Close
Menu

ਸਿੰਗਾਪੁਰ ਓਪਨ: ਸਾਇਨਾ ਹਟੀ, ਸ੍ਰੀਕਾਂਤ ਕਰੇਗਾ ਭਾਰਤੀ ਚੁਣੌਤੀ ਦੀ ਅਗਵਾਈ

-- 07 April,2015

ਸਿੰਗਾਪੁਰ, ਓਲੰਪਿਕ ਵਿੱਚੋਂ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਨੇਹਵਾਲ ਪਿਛਲੇ ਕੁਝ ਹਫ਼ਤਿਆਂ ਤੋਂ ਲਗਾਤਾਰ ਵੱਡੇ ਟੂਰਨਾਮੈਂਟ ਖੇਡਣ ਬਾਅਦ ਤਰੋਤਾਜ਼ਾ ਹੋਣ ਲਈ ਤਿੰਨ ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਸਿੰਗਾਪੁਰ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਵਿੱਚੋਂ ਹਟ ਗਈ ਹੈ। ਸਾਇਨਾ ਦੀ ਗ਼ੈਰਮੌਜੂਦਗੀ ਵਿੱਚ ਕੇ. ਸ੍ਰੀਕਾਂਤ ਭਾਰਤ ਦੀ ਚੁਣੌਤੀ ਦੀ ਅਗਵਾਈ ਕਰੇਗਾ। ਮੁੱਖ ਵਰਗ ਦੇ ਮੁਕਾਬਲੇ ਸਿੰਗਾਪੁਰ ਇਨਡੋਰ ਸਟੇਡੀਅਮ ਵਿੱਚ ਬੁੱਧਵਾਰ ਤੋਂ ਸ਼ੁਰੂ ਹੋਣਗੇ। ਸਾਇਨਾ ਲਈ ਪਿਛਲਾ ਮਹੀਨਾ ਕਾਫੀ ਰੁਝੇਵਿਆਂ ਵਾਲਾ ਰਿਹਾ, ਜਿਸ ਵਿੱਚ ਉਸ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ, ਇੰਡੀਆ ਓਪਨ ਸੁਪਰ ਸੀਰੀਜ਼ ਅਤੇ ਮਲੇਸ਼ੀਆ ਓਪਨ ਸੁਪਰ ਸੀਰੀਜ਼ ਪ੍ਰੀਮੀਅਰ ਖੇਡੀ। ਸਾਇਨਾ ਨੇ ਕਿਹਾ, ‘ਮੈਂ ਆਪਣੇ ’ਤੇ ਜ਼ਿਆਦਾ ਬੋਝ ਨਹੀਂ ਪਾਉਣਾ ਚਾਹੁੰਦੀ। ਇਹ ਕਾਫ਼ੀ ਮਹੱਤਵਪੂਰਨ ਸਾਲ ਹੈ। ਇਸ ਲਈ ਮੈਂ ਸੋਚਿਆ ਕਿ ਇਕ ਹਫ਼ਤੇ ਦੀ ਟਰੇਨਿੰਗ ਕਰਾਂਗੀ ਅਤੇ ਫਿਰ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਖੇਡਾਂਗੀ।’ ਪੀਵੀ ਸਿੰਧੂ ਵੀ ਸਿੰਗਾਪੁਰ ਓਪਨ ਨਹੀਂ ਖੇਡੇਗੀ ਕਿਉਂਕਿ ਪਿਛਲੇ ਮਹੀਨੇ ਸੱਟ ਕਾਰਨ ਬਾਹਰ ਰਹਿਣ ਬਾਅਦ ਉਸ ਨੇ ਹਾਲੇ ਟਰੇਨਿੰਗ ਸ਼ੁਰੂ ਕੀਤੀ ਹੈ।
ਇਸ 19 ਸਾਲਾ ਖਿਡਾਰਨ ਦੇ 21 ਤੋਂ 16 ਅਪਰੈਲ ਤਕ ਹੋਣ ਵਾਲੀ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਨਾਲ ਵਾਪਸੀ ਕਰਨ ਦੀ ਉਮੀਦ ਹੈ। ਪਿਛਲੇ ਮਹੀਨੇ ਸਵਿੱਸ ਗ੍ਰਾਂ ਪ੍ਰੀ ਗੋਲਡ ਅਤੇ ਇੰਡੀਆ ਓਪਨ ਸੁਪਰ ਸੀਰੀਜ਼ ਦਾ ਖ਼ਿਤਾਬ ਜਿੱਤਣ ਵਾਲਾ ਸ੍ਰੀਕਾਂਤ ਆਪਣੀ ਮੁਹਿੰਮ ਦੀ ਸ਼ੁਰੂਆਤ ਵੀਅਤਨਾਮ ਦੇ ਟੀਏਨ ਮਿਨਹ ਖ਼ਿਲਾਫ਼ ਕਰੇਗਾ। ਰਾਸ਼ਟਰਮੰਡਲ ਖੇਡਾਂ ਵਿੱਚੋਂ ਸੋਨੇ ਦਾ ਤਗ਼ਮਾ ਜੇਤੂ ਪੀ. ਕਸ਼ਯਪ ਪਹਿਲੇ ਗੇੜ ਵਿੱਚ ਕੋਰੀਆ ਦੇ ਲੀ ਹਿਯੂਨ ਦਾ ਸਾਹਮਣਾ ਕਰੇਗਾ। ਇਨ੍ਹਾਂ ਦੋਹਾਂ ਵਿਚਾਲੇ ਹੋਏ ਚਾਰ ਮੁਕਾਬਲਿਆਂ ਵਿੱਚ ਕਸ਼ਯਪ ਸਿਰਫ਼ ਇਕ ਹੀ ਜਿੱਤ ਸਕਿਆ ਹੈ। ਇੰਡੋਨੇਸ਼ੀਆ ਮਾਸਟਰਜ਼ ਜੇਤੂ ਅੈਚਅੈਸ ਪ੍ਰਣਯ ਨੇ ਪਹਿਲੇ ਗੇੜ ਵਿੱਚ ਹਾਂਗਕਾਂਗ ਦੇ ਵੋਂਗ ਵਿੰਗ ਕੀ ਵਿੰਸੇਂਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੈ। ਮਹਿਲਾ ਸਿੰਗਲਜ਼ ਵਿੱਚ ਭਾਰਤ ਦੀ ਇਕ ਮਾਤਰ ਚੁਣੌਤੀ ਪੀਸੀ ਤੁਲਸੀ ਹੈ ਅਤੇ ਉਹ ਆਪਣੀ ਮੁਹਿੰਮ ਡੈਨਮਾਰਕ ਦੀ ਲਾਈਨ ਜਾਇਰਸਫੇਲਟ ਖ਼ਿਲਾਫ਼ ਕਰੇਗੀ। ਮਹਿਲਾ ਡਬਲਜ਼ ਵਿੱਚ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਜੋੜੀ ਚੁਣੌਤੀ ਪੇਸ਼ ਕਰੇਗੀ।

Facebook Comment
Project by : XtremeStudioz