Close
Menu

ਸਿੱਖ ਕੈਬ ਚਾਲਕ ਦੇ ਹਮਲਾਵਰ ਨੂੰ 15 ਮਹੀਨੇ ਦੀ ਕੈਦ

-- 20 December,2018

ਨਿਊਯਾਰਕ, 20 ਦਸੰਬਰ

ਅਮਰੀਕਾ ਦੇ ਸਿਆਟਲ ’ਚ ਪਿਛਲੇ ਸਾਲ ਭਾਰਤੀ ਮੂਲ ਦੇ 53 ਸਾਲਾ ਸਿੱਖ ਕੈਬ ਚਾਲਕ ’ਤੇ ਹਥੌੜੇ ਨਾਲ ਹਮਲਾ ਕਰਨ ਦੇ ਦੋਸ਼ੀ ਨੂੰ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸਿੱਖਾਂ ਦੇ ਮਨੁੱਖੀ ਅਧਿਕਾਰਾਂ ਬਾਰੇ ਸਮੂਹ ‘ਦਿ ਸਿੱਖ ਕੋਲੀਸ਼ਨ’ ਅਨੁਸਾਰ ਸਵਰਨ ਸਿੰਘ ਨਾਂ ਦੇ ਕੈਬ ਚਾਲਕ ’ਤੇ ਰੌਰੀ ਬੇਨਸਨ ਨਾਂ ਕੇ ਵਿਅਕਤੀ ਨੇ ਦਸੰਬਰ 2017 ’ਚ ਜਾਨਲੇਵਾ ਹਮਲਾ ਕਰ ਦਿੱਤਾ ਸੀ। ਬੇਨਸਨ ਨੇ ਸਿਆਟਲ ਦੀ ਅਦਾਲਤ ’ਚ ਲੰਘੇ ਸ਼ੁੱਕਰਵਾਰ ਨੂੰ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸ ਨੂੰ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗਵਾਹਾਂ ਨੇ ਆਪਣੇ ਬਿਆਨ ’ਚ ਦੱਸਿਆ ਹੈ ਕਿ ਸਵਰਨ ਸਿੰਘ ’ਤੇ ਜਦੋਂ ਇਹ ਹਮਲਾ ਕੀਤਾ ਗਿਆ ਤਾਂ ਉਹ ਬੇਨਸਨ ਅਤੇ ਉਸ ਦੀ ਮਾਂ ਨੂੰ ਉਸ ਦੇ ਘਰ ਛੱਡਣ ਗਿਆ ਹੋਇਆ ਸੀ। ਬੇਨਸਨ ਕਾਰ ਦੀ ਅਗਲੀ ਸੀਟ ’ਤੇ ਬੈਠਾ ਹੋਇਆ ਸੀ ਅਤੇ ਉਸ ਕੱਪੜੇ ਦੇ ਇੱਕ ਟੁਕੜੇ ਨਾਲ ਸਵਰਨ ਸਿੰਘ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕੀਤੀ। ਸਵਰਨ ਸਿੰਘ ਨੇ ਪੱਗ ਬੰਨ੍ਹੀ ਹੋਈ ਸੀ। ਬਿਆਨ ’ਚ ਕਿਹਾ ਗਿਆ ਹੈ ਕਿ ਸਵਰਨ ਸਿੰਘ ਨੇ ਤੁਰੰਤ ਕਾਰ ’ਚੋਂ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਬੇਨਸਨ ਨੇ ਆਪਣੇ ਥੈਲੇ ’ਚੋਂ ਹਥੌੜਾ ਕੱਢ ਕੇ ਉਸਦਾ ਪਿੱਛਾ ਕੀਤਾ ਤੇ ਉਸ ਦੇ ਸਿਰ ’ਚ ਕਈ ਵਾਰ ਹਥੌੜੇ ਮਾਰੇ। ਬੇਨਸਨ ਨੇ ਖਾਸ ਤੌਰ ’ਤੇ ਸਵਰਨ ਸਿੰਘ ਦੀ ਪੱਗ ਨੂੰ ਨਿਸ਼ਾਨਾ ਬਣਾਇਆ ਤੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਹਮਲੇ ਕਾਰਨ ਸਵਰਨ ਸਿੰਘ ਦੀ ਖੋਪੜੀ ’ਚ ਗੰਭੀਰ ਸੱਟਾਂ ਵੱਜੀਆਂ ਸਨ। ਬਾਅਦ ਵਿੱਚ ਬੇਨਸਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 

Facebook Comment
Project by : XtremeStudioz