Close
Menu

ਸਿੰਧ ਜਲ ਸੰਧੀ ਬਾਰੇ ਭਾਰਤ ਤੇ ਪਾਕਿ ਦੇ ਵਫ਼ਦਾਂ ਵਿਚਾਲੇ ਗੱਲਬਾਤ ਸ਼ੁਰੂ

-- 30 August,2018

ਲਾਹੌਰ, ਭਾਰਤ ਤੇ ਪਾਕਿਸਤਾਨ ਵਿਚਕਾਰ ਅੱਜ ਸਿੰਧ ਜਲ ਸੰਧੀ ਦੇ ਵੱਖ ਵੱਖ ਪਹਿਲੂਆਂ ਉੱਤੇ ਇੱਥੇ ਅਹਿਮ ਗੱਲਬਾਤ ਸ਼ੁਰੂ ਹੋਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਅਹੁਦਾ ਸੰਭਾਲਣ ਬਾਅਦ ਇਹ ਦੋਵਾਂ ਮੁਲਕਾਂ ਵਿੱਚ ਪਹਿਲੀ ਦੁਵੱਲੀ ਗੱਲਬਾਤ ਹੈ। ਦੋ ਰੋਜ਼ਾ ਗੱਲਬਾਤ ਦਾ ਪਹਿਲਾ ਗੇੜ ਨੈਸ਼ਨਲ ਇੰਜਨੀਅਰਿੰਗ ਸਰਵਿਸ ਪਾਕਿਸਤਾਨ ਵਿੱਚ ਹੋਇਆ।
ਸਿੰਧ ਜਲ ਸੰਧੀ ਅਨੁਸਾਰ ਦੋਵਾਂ ਦੇਸ਼ਾਂ ਦੇ ਵਫਦਾਂ ਲਈ ਸਾਲ ਵਿੱਚ ਦੋ ਵਾਰ ਮਿਲਣਾ ਜ਼ਰੂਰੀ ਹੈ ਅਤੇ ਸਿੰਧੂ ਦਰਿਆ ਉੱਤੇ ਬਣੀਆਂ ਜਲ ਯੋਜਨਾਵਾਂ ਅਤੇ ਡੈਮਾਂ ਉੱਤੇ ਦੋਵੇਂ ਦੇਸ਼ਾਂ ਦੇ ਜਲ ਕਮਿਸ਼ਨਾਂ ਦੇ ਤਕਨੀਕੀ ਮਹਿਰਾਂ ਨੇ ਫੇਰੀ ਪਾਉਣੀ ਹੁੰਦੀ ਹੈ ਪਰ ਪਾਕਿਸਤਾਨ ਨੂੰ ਇਸ ਕਾਰਜ ਨੂੰ ਸਮੇਂ ਸਿਰ ਕਰਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਭਾਰਤੀ ਵਫਦ ਦੀ ਅਗਵਾਈ ਭਾਰਤੀ ਜਲ ਕਮਿਸ਼ਨ ਦੇ ਕਮਿਸ਼ਨਰ ਪੀ ਕੇ ਸਕਸੇਨਾ ਤੇ ਪਾਕਿਸਤਾਨ ਦੇ ਜਲ ਕਮਿਸ਼ਨ ਦੀ ਅਗਵਾਈ ਸਈਅਤ ਮਿਹਰ ਅਲੀ ਸ਼ਾਹ ਕਰ ਰਹੇ ਹਨ। ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਦੇ ਵਫਦਾਂ ਵੱਲੋਂ ਆਪਣੀਆਂ ਰਿਪੋਰਟਾਂ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਗੱਲਬਾਤ ਤੋਂ ਬਾਅਦ ਸਾਂਝਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।
ਕੱਲ੍ਹ ਸੜਕ ਮਾਰਗ ਰਾਹੀਂ ਪਾਕਿਸਤਾਨ ਵਿੱਚ ਦਾਖ਼ਲ ਹੋਣ ਬਾਅਦ ਵਾਹਗਾ ਸਰਹੱਦ ਉੱਤੇ ਭਾਰਤ ਦੇ 9 ਮੈਂਬਰੀ ਵਫ਼ਦ ਦਾ ਸ੍ਰੀ ਸ਼ਾਹ ਦੀ ਅਗਵਾਈ ਵਿੱਚ ਵਧੀਕ ਕਮਿਸ਼ਨਰ ਸ਼ੇਰਾਜ਼ ਜਮੀਲ ਤੇ ਹੋਰ ਪਾਕਿਸਤਾਨੀ ਅਧਿਕਾਰੀਆਂ ਨੇ ਸਵਾਗਤ ਕੀਤਾ। ਇਸ ਤੋਂਂ ਪਹਿਲਾਂ ਸਿੰਧ ਜਲ ਕਮਿਸ਼ਨ ਦੇ ਮੈਂਬਰਾਂ ਦੀ ਮੀਟਿੰਗ ਮਾਰਚ ਵਿੱਚ ਨਵੀਂ ਦਿੱਲੀ ਵਿੱਚ ਹੋਈ ਸੀ। ਇਸ ਦੌਰਾਨ 1960 ਵਿੱਚ ਹੋਏ ਸਮਝੌਤੇ ਅਨੁਸਾਰ ਦੋਵਾਂ ਦੇਸ਼ਾਂ ਦੇ ਮਾਹਿਰਾਂ ਨੇ ਪਾਣੀ ਦੀ ਵਰਤੋਂ ਅਤੇ ਮਾਤਰਾ ਸਬੰਧੀ ਰਿਪੋਰਟਾਂ ਦਾ ਆਦਾਨ ਪ੍ਰਦਾਨ ਕੀਤਾ ਸੀ।

Facebook Comment
Project by : XtremeStudioz