱਖਾਂ ਟਰਾਂਸਪਲਾਂਟ ਕਰਵਾਉਣ ਲਈ ਉਡੀਕ ਵਿਚ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ 13 ਆਈ ਬੈਂਕਾਂ , ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਕੋਲ ਰਜਿਸਟਰਡ ਹਨ, ਜਿੱਥੇ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਹੈਲਪਲਾਇਨ 104 ‘ਤੇ ਫੋਨ ਕਰਕੇ ਵੀ ਨੇੜਲੇ ਆਈ ਬੈਂਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨ ਦੀ ਪ੍ਰਕ੍ਰਿਆ ਕਾਫੀ ਆਸਾਨ ਕੀਤੀ ਗਈ ਹੈ, ਜਿਸ ਤਹਿਤ ਵਿਭਾਗ ਦੀ ਵੈਬਸਾਇਟ ‘ਤੇ ਪ੍ਰੋਫਾਰਮਾ ਉਪਲਬਧ ਹੈ। ਇਸ ਤੋਂ ਇਲਾਵਾ ਕੋਈ ਵੀ ਦਾਨੀ ਡਾਕ ਰਾਹੀਂ ਵੀ ਪ੍ਰੋਫਾਰਮਾ ਮੰਗਵਾ ਸਕਦਾ ਹੈ।
ਸੂਬਾ ਸਰਕਾਰ ਵਲੋਂ ਅੰਨੇਪਣ ਨੂੰ ਰੋਕਣ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੰਦੇ ਹੋਏ   ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਨਫੈਕਸ਼ਨ, ਸੱਟਾਂ, ਹਾਦਸਿਆਂ ਤੇ ਆਪ੍ਰੇਸ਼ਨ ਦੌਰਾਨ ਹੋਣ ਵਾਲੀ ਅਣਗਹਿਲੀ ਹੋਣਾ ਅੰਨੇਪਣ ਦਾ ਮੁੱਖ ਕਾਰਨ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਵਲੋਂ ਟਰਾਂਸਪੋਰਟ ਵਿਭਾਗ ਨਾਲ ਮਿਲਕੇ ਇਕ ਨਿਵੇਕਲੀ ਪਹਿਲ ਤਹਿਤ ਡਰਾਇਵਿੰਗ ਲਾਇਸੈਂਸ ਅਪਲਾਈ ਕਰਨ ਵਾਲੇ ਬਿਨੈਕਾਰ ਨੂੰ ਅੱਖਾਂ ਦਾਨ ਕਰਨ ਸਬੰਧੀ ਪ੍ਰੋਫਾਰਮਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ।
ਉਨ੍ਹਾਂ ਵਲੋਂ ਅੱਖਾਂ ਦਾਨ ਕਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ ਤੇ ਆਈ ਬੈਂਕ ਵਲੋਂ ਪ੍ਰਸ਼ੰਸ਼ਾ ਪੱਤਰ ਵੀ ਦਿੱਤੇ ਗਏ।
ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇਂਡਨੈਸ ਦੇ ਸਟੇਟ ਪ੍ਰੋਗਰਾਮ ਅਫਸਰ  ਡਾ. ਰਾਕੇਸ਼ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅੱਖਾਂ ਟਰਾਂਸਪਲਾਂਟ ਕਰਨ ਲਈ 50 ਆਈ ਸਰਜਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।
ਇਸ ਮੌਕੇ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਕੈਲਾਸ਼ ਕਪੂਰ ਨੇ ਕਿਹਾ ਕਿ ਵਿਭਾਗ ਵਲੋਂ ਜਲੰਧਰ ਵਿਖੇ ਅੱਖਾਂ ਦਾਨ ਕਰਨ ਲਈ 4 ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿਚ ਸਿਵਲ ਹਸਪਤਾਲ, ਜਲੰਧਰ, ਆਈ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ, ਆਈ ਬੈਂਕ ਥਿੰਦ ਆਈ ਹਸਪਤਾਲ ਤੇ ਮਹਾਜਨ ਆਈ ਬੈਂਕ ਤੇ ਹਸਪਤਾਲ ਸ਼ਾਮਿਲ ਹਨ।
ਵਰਕਸ਼ਾਪ ਦੌਰਾਨ 100 ਤੋਂ ਵੱਧ ਭਾਗ ਲੈਣ ਵਾਲਿਆਂ ਵਲੋਂ ਅੱਖਾਂ ਦਾਨ ਕਰਨ ਸਬੰਧੀ ਸਹੁੰ ਪੱਤਰ ਹਸਤਾਖਰ ਕੀਤੇ ਗਏ।
ਇਸ ਮੌਕੇ ਮੁੱਖ ਤੌਰ ‘ਤੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਭਾਗ ਮੱਲ, ਡਾਇਰੈਕਟਰ ਪਿਮਸ ਡਾ. ਕੁਲਬੀਰ ਕੌਰ, ਏ.ਡੀ.ਸੀ. (ਡੀ.) ਕੁਮਾਰ ਅਮਿਤ, ਪ੍ਰੋ. ਬਹਾਦਰ ਸਿੰਘ, ਪ੍ਰਧਾਨ ਆਈ ਡੋਨੇਸ਼ਨ ਐਸੋਸੀਏਸਨ ਹੁਸ਼ਿਆਰਪੁਰ ਤੇ ਐਸ.ਪੀ. ਸਿੰਘ ਪ੍ਰਧਾਨ ਆਈ ਡੋਨੇਸ਼ਨ ਐਸੋਸੀਏਸ਼ਨ ਜਲੰਧਰ ਹਾਜ਼ਰ ਸਨ।

Facebook Comment
Project by : XtremeStudioz