Close
Menu

‘ਸਿੱਟ’ ਹੀ ਜਾਰੀ ਰੱਖੇ ਮੌੜ ਧਮਾਕੇ ਦੀ ਜਾਂਚ: ਹਾਈ ਕੋਰਟ

-- 26 September,2018

ਬਠਿੰਡਾ, ਪਿਛਲੇ ਸਾਲ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਹੋਏ ਮੌੜ ਬੰਬ ਧਮਾਕੇ ਜਿਸ ਵਿਚ ਪੰਜ ਬੱਚਿਆਂ ਸਮੇਤ ਸੱਤ ਜਣੇ ਮਾਰੇ ਗਏ ਸਨ, ਦੀ ਜਾਂਚ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਹੀ ਜਾਰੀ ਰੱਖੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਕ੍ਰਿਸ਼ਨਾ ਮੁਰਾਰੀ ਤੇ ਜਸਟਿਸ ਅਰੁਣ ਪਾਲੀ ਦੇ ਬੈਂਚ ਵੱਲੋਂ ਅੱਜ ‘ਸਿੱਟ’ ਦੀ ਜਾਂਚ ’ਤੇ ਤਸੱਲੀ ਜ਼ਾਹਿਰ ਕੀਤੀ ਅਤੇ ਸੀਬੀਆਈ ਜਾਂ ਐਨਆਈਏ ਜਾਂਚ ਦੀ ਮੰਗ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਪਾਤੜਾਂ ਦੇ ਗੁਰਜੀਤ ਸਿੰਘ ਵਗ਼ੈਰਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਮੌੜ ਧਮਾਕੇ ਦੀ ਜਾਂਚ ਸੀਬੀਆਈ ਤੋਂ ਕਰਾਏ ਜਾਣ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ 21 ਅਗਸਤ ਨੂੰ ਸਿੱਟ ਦੀ ਖਿਚਾਈ ਕੀਤੀ ਸੀ ਅਤੇ ਜਾਂਚ ਦੀ ਪ੍ਰਗਤੀ ਸਬੰਧੀ ਮਹੀਨੇ ਅੰਦਰ ਸੀਲ ਬੰਦ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਅੱਜ ‘ਸਿੱਟ’ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਹਾਈ ਕੋਰਟ ਵਿਚ ਪੇਸ਼ ਹੋਏ ਤੇ ਉਨ੍ਹਾਂ ਧਮਾਕੇ ਦੀ ਹੁਣ ਤੱਕ ਹੋਈ ਜਾਂਚ ਦੀ ਰਿਪੋਰਟ ਸੀਲਬੰਦ ਲਿਫ਼ਾਫ਼ੇ ਵਿੱਚ ਪੇਸ਼ ਕੀਤੀ। ਅਦਾਲਤ ਨੇ ਅੱਜ ਸੀਲਬੰਦ ਲਿਫ਼ਾਫ਼ੇ ਵਿਚਲੀ ਰਿਪੋਰਟ ਵਾਚਣ ਮਗਰੋਂ ਫ਼ੈਸਲਾ ਸੁਣਾਇਆ ਕਿ ‘ਸਿੱਟ’ ਵੱਲੋਂ ਜਾਂਚ ਲਈ ਠੀਕ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਇਹ ਖੁੱਲ੍ਹ ਦੇ ਦਿੱਤੀ ਹੈ ਕਿ ਜੇ ਉਹ ਸਿੱਟ ਜਾਂਚ ਤੋਂ ਸੰਤੁਸ਼ਟ ਨਾ ਹੋਏ ਤਾਂ ਉਹ ਇਸੇ ਪਟੀਸ਼ਨ ਨੂੰ ਮੁੜ ਚਲਾ ਸਕਣਗੇ। ਗੁਰਜੀਤ ਸਿੰਘ ਦਾ ਕਹਿਣਾ ਸੀ ਕਿ ਜੇ ਸਿੱਟ ਨੇ ਧਮਾਕੇ ਦੀ ਜਾਂਚ ਨੇੜ ਭਵਿੱਖ ਵਿਚ ਕਿਸੇ ਤਣ-ਪੱਤਣ ਨਾ ਲਾਈ ਤਾਂ ਉਹ ਮੁੜ ਹਾਈ ਕੋਰਟ ਬਹੁੜਣਗੇ। ਬੰਬ ਧਮਾਕੇ ਦੀ ਜਾਂਚ ਦੇ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਨੇ ਅੱਜ ਪਟੀਸ਼ਨ ਨਿਪਟਾ ਦਿੱਤੀ ਹੈ ਅਤੇ ਸਿੱਟ ਦੀ ਜਾਂਚ ਨੂੰ ਸਮਾਂਬੱਧ ਨਹੀਂ ਕੀਤਾ ਗਿਆ। ਸੂਤਰ ਆਖਦੇ ਹਨ ਕਿ ਸਿੱਟ ਉੱਪਰ ਹਾਈ ਕੋਰਟ ਦਾ ਵੀ ਦਬਾਓ ਸੀ ਜਿਸ ਕਰ ਕੇ ਲੰਘੇ ਮਹੀਨੇ ਸਿੱਟ ਨੇ ਮੌੜ ਧਮਾਕੇ ਦੀ ਜਾਂਚ ਵਿੱਚ ਕਾਫ਼ੀ ਹੱਥ ਪੈਰ ਮਾਰੇ ਹਨ। ਇਸੇ ਦੌਰਾਨ, ਤਲਵੰਡੀ ਸਾਬੋ ਦੀ ਅਦਾਲਤ ਨੇ ਮੌੜ ਬੰਬ ਧਮਾਕੇ ‘ਚ ਨਾਮਜ਼ਦ ਕੀਤੇ ਤਿੰਨ ਮੁੱਖ ਮੁਲਜ਼ਮਾਂ ਨੂੰ ਭਗੌੜਾ ਐਲਾਨਣ ਤੋਂ ਪਹਿਲਾਂ ਇਕ ਆਖ਼ਰੀ ਮੌਕਾ ਦਿੱਤਾ ਹੈ। ਜੇ 24 ਦਿਨਾਂ ਦੇ ਅੰਦਰ ਇਹ ਮੁਲਜ਼ਮ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ ਜਾਵੇਗਾ। ਮੌੜ ਬੰਬ ਧਮਾਕੇ ਦੇ ਤਫ਼ਤੀਸ਼ੀ ਅਫ਼ਸਰ ਨੇ ਤਲਵੰਡੀ ਸਾਬੋ ਅਦਾਲਤ ਵਿਚ ਆਪਣੇ ਬਿਆਨ ਦਰਜ ਕਰਾ ਦਿੱਤੇ ਹਨ ਅਤੇ ਤਿੱਕੜੀ ਦੇ ਘਰਾਂ ਅੱਗੇ ਇਸ਼ਤਿਹਾਰ ਲਾਏ ਜਾਣ ਬਾਰੇ ਸੂਚਨਾ ਦਿੱਤੀ ਹੈ। ਦੱਸਣਯੋਗ ਹੈ ਕਿ ਅਦਾਲਤ ਨੇ 24 ਅਗਸਤ ਨੂੰ ਇਨ੍ਹਾਂ ਤਿੰਨੋਂ ਮੁਲਜ਼ਮਾਂ ਦੇ ਜਨਤਕ ਇਸ਼ਤਿਹਾਰ ਜਾਰੀ ਕਰ ਦਿੱਤੇ ਸਨ। ਤਲਵੰਡੀ ਸਾਬੋ ਅਦਾਲਤ ਨੇ ਹੁਣ ਅਗਲੀ ਤਰੀਕ 19 ਅਕਤੂਬਰ ਪਾਈ ਹੈ। ਤਿੰਨੋਂ ਮੁਲਜ਼ਮ ਉਦੋਂ ਤੋਂ ਹੀ ਰੂਪੋਸ਼ ਹਨ ਜਦੋਂ ਤੋਂ ਉਨ੍ਹਾਂ ਨੂੰ ਮੌੜ ਬੰਬ ਧਮਾਕੇ ਦੇ ਕੇਸ ਵਿਚ ਨਾਮਜ਼ਦ ਕੀਤਾ ਹੈ। ਦੱਸਣਯੋਗ ਹੈ ਕਿ ਮੌੜ ਬੰਬ ਧਮਾਕੇ ਦੇ ਸਬੰਧ ਵਿਚ ਫਰਵਰੀ 2018 ਵਿਚ ਹੀ ਗੁਰਤੇਜ ਸਿੰਘ ਕਾਲਾ, ਅਮਰੀਕ ਸਿੰਘ ਅਤੇ ਅਵਤਾਰ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਲਈ ਇਸ ਤਿੱਕੜੀ ਤੋਂ ਗੁਰਤੇਜ ਕਾਲਾ ਨੂੰ ਫੜਨਾ ਸਭ ਤੋਂ ਅਹਿਮ ਹੈ। ਕਾਲਾ ਹੀ ਬੰਬ ਧਮਾਕੇ ਦੀ ਜਾਂਚ ਨੂੰ ਅੱਗੇ ਤੋਰ ਸਕਦਾ ਹੈ। ਵਿਸ਼ੇਸ਼ ਜਾਂਚ ਟੀਮ ਦੇ ਹੱਥ ਇਸ ਤਿੱਕੜੀ ’ਚੋਂ ਕਿਸੇ ਦੇ ਨੇੜੇ ਨਹੀਂ ਪੁੱਜੇ ਹਨ। ਜਾਂਚ ਟੀਮ ਨੂੰ ਇਹੋ ਹੈ ਕਿ ਇਹ ਤਿੱਕੜੀ ਕਿਸੇ ਡੇਰੇ ਵਿਚ ਛੁਪੀ ਹੋ ਸਕਦੀ ਹੈ ਜਿਸ ਕਰ ਕੇ ਗੁਆਂਢੀ ਸੂਬਿਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰਾਂ ਨੇ ਕੁੱਝ ਦਿਨ ਪਹਿਲਾਂ ਮੌੜ ਮੰਡੀ ਵਿਚ ਬੰਬ ਧਮਾਕੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਅਤੇ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ। ਹਕੀਕਤ ਵਿਚ ਜਾਂਚ ਟੀਮ ਨੂੰ ਕੋਈ ਠੋਸ ਸੂਹ ਹੱਥ ਨਹੀਂ ਲੱਗ ਰਹੀ ਹੈ।

Facebook Comment
Project by : XtremeStudioz