Close
Menu

ਸਿੱਖਿਆ ਬੋਰਡ ਦਾ ਹਾਈਟੈੱਕ ਸਿਸਟਮ ਬਣਿਆ ਸਕੂਲਾਂ ਲਈ ਸਿਰਦਰਦੀ

-- 22 July,2015

ਅੰਮ੍ਰਿਤਸਰ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਪਣਾਇਆ ਗਿਆ ਹਾਈਟੈੱਕ ਸਿਸਟਮ ਠੱਪ ਹੋਣਾ ਸ਼ੁਰੂ ਹੋ ਗਿਆ ਹੈ ।  ਨੌਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਡਾਟਾ ਅਤੇ ਰਜਿਸਟਰੇਸ਼ਨ ਦਾ ਕੰਮ ਬੋਰਡ ਦੀ ਵੈੱਬਸਾਈਟ ‘ਤੇ ਅਪਲੋਡ ਕਰਨ ਸੰਬੰਧੀ ਸਕੂਲ ਮੁਖੀ ਪ੍ਰੇਸ਼ਾਨ ਹੋ ਰਹੇ ਹਨ ।  ਬੋਰਡ ਦੀ ਵੈੱਬਸਾਈਟ ਵੈਸੇ ਤਾਂ ਖੁੱਲ੍ਹਦੀ ਨਹੀਂ ਤੇ ਜੇਕਰ ਖੁੱਲ੍ਹਦੀ ਵੀ ਹੈ ਤਾਂ ਉਸ ਵਿਚ ਡਾਟਾ ਅਪਲੋਡ ਦੀ ਰਫ਼ਤਾਰ ਇੰਨ੍ਹੀ ਹੌਲੀ ਹੈ ਕਿ ਇਕ ਦਿਨ ਵਿਚ ਸਿਰਫ 10 ਵਿਦਿਆਰਥੀਆਂ ਦੀਆਂ ਗਿਣਤੀ ਹੀ ਦਰਜ ਹੋ ਸਕਦੀ ਹੈ । ਰੈਕੋਗਨਾਈਜ਼ਡ ਐਫੀਲੀਏਟਿਡ ਸਕੂਲ  ਐਸੋਸੀਏਸ਼ਨ (ਰਾਸਾ)  ਦੇ ਰਾਜਸੀ ਜਨਰਲ ਸਕੱਤਰ  ਪੰ. ਕੁਲਵੰਤ ਰਾਏ ਸ਼ਰਮਾ, ਜ਼ਿਲਾ ਪ੍ਰਧਾਨ ਕਮਲਜੋਤ ਸਿੰਘ ਤੇ ਜਨਰਲ ਸਕੱਤਰ ਸੁਸ਼ੀਲ ਅਗਰਵਾਲ ਨੇ ਕਿਹਾ ਹੈ ਕਿ ਵੈੱਬਸਾਈਟ ਦੀ ਸਮੱਸਿਆ ਨੇ ਸਕੂਲ ਮੁਖੀਆਂ ਦੀ ਪ੍ਰੇਸ਼ਾਨੀ ਨੂੰ ਵਧਾ ਦਿੱਤਾ ਹੈ ।  ਬੋਰਡ ਹਾਈਟੈੱਕ ਪ੍ਰਣਾਲੀ ਨੂੰ ਅਪਣਾਉਣ ਲਈ ਘੱਟੋ-ਘੱਟ ਆਪਣਾ ਸਿਸਟਮ ਤਾਂ ਉੱਚ ਕੁਆਲਟੀ ਦਾ ਲਾਏ ਤਾਂਕਿ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਠੀਕ ਤਰੀਕੇ ਨਾਲ ਹੋ ਸਕੇ। ਇਸ ਸਮੱਸਿਆ ਬਾਰੇ ਬੋਰਡ ਨੂੰ ਸੂਚਿਤ ਕਰਨ ਦੇ ਬਾਵਜੂਦ ਨਤੀਜਾ ਸਿਫਰ ਹੈ।   ਉਨ੍ਹਾਂ ਕਿਹਾ ਕਿ ਕਈ ਵਾਰ ਬੋਰਡ ਦੀ ਵੈੱਬਸਾਈਟ ਕਰੈਸ਼ ਹੋ ਜਾਂਦੀ ਹੈ ।  ਕਈ ਵਾਰ ਵੈਬਸਾਈਟ ‘ਤੇ ਸਾਰਾ ਡਾਟਾ ਸਟੋਰ ਨਹੀਂ ਹੁੰਦਾ ਹੈ ਤੇ ਫਿਰ ਭਰਨਾ ਪੈਂਦਾ ਹੈ। ਇਸ ਤਰ੍ਹਾਂ ਕੰਪਿਊਟਰ ‘ਤੇ ਜੋ ਵੀ ਗਲਤੀ ਰਹਿ ਜਾਵੇ , ਬੋਰਡ ਫਿਰ ਪ੍ਰਤੀ ਗਲਤੀ ਭਾਰੀ ਜੁਰਮਾਨਾ ਵਸੂਲਦਾ ਹੈ ।
ਉਨ੍ਹਾਂ  ਕਿਹਾ ਕਿ ਬੋਰਡ ਦੀ ਵੈੱਬਸਾਈਟ ‘ਤੇ ਇਸ਼ਤਿਹਾਰਾਂ ਦੀ ਭਰਮਾਰ ਹੈ,  ਜਿਸ ਕਾਰਨ ਇਹ ਹੌਲੀ ਹੈ।  ਉਨ੍ਹਾਂ ਮੰਗ ਕੀਤੀ ਹੈ ਕਿ ਇਸ ਨੂੰ ਛੇਤੀ ਤੋਂ ਛੇਤੀ ਠੀਕ ਕੀਤਾ ਜਾਵੇ ਤਾਂਕਿ ਅਧਿਆਪਕ ਵਰਗ ਨੂੰ ਆਪਣੇ ਵਿਦਿਆਰਥੀਆਂ ਦਾ ਡਾਟਾ ਭਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇ ।  ਕਈ ਸਕੂਲ ਮੁਖੀਆਂ ਨੇ ਦੱਸਿਆ ਕਿ ਸਕੂਲ ਸਮੇਂ ‘ਚ ਤਾਂ ਵੈੱਬਸਾਈਟ ਖੁੱਲ੍ਹਦੀ ਹੀ ਨਹੀਂ।  ਉਨ੍ਹਾਂ ਨੇ ਸਕੂਲ ਦੇ 2 ਅਧਿਆਪਕਾਂ ਨੂੰ ਡਿਊਟੀ ਟਾਈਮ ਤੋਂ ਫਾਰਗ ਕਰਕੇ ਸਕੂਲ ਟਾਈਮ ਤੋਂ ਬਾਅਦ ਬੁਲਾਉਣ ਦਾ ਪ੍ਰਬੰਧ ਕੀਤਾ ਹੈ। ਸਕੂਲ ਟਾਈਮ ਦੇ ਬਾਅਦ ਵੀ ਬੋਰਡ ਦੀ ਵੈੱਬਸਾਈਟ ਨਾ ਖੁੱਲ੍ਹਣਾ ਵੱਡੀ ਸਮੱਸਿਆ ਹੈ ।

Facebook Comment
Project by : XtremeStudioz