Close
Menu

ਸਿੰਗਾਪੁਰ ਦੰਗੇ : ਤੀਜੇ ਭਾਰਤੀ ਕਾਮੇ ਨੂੰ 18 ਮਹੀਨੇ ਦੀ ਕੈਦ

-- 22 February,2014

Singapore-Riot-2ਸਿੰਗਾਪੁਰ ,22 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਦੋ ਕੁ ਮਹੀਨੇ ਪਹਿਲਾਂ ਹੋਏ ਦੰਗੇ ਦੇ ਕੇਸ ਵਿੱਚ ਇਕ ਭਾਰਤੀ ਨਾਗਰਿਕ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਤੇ ਇਸ ਤਰ੍ਹਾਂ ਦੰਗਿਆਂ ਦੇ ਕੇਸਾਂ ਵਿੱਚ ਸਜ਼ਾ ਪਾਉਣ ਵਾਲਾ ਇਹ ਤੀਜਾ ਭਾਰਤੀ ਹੈ। ਇਥੋਂ ਦੇ ਲਿਟਲ ਇੰਡੀਆ ਇਲਾਕੇ ਵਿੱਚ ਲੰਘੀ ਅੱਠ ਦਸੰਬਰ ਨੂੰ ਹੋਏ ਦੰਗਿਆਂ ਦੇ ਕੇਸਾਂ ਵਿੱਚ 25 ਭਾਰਤੀਆਂ ‘ਤੇ ਦੋਸ਼ ਆਇਦ ਕੀਤੇ ਗਏ ਸਨ।

28 ਸਾਲਾ ਸੇਲਵਰਾਜ ਕਰਿਕਲਨ ਨੇ ਮਨਾਹੀ ਹੁਕਮਾਂ ਦੇ ਬਾਵਜੂਦ ਭੀੜ ਵਿੱਚ ਸ਼ਾਮਲ ਹੋਣ ਦੇ ਦੋਸ਼ ਮੰਨ ਲਿਆ ਸੀ। ‘ਸਟਰੇਟਜ਼ ਟਾਈਮਜ਼’ ਅਖਬਾਰ ਦੀ ਰਿਪੋਰਟ ਅਨੁਸਾਰ ਸੇਲਵਰਾਜ ਦੀ ਕੈਦ ਬੀਤੀ ਅੱਠ ਦਸੰਬਰ ਤੋਂ ਉਸ ਦੀ ਹਿਰਾਸਤ ਦੇ ਸਮੇਂ ਤੋਂ ਲਾਗੂ ਮੰਨੀ ਜਾਵੇਗੀ। ਕਰਿਕਲਨ ਇਥੇ ਇਕ ਉਸਾਰੀ ਕੰਪਨੀ ਵਿੱਚ ਡਰਾਈਵਰ ਸੀ ਅਤੇ ਪਹਿਲਾਂ ਉਸ ‘ਤੇ ਦੰਗੇ ਵਿੱਚ ਹਿੱਸਾ ਲੈਣ ਦਾ ਦੋਸ਼ ਲਾਗੂ ਕੀਤਾ ਗਿਆ ਸੀ, ਜਿਸ ਵਿੱਚ ਉਸ ਨੂੰ ਮੌਤ, ਸਾਲ ਦੀ ਕੈਦ ਤੇ ਕੋੜਿਆਂ ਦੀ ਸਜ਼ਾ ਹੋ ਸਕਦੀ ਸੀ। ਬਾਅਦ ਵਿੱਚ ਇਸਤਗਾਸਾ ਨੇ ਉਸ ਦੇ ਖਿਲਾਫ ਸੋਧਿਆ ਹੋਇਆ ਦੋਸ਼ ਪੱਤਰ ਦਾਇਰ ਕੀਤਾ ਸੀ।

ਇਸ ਤੋਂ ਪਹਿਲਾਂ ਦੋ ਭਾਰਤੀਆਂ ਨੂੰ ਦੰਗਿਆਂ ਦੇ ਕੇਸਾਂ ਵਿੱਚ 15-15 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਜੇ 22 ਭਾਰਤੀਆਂ ਦੀ ਹੋਣੀ ਦਾ ਫੈਸਲਾ ਕੀਤਾ ਜਾਣਾ ਹੈ। ਅੱਠ ਦਸੰਬਰ ਨੂੰ ਭੜਕੇ ਦੰਗਿਆਂ ਵਿੱਚ 49 ਪੁਲਸ ਅਤੇ ਹੋਮ ਟੀਮ ਅਫਸਰ ਜ਼ਖਮੀ ਹੋ ਗਏ ਸਨ ਅਤੇ 23 ਐਮਰਜੈਂਸੀ ਗੱਡੀਆਂ ਨੁਕਸਾਨੀਆਂ ਗਈਆਂ ਸਨ। ਇਸ ਦੌਰਾਨ ਸਰਕਾਰ ਵੱਲੋਂ ਕਾਇਮ ਕੀਤੀ ਗਈ ਜਾਂਚ ਕਮੇਟੀ ਨੇ ਕੱਲ੍ਹ ਵੀ ਜਨਤਕ ਸੁਣਵਾਈ ਜਾਰੀ ਰੱਖੀ। ਜਿਸ ਘਾਤਕ ਬੱਸ ਹਾਦਸੇ ਤੋਂ ਬਾਅਦ ਦੰਗੇ ਭੜਕੇ ਸਨ, ਉਸ ਬੱਸ ਦੀ ਟਾਈਮਕੀਪਰ ਵੌਂਗ ਮੈਂਕ ਵੂਨ ਨੇ ਦੋਸ਼ ਲਾਇਆ ਸੀ ਕਿ ਉਸ ਉਪਰ ਵਿਦੇਸ਼ੀ ਕਾਮਿਆਂ ਨੇ ਹਮਲਾ ਕੀਤਾ ਸੀ।

Facebook Comment
Project by : XtremeStudioz