Close
Menu

ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਜਵਾਬ ਤਲਬੀ

-- 20 May,2015

ਅਗਲੇ ਸਾਲ ਮਾਡ਼ੇ ਨਤੀਜੇ ਆੳੁਣ ’ਤੇ ਸਖ਼ਤ ਕਾਰਵਾੲੀ ਦੀ ਚੇਤਾਵਨੀ;  ਅਧਿਆਪਕਾਂ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕੀਤੀ

ਐਸ.ਏ.ਐਸ. ਨਗਰ -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਸਬੰਧੀ ਸਰਕਾਰੀ ਸਕੂਲਾਂ ਦੀ ਮਾੜੀ ਕਾਰਗੁਜ਼ਾਰੀ ਦਾ ਗੰਭੀਰ ਨੋਟਿਸ ਲੈਂਦਿਆਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਜਵਾਬ ਤਲਬੀ ਕੀਤੀ ਹੈ। ਮਾੜੇ ਨਤੀਜੇ ਲਈ ਸਬੰਧਤ ਵਿਸ਼ੇ ਦੇ ਅਧਿਆਪਕ ਦੀ ਜਵਾਬਦੇਹੀ ਤੈਅ ਕਰਦਿਆਂ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਸਰਕਾਰੀ ਮਾਡਲ ਸਕੂਲ ਖਰੜ ਸਮੇਤ ਕੁਰਾਲੀ, ਮੁੱਲਾਂਪੁਰ ਗਰੀਬਦਾਸ, ਲਾਲੜੂ, ਮੁਬਾਰਕਪੁਰ, ਸਹੌੜਾ, ਸਕਰੂਲਾਪੁਰ, ਸੋਹਾਣਾ ਤੇ ਸਿਆਲਬਾ ਮਾਜਰੀ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 100 ਫ਼ੀਸਦੀ ਨਤੀਜਾ ਆਉਣ ਲਈ ਸਾਬਾਸ਼ ਵੀ ਦਿੱਤੀ ਅਤੇ ਇਨ੍ਹਾਂ ਸਕੂਲਾਂ ਨੂੰ ਪ੍ਰਸ਼ੰਸਾਂ ਪੱਤਰ ਦੇਣ ਦਾ ਐਲਾਨ ਕੀਤਾ।
ਅੱਜ ਇੱਥੇ ਫੇਜ਼-8 ਸਥਿਤ ਡੀਜੀਐਸਈ ਦਫ਼ਤਰ ਦੇ ਕਮੇਟੀ ਰੂਮ ਵਿੱਚ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦੀ ਸਮੀਖਿਆ ਕਰਨ ਸਬੰਧੀ ਸਮੂਹ ਪ੍ਰਿੰਸੀਪਲਾਂ ਦੀ ਸੱਦੀ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਕਲਾਸ ਲੈਂਦਿਆਂ ਆਖਿਆ ਕਿ ਸਕੂਲ ਨੌਜਵਾਨਾਂ ਦੇ ਭਵਿੱਖ ਦੀ ਬੁਨਿਆਦ ਹਨ। ਜੇਕਰ ਬੁਨਿਆਦ ਹੀ ਕੱਚੀ ਪਿੱਲੀ ਹੋਵੇਗੀ ਤਾਂ ਉਸ ’ਤੇ ਤਰੱਕੀਆਂ ਦੀ ਮੰਜ਼ਲ ਕਿਵੇਂ ਖੜ੍ਹੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਵਿਸ਼ੇ ਮੁਤਾਬਕ ਅਧਿਆਪਕਾਂ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕੀਤੀ ਗਈ।
ਇਸ ਮੌਕੇ ਤੀੜਾ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀ ਅਧਿਆਪਕਾਂ ਦਾ ਕਹਿਣਾ ਨਹੀਂ ਮੰਨਦੇ  ਅਤੇ ਕੰਧਾਂ ਟੱਪ ਜਾਂਦੇ ਹਨ, ਜਿਸ ਕਾਰਨ ਹੁਣ ਸਕੂਲ ਦੀਆਂ ਕੰਧਾਂ 8 ਫੁੱਟ ਉੱਚੀਆਂ ਕੀਤੀਆਂ ਗਈਆਂ ਹਨ। ਪਰ ਸਿੱਖਿਆ ਮੰਤਰੀ ਪ੍ਰਿੰਸੀਪਲ ਦੀ ਇਸ ਦਲੀਲ ਨਾਲ ਸਹਿਮਤ ਨਹੀਂ ਹੋਏ। ੳੁਨ੍ਹਾਂ ਕਿਹਾ ਕਿ ਕੰਧਾਂ ਉੱਚੀਆਂ ਕਰਨ ਨਾਲ ਗੱਲ ਨਹੀਂ ਬਣੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੋਚ ਬਦਲਣ ਦੀ ਲੋੜ ਹੈ। ਡਾ. ਚੀਮਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲ ਦੀ ਸਮੀਖਿਆ ਕਰ ਕੇ ਉਨ੍ਹਾਂ ਨੂੰ ਤੁਰੰਤ ਰਿਪੋਰਟ ਦੇਣ।  ਇਸ ਦੌਰਾਨ ਸਭ ਤੋਂ ਵੱਧ ਸ਼ਰਮਿੰਦਗੀ ਸਰਕਾਰੀ ਮਾਡਲ ਸੀਨੀਅਰ ਸਕੂਲ ਫੇਜ਼-3ਬੀ1 ਦੀ ਪ੍ਰਿੰਸੀਪਲ ਨੂੰ ਝੱਲਣੀ ਪੲੀ । ਸ਼ਹਿਰ ਦੇ ਇੱਕੋ ਇੱਕ ਸਰਕਾਰੀ ਮਾਡਲ ਸਕੂਲ ਦਾ ਕੋਈ ਵੀ ਵਿਦਿਆਰਥੀ ਮੈਰਿਟ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ ਹੈ। ਇਸ ਮੌਕੇ ਡਾ. ਚੀਮਾ ਨੇ ਸਾਇੰਸ ਸਟਰੀਮ ਦੇ ਵਿਦਿਆਰਥੀਆਂ ਦੀ ਘੱਟ ਗਿਣਤੀ ’ਤੇ ਚਿੰਤਾ ਪ੍ਰਗਟਾਉਂਦਿਆਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਨੌਵੀਂ ਤੇ ਦਸਵੀਂ ਸ਼੍ਰੇਣੀ ਤੋਂ ਹੀ ਵਿਦਿਆਰਥੀਆਂ ਨੂੰ ਸਾਇੰਸ ਸਟਰੀਮ ਲਈ ਪ੍ਰੇਰਿਆ ਜਾਵੇ।  ਸਿੱਖਿਆ ਮੰਤਰੀ ਨੇ ਆਦੇਸ਼ ਦਿੱਤੇ ਕਿ ਜਿਹੜੇ ਅਧਿਆਪਕ ਆਰਜ਼ੀ ਤੌਰ ’ਤੇ ਸਿੱਖਿਆ ਦਫ਼ਤਰਾਂ ਵਿੱਚ ਬੈਠੇ ਹਨ, ਉਨ੍ਹਾਂ ਨੂੰ ਤੁਰੰਤ ਪਿਤਰੀ ਸਕੂਲਾਂ ’ਚ ਭੇਜਿਆ ਜਾਵੇ ਅਤੇ ਪ੍ਰਿੰਸੀਪਲਾਂ ਤੋਂ ਵੀ ਵਾਧੂ ਚਾਰਜ ਵਾਪਸ ਲਏ ਜਾਣ।
ਡਾ. ਚੀਮਾ ਨੇ ਕਿਹਾ ਕਿ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਮਾੜੇ ਨਤੀਜਿਆਂ ਵਾਲੇ ਸਕੂਲਾਂ ਦੇ ਸਟਾਫ਼ ਖ਼ਿਲਾਫ਼  ਸਖ਼ਤ ਕਾਰਵਾਈ ਕੀਤੀ ਜਾਵੇਗੀ।  ਇਸ ਮੌਕੇ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸੀ.ਰਾਊਲ, ਡੀਜੀਐਸਈ ਪਰਦੀਪ ਅਗਰਵਾਲ, ਡੀਪੀਆਈ (ਸੈਕੰਡਰੀ) ਬਲਬੀਰ ਸਿੰਘ ਢੋਲ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਮੇਵਾ ਸਿੰਘ ਸਿੱਧੂ, ਵਧੀਕ ਸਟੇਟ ਪ੍ਰਾਜੈਕਟ ਡਾਇਰੈਕਟਰ ਡਾ. ਗਿੰਨੀ ਦੁੱਗਲ ਹਾਜ਼ਰ ਸਨ।

Facebook Comment
Project by : XtremeStudioz