Close
Menu

ਸਿੱਖ ਕੈਦੀਆਂ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸਰਕਾਰ: ਬਾਦਲ

-- 21 July,2015

ਧੂਰੀ, 21 ਜੁਲਾਈ-ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਹਲਕਾ ਧੂਰੀ ਦੇ ਸੰਗਤ ਦਰਸ਼ਨ ਦੌਰਾਨ ਕਿਹਾ ਕਿ ਸੂਬਾ ਸਰਕਾਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਦੇਸ਼ ਭਰ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਾਦਲ ਨੇ ਕਿਹਾ ਕਿ ਇਹ ਸੰਵੇਦਨਸ਼ੀਲ ਮਸਲਾ ਹੈ ਅਤੇ ਸੂਬਾ ਸਰਕਾਰ ਨੇ ਇਸ ਨਾਲ ਪੈਦਾ ਹੋਏ ਹਾਲਾਤ ’ਤੇ ਨਜ਼ਰ ਰੱਖੀ ਹੋੲੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਸਲੇ ਨੂੰ ਚੰਗੀ ਤਰ੍ਹਾਂ ਨਾਲ ਸਮਝੇ ਬਗੈਰ ਕੋਈ ਵੀ ਕਦਮ ਨਾ ਚੁੱਕਣ। ੳੁਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲ ਵਿੱਚ ਬਰਕਰਾਰ ਰੱਖਿਆ ਜਾਵੇਗਾ ਅਤੇ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ।
ਅਮਰੀਕਾ ਵਿੱਚ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਖ਼ਿਲਾਫ਼ ਹੋਏ ਰੋਸ ਮੁਜ਼ਾਹਰੇ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸੂਬੇ ਦੇ ਹਿੱਤਾਂ ਦਾ ਨੁਕਸਾਨ ਕਰਦੀਆਂ ਹਨ। ਕੁਝ ਅਜਿਹੇ ਲੋਕ ਜਿਨ੍ਹਾਂ ਨੂੰ ਸੂਬੇ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਜਾਣਕਾਰੀ ਨਹੀ ਹੈ, ਉਹ ਅਜਿਹੇ ਕਾਰੇ ਕਰਦੇ ਹਨ ਜੋ ਕਿ ਗਲਤ ਹਨ। ਅਜਿਹੀਆਂ ਘਟਨਾਵਾਂ ਦੇ ਸਮਰੱਥਕ ਪੰਜਾਬ ਵਿੱਚ ਮੁਡ਼ ਕਾਲੇ ਦਿਨ ਲਿਆਉਣਾ ਚਾਹੁੰਦੇ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੂਠੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਆਦੀ ਹੈ। ਕੈਪਟਨ ਵੱਲੋਂ ਉਨ੍ਹਾਂ ਖਿਲਾਫ਼ ਅਤੇ ਸੂਬਾ ਸਰਕਾਰ ਖਿਲਾਫ਼ ਲਾਏ ਗਏ ਸਾਰੇ ਦੋਸ਼ ਨਿਰਾਧਾਰ ਹਨ। ੳੁਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਦੀਅਾਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ।
ਮੁੱਖ ਮੰਤਰੀ ਨੇ ਪਿੰਡ ਮਾਨਾਂ, ਈਸੀ, ਲੁਹਾਰ ਮਾਜਰਾ,  ਖੇੜੀ ਜੱਟਾਂ, ਮੀਮਸਾ, ਚੀਮਾ, ਬੁਰਜਾ ਗੌਹਰਾ, ਬੁਰਜ ਸੇਢਾ, ਕੌਲਸੇੜੀ, ਜੱਖਲਾਂ, ਸ਼ੇਰਪੁਰ  ਸੋਢੀਆਂ, ਭੁੱਲਰਹੇੜੀ, ਸਮੁੰਦਗੜ੍ਹ ਛੰਨਾ, ਕੰਧਾਰਗੜ੍ਹ ਛੰਨਾ ਦੇ ਲੋਕਾਂ ਦੀਅਾਂ  ਸਮੱਸਿਆਵਾਂ ਸੁਣੀਅਾਂ ਅਤੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਅਾਂ। ਇਸ ਮੌਕੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਹਲਕਾ ਵਿਧਾਇਕ ਭਾਈ  ਗੋਬਿੰਦ ਸਿੰਘ ਲੌਂਗੋਵਾਲ, ਵਿਧਾਇਕ ਇਕਬਾਲ ਸਿੰਘ ਝੁੰਦਾ, ਸੁਰਿੰਦਰਪਾਲ ਸਿੰਘ ਨੀਟਾ,  ਗੁਰਦੀਪ ਸਿੰਘ ਗਿੱਪੀ, ਜਗਜੀਤ ਸਿੰਘ ਲੀਲਾ, ਮਨਵਿੰਦਰ ਸਿੰਘ ਬਿੰਨਰ, ਸੁਖਮਿੰਦਰ ਸਿੰਘ  ਈਸੀ, ਪਰਮਿੰਦਰ ਸਿੰਘ ਪੰਮਾ ਅਤੇ ਹੋਰ ਹਾਜ਼ਰ ਸਨ।

ਘੱਗਰ ਨਾਲ ਹੋਈ ਤਬਾਹੀ ਦਾ ਠੀਕਰਾ ਕੇਂਦਰ ਤੇ ਗੁਅਾਂਢੀ ਸੂਬੇ ਸਿਰ ਭੰਨਿ੍ਹਆ
ਪਿੰਡ  ਈਸੀ ਵਿੱਚ ਪੱਤਰਕਾਰਾਂ ਵੱਲੋਂ ਘੱਗਰ ਦਰਿਆ ਵਿੱਚ ਪੲੇ ਪਾਡ਼ਾਂ ਬਾਰੇ ਪੁੱਛੇ ਜਾਣ ’ਤੇ  ਮੁੱਖ ਮੰਤਰੀ ਨੇ ਇਸ ਦਾ ਠੀਕਰਾ ਕੇਂਦਰ ਸਰਕਾਰ ਅਤੇ ਗੁਆਂਢੀ ਸੂਬੇ ਸਿਰ ਭੰਨ੍ਹਦਿਅਾਂ ਕਿਹਾ  ਕਿ ਘੱਗਰ ਦੇ ਬੰਨ੍ਹ ਦਾ ਕੰਮ ਮਨਜ਼ੂਰ ਹੋ ਚੁੱਕਿਆ ਹੈ ਅਤੇ ਪੰਜਾਬ ਨੇ ਆਪਣੇ ਹਿੱਸੇ ਦਾ  ਅੱਧਾ ਕੰਮ ਮੁਕੰਮਲ ਵੀ ਕਰ ਲਿਆ ਹੈ ਪਰ ਗੁਆਂਢੀ ਸੂਬੇ ਨੇ ਕੇਂਦਰ ਨੂੰ ਅਜਿਹੀ ਸਥਿਤੀ  ਬਿਅਾਨੀ ਹੈ ਕਿ ਕੇਂਦਰ ਸਰਕਾਰ ਇਸ ਕੰਮ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਘੱਗਰ  ਦਰਿਆ ਦੇ ਕਿਨਾਰੇ ਟੁੱਟਣ ਕਾਰਨ ਜ਼ਿਲ੍ਹਾ ਸੰਗਰੂਰ ਦੇ ਕਈ ਪਿੰਡਾਂ ’ਚ ਹੋੲੇ ਫ਼ਸਲਾਂ ਦੇ  ਨੁਕਸਾਨ ਅਤੇ ਤਬਾਹੀ ਤੋਂ ਪ੍ਰਭਾਵਿਤ ਲੋਕਾਂ ਦੀਆਂ ਪ੍ਰੇਸ਼ਾਨੀਆਂ ਜਾਣਨ ਲੲੀ ਮੁੱਖ ਮੰਤਰੀ  ਦੇ ਦੌਰੇ ਸਬੰਧੀ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਉਹ ਸੰਗਤ ਦਰਸ਼ਨ ਕਰਨ ਆਏ ਹਨ। ਉਨ੍ਹਾਂ  ਰਾਹਤ ਪ੍ਰਬੰਧਾਂ ਬਾਰੇ ਕਿਹਾ ਕਿ ਇਸ ਕੰਮ ਲੲੀ ਡਿਪਟੀ ਕਮਿਸ਼ਨਰ  ਸੰਗਰੂਰ ਦੀ ਡਿੳੂਟੀ ਲਾੲੀ ਗਈ ਹੈ ਅਤੇ ਨਿਰਦੇਸ਼ ਦਿੱਤੇ ਗੲੇ ਹਨ ਕਿ ਹੜ੍ਹ ਪੀੜਤਾਂ ਦੀ  ਸੂਚੀ ਬਣਾਈ ਜਾਵੇ ਤਾਂ ਜੋ ੳੁਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ।

ਖੰਡ ਮਿੱਲ ਤੋਂ ਬਕਾੲਿਅਾ ਦਿਵਾੳੁਣ ਸਬੰਧੀ ਕਿਸਾਨਾਂ ਨੂੰ ਦਿੱਤਾ ਕੋਰਾ ਜਵਾਬ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਅਤਬਾਰ ਸਿੰਘ ਬਾਦਸ਼ਾਹਪੁਰ, ਜ਼ਿਲ੍ਹਾ ਪ੍ਰੈੱਸ ਸਕੱਤਰ ਜਰਨੈਲ ਸਿੰਘ ਜਹਾਂਗੀਰ, ਬਲਾਕ ਪ੍ਰਧਾਨ ਨਿਰਮਲ ਸਿੰਘ ਘਨੌਰ ਕਲਾਂ ਅਤੇ ਸ਼ੂਗਰ ਕੇਨ ਸੁਸਾਇਟੀ ਧੂਰੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਨੂੰ ੲਿੱਥੇ ਏ.ਪੀ. ਅੈਨਕਲੇਵ ਵਿਖੇ ਮਿਲਿਆ। ਵਫ਼ਦ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸ਼ੂਗਰ ਮਿੱਲ ਧੂਰੀ ਵੱਲ ਕਿਸਾਨਾਂ ਵੱਲੋਂ ਵੇਚੇ ਗੰਨੇ ਦਾ ਕਰੀਬ 34 ਕਰੋੜ ਰੁਪੲੇ ਦਾ ਬਕਾਇਆ ਪਿਆ ਹੈ, ਉਹ ਜਲਦੀ ਦਿਵਾਇਆ ਜਾਵੇ। ਵਫ਼ਦ ਨੇ ਦੱਸਿਆ ਕਿ ਮੁੱਖ ਮੰਤਰੀ ਨੇ ੲਿਹ ਮੰਗ ਸੁਣਨ ਤੋਂ ਬਾਅਦ ਪੈਸੇ ਦਿਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਕਿਸਾਨਾਂ ਦੇ ਆੜ੍ਹਤੀਏ ਹਨ ਅਤੇ ੳੁਹ ਕਿਸੇ ਨਿੱਜੀ ਵਿਅਕਤੀ ਤੋਂ ਪੈਸੇ ਨਹੀਂ ਦਿਵਾ ਸਕਦਾ। ਨਾਰਾਜ਼ ਹੋੲੇ ਵਫ਼ਦ ਨੇ ਕਿਹਾ ਕਿ ਅਜਿਹੇ ਬਿਆਨ ਨਾਲ ਕਿਸਾਨਾਂ ਦੀਅਾਂ ਖੁਦਕਸ਼ੀਆਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਸੰਗਤ ਦਰਸ਼ਨ ਨੂੰ ਢੌਂਗ ਕਰਾਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ  ਜੇਕਰ ਮੁੱਖ ਮੰਤਰੀ ਨੇ ਆਪਣਾ ਬਿਆਨ ਵਾਪਸ ਲੈ ਕੇ ਕਿਸਾਨਾਂ ਦੀ ਪੇਮੈਂਟ ਜਲਦੀ ਨਾ ਦਿਵਾਈ ਤਾਂ ਕਿਸਾਨ ਯੂਨੀਅਨ ਤਿੱਖਾ ਸੰਘਰਸ਼ ਆਰੰਭੇਗੀ।

Facebook Comment
Project by : XtremeStudioz