Close
Menu

ਸਿ਼ਵ ਸੈਨਾ ਆਗੂ `ਤੇ ਰੋਪੜ ਜੇਲ੍ਹ `ਚ ਕਾਤਲਾਨਾ ਹਮਲਾ, ਹਾਲਤ ਗੰਭੀਰ

-- 25 September,2018

ਰੋਪੜ- ਸਿ਼ਵ ਸੈਨਾ (ਹਿੰਦੂ) ਦੇ ਆਗੂ ਨਿਸ਼ਾਂਤ ਸ਼ਰਮਾ `ਤੇ ਰੋਪੜ ਦੀ ਜੇਲ੍ਹ `ਚ ਕਾਤਲਾਨਾ ਹਮਲਾ ਹੋਇਆ ਹੈ। ਇਹ ਵਾਰਦਾਤ ਮੰਗਲਵਾਰ ਸਵੇਰ ਵੇਲੇ ਦੀ ਹੈ। ਜੇਲ੍ਹ `ਚ ਹੀ ਕੈਦ ਪੰਜ ਕੈਦੀਆਂ ਨੇ ਨਿਸ਼ਾਂਤ ਸ਼ਰਮਾ `ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸੂਤਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਉਂਝ ਭਾਵੇਂ ਉਨ੍ਹਾਂ ਦੀ ਆਪਣੀ ਬਣਾਈ ਹੋਈ ਜੱਥੇਬੰਦੀ ਸਿ਼ਵ ਸੈਨਾ (ਹਿੰਦੂ) ਕੋਈ ਬਹੁਤੀ ਚਰਚਿਤ ਨਹੀਂ ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਖ਼ਬਰਾਂ `ਚ ਬਣੇ ਹੀ ਰਹੇ ਹਨ। ਇਸ ਵੇਲੇ ਘੋਖਾਧੜੀ ਦੇ ਇੱਕ ਮਾਮਲੇ `ਚ ਉਹ ਚਾਰ ਸਾਲ ਕੈਦ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਨੂੰ ਹਾਲੇ ਕੱਲ੍ਹ ਸੋਮਵਾਰ ਨੂੰ ਹੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਵਿਰੁੱਧ ਕੁਰਾਲ਼ੀ ਪੁਲਿਸ ਨੇ 2011 `ਚ 1.50 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ।

ਐੱਸਐੱਸਪੀ ਸਵੱਪਨ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਆਖ਼ਰ ਹਮਲਾਵਰ ਕੈਦੀ ਬੈਰਕ ਤੋੜ ਕੇ ਅੰਦਰ ਕਿਵੇ ਦਾਖ਼ਲ ਹੋ ਗਏ। ਇਸ ਘਟਨਾ ਤੋਂ ਬਾਅਦ ਆਈਜੀ (ਜੇਲ੍ਹਾਂ) ਵੀ. ਨੀਰਜਾ ਤੇ ਐੱਸਐੱਸਪੀ ਘਟਨਾ ਸਥਾਨ ਦਾ ਦੌਰਾ ਕਰਨ ਗਏ।

ਨਿਸ਼ਾਂਤ ਸ਼ਰਮਾ ਨੂੰ ਪਹਿਲਾਂ ਸਰਕਾਰੀ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ, ਜਦੋਂ ਕੁਝ ਕੱਟੜ ਸਿੱਖਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਨਿਸ਼ਾਂਤ ਸ਼ਰਮਾ ਉਸ ਵੇਲੇ ਵੀ ਚਰਚਾ ਦਾ ਕੇਂਦਰ ਬਣੇ ਸਨ, ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਸੁਣਵਾਈ ਦਾ ਸਾਹਮਣਾ ਕਰ ਰਹੇ ਜਗਤਾਰ ਸਿੰਘ ਹਵਾਰਾ ਨੇ ਅਦਾਲਤ ਦੇ ਬਾਹਰ ਉਨ੍ਹਾਂ (ਨਿਸ਼ਾਂਤ ਸ਼ਰਮਾ) ਜ਼ੋਰ ਦੀ ਥੱਪੜ ਮਾਰਿਆ ਸੀ।

Facebook Comment
Project by : XtremeStudioz