Close
Menu

ਸਿੱਖਿਆ ਮੰਤਰੀ ਵੱਲੋਂ ਤਰਸ ਦੇ ਆਧਾਰ ਵਾਲੇ ਕੇਸਾਂ ਦਾ ਨਿਪਟਾਰਾ 90 ਦਿਨਾਂ ਦੇ ਅੰਦਰ ਕਰਨ ਦੇ ਆਦੇਸ਼

-- 02 September,2015

*      ਪੈਂਡਿੰਗ ਕੇਸਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲਾ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾਉਣ ਦੀਆਂ ਹਦਾਇਤਾਂ
*     560 ਪੇਂਡੂ ਸਹਿਯੋਗੀ ਅਧਿਆਪਕਾਂ ਨੂੰ 15 ਦਿਨਾਂ ਅੰਦਰ ਮਿਲਣਗੇ ਨਿਯੁਕਤੀ ਪੱਤਰ: ਡਾ.ਚੀਮਾ
*     ਖੇਡ ਵਿੰਗਾਂ ਦੇ ਨਿਰੀਖਣ ਲਈ ਕਮੇਟੀਆਂ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ, 2 ਸਤੰਬਰ : ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਤਰਸ ਦੇ ਆਧਾਰ ‘ਤੇ ਕੇਸਾਂ ਦਾ ਨਿਪਟਾਰਾ 90 ਦਿਨਾਂ ਦੇ ਅੰਦਰ ਹਰ ਹੀਲੇ ਕੀਤਾ ਜਾਵੇ। ਡਾ.ਚੀਮਾ ਅੱਜ ਇਥੇ ਸਿਵਲ ਸਕੱਤਰੇਤ ਵਿਖੇ ਵਿਭਾਗ ਦੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲੈਣ ਸਬੰਧੀ ਰੱਖੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਮੀਟਿੰਗ ਦੌਰਾਨ ਤਰਸ ਦੇ ਆਧਾਰ ‘ਤੇ ਕੇਸਾਂ ਦਾ ਰੀਵਿਊ ਕਰਦਿਆਂ ਸਿੱਖਿਆ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਦੇ ਨਿਪਟਾਰੇ ਦੇ ਕੰੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਮੈਂਬਰ ਵੱਲੋਂ ਅਪਲਾਈ ਕੀਤੇ ਜਾਣ ਦੇ 90 ਦਿਨਾਂ ਅੰਦਰ ਹਰ ਹੀਲੇ ਕੇਸ ਦਾ ਨਿਪਟਾਰਾ ਕਰ ਕੇ ਪੀੜਤ ਪਰਿਵਾਰ ਨੂੰ ਉਸ ਦਾ ਹੱਕ ਦਿੱਤਾ ਜਾਵੇ। ਸਿੱਖਿਆ ਮੰਤਰੀ ਨੇ ਵਿਚਾਰ ਅਧੀਨ ਕੇਸਾਂ ਦੇ ਤੁਰੰਤ ਨਿਪਟਾਰੇ ਲਈ ਡਾਇਰੈਕਟਰ (ਪ੍ਰਸ਼ਾਸਨ) ਨੂੰ ਇਹ ਨਿਰਦੇਸ਼ ਦਿੱਤੇ ਕਿ ਜ਼ਿਲਾ ਪੱਧਰ ‘ਤੇ ਵਿਸ਼ੇਸ਼ ਕੈਂਪ ਲਗਾ ਕੇ ਪੀੜਤ ਪਰਿਵਾਰਾਂ ਨੂੰ ਬੁਲਾ ਕੇ ਇਨ੍ਹਾਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਉਨ੍ਹਾਂ ਕਿਹਾ ਕਿ ਵਿਭਾਗ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਕੋਲ ਜਾ ਕੇ ਲੋੜੀਂਦੇ ਦਸਤਾਵੇਜ਼ ਨਾਲ ਕੇਸ ਤਿਆਰ ਕਰ ਕੇ ਅਪਲਾਈ ਕਰੇ ਅਤੇ ਉਸ ਤੋਂ ਬਾਅਦ ਤਿੰਨ ਮਹੀਨਿਆਂ ਅੰਦਰ ਇਸ ਦਾ ਨਿਪਟਾਰਾ ਕਰੇ।
ਅਧਿਆਪਕਾਂ ਦੀ ਪੁਰਾਣੀ ਚੱਲ ਰਹੀ ਭਰਤੀ ਦਾ ਜਾਇਜ਼ਾ ਲੈਣ ਉਪਰੰਤ ਸਿੱਖਿਆ ਮੰਤਰੀ ਨੇ ਦੱਸਿਆ ਕਿ 560 ਪੇਂਡੂ ਸਹਿਯੋਗੀ ਅਧਿਆਪਕਾਂ ਨੂੰ ਆਉਂਦੇ 15 ਦਿਨਾਂ ਦੇ ਅੰਦਰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮੈਰਿਟ ਅਨੁਸਾਰ ਉਮੀਦਵਾਰਾਂ ਨੂੰ ਬੁਲਾ ਕੇ ਪਸੰਦ ਦੇ ਸਟੇਸ਼ਨ ਅਲਾਟ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 1847 ਪੇਂਡੂ ਸਹਿਯੋਗੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ ਅਤੇ ਹੁਣ ਦੂਜੇ ਪੜਾਅ ਵਿੱਚ 560 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਡਾ.ਚੀਮਾ ਨੇ ਸਿੱਖਿਆ ਵਿਭਾਗ ਦੇ ਖੇਡ ਵਿੰਗਾਂ ਦੀ ਕਾਰਜਪ੍ਰਣਾਲੀ ਵਿਚ ਹੋਰ ਸੁਧਾਰ ਲਿਆਉਣ ਲਈ ਵਿੰਗਾਂ ਦੇ ਨਿਰੰਤਰ ਨਿਰੀਖਣ ਲਈ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਕਮੇਟੀਆਂ ਵਿੰਗਾਂ ਦੀ ਨਿਰੰਤਰ ਚੈਕਿੰਗ ਕਰ ਕੇ ਖਿਡਾਰੀਆਂ ਦੀ ਡਾਇਟ, ਰਹਿਣ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ।
ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਸੀ.ਰਾਊਲ, ਡੀ.ਪੀ.ਆਈ. (ਸੈਕੰਡਰੀ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ) ਸ੍ਰੀ ਹਰਬੰਸ ਸਿੰਘ ਸੰਧੂ, ਡਾਇਰੈਕਟਰ (ਪ੍ਰਸ਼ਾਸਨ) ਸ੍ਰੀਮਤੀ ਪੰਕਜ ਸ਼ਰਮਾ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ, ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਡਾ. ਗੁਰਜੀਤ ਸਿੰਘ, ਡਿਪਟੀ ਡਾਇਰੈਕਟਰ ਕਰਮਜੀਤ ਸਿੰਘ, ਅਮਰੀਸ਼ ਕੁਮਾਰ ਤੇ ਭਗਵੰਤ ਸਿੰਘ ਆਦਿ ਹਾਜ਼ਰ ਸਨ।

Facebook Comment
Project by : XtremeStudioz