Close
Menu

ਸਿੱਧੂ ਦਾ ਖੁੱਲਿਆ ਭੇਦ, ਲੋਕ ਸਭਾ ਦੀਆਂ 74 ਫੀਸਦੀ ਬੈਠਕਾਂ ‘ਚੋਂ ਰਹੇ ਗੈਰਹਾਜ਼ਰ

-- 22 September,2013

bjooo

ਚੰਡੀਗੜ੍ਹ, 22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਿਛਲੇ ਕੁਝ ਦਿਨਾਂ ਤੋਂ ਸਿਆਸੀ ਨਾਟਕਾਂ ਵਿਚ ਮਸ਼ਰੂਫ ਭਾਜਪਾ ਸਾਂਸਦ ਨਵਜੋਤ ਸਿੰਘ ਸਿੱਧੂ ਦ ਲੋਕ ਸਭਾ ਬੈਠਕਾਂ ਪ੍ਰਤੀ ਗੰਭੀਰਤਾ  ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ 74 ਫੀਸਦੀ ਬੈਠਕਾਂ ਵਿਚ ਸ਼ਾਮਿਲ ਹੀ ਨਹੀਂ ਹੋਏ ਹਨ ,ਭਾਵ ਜਿੱਥੇ ਉਹ ਚਾਹੀਦੇ ਹਨ ਉਸਨੂੰ ਛੱਡਕੇ ਬਾਕੀ ਸਾਰੀਆਂ ਥਾਵਾਂ ‘ਤੇ ਉਹ ਪੂਰੀ ਤਰ੍ਹਾਂ ਨਜ਼ਰ ਆ ਰਹੇ ਹਨ।

ਭਾਵੇਂ ਕਿ ਕੋਈ ਰਿਆਲਟੀ ਸ਼ੋਅ, ਕਾਮੇਡੀ ਸਰਕਸ, ਸਟਾਰ ਨਾਇਟ ਜਾਂ ਕ੍ਰਿਕਟ ਕੁਮੈਂਟਰੀ ਬਾਕਸ ਹੋਵੇ ਉੱਥੇ ਕ੍ਰਿਕਟਰ ਤੋਂ ਸਿਆਸਤਦਾਨ ਬਣਿਆ ਨਵਜੋਤ ਸਿੰਘ ਸਿੱਧੂ ਹਰ ਥਾਂ ਆਪਣਾ ਵੱਖਰਾ ਹੀ ਅੰਦਾਜ਼ ਪੇਸ਼ ਕਰ ਰਿਹਾ ਹੁੰਦਾ ਹੈ, ਪ੍ਰੰਤੂ ਜਦੋਂ ਲੋਕ ਸਭਾ ਦੀ ਗੱਲ ਆਉਂਦੀ ਹੈ ਤਾਂ ਉਹ 2014 ਵਿਚ ਜਦੋਂ ਆਪਣੀ ਤੀਸਰੀ ਪਾਰੀ ਖਤਮ ਕਰਨ ਜਾ ਰਿਹਾ ਹੈ ਤਾਂ ਇਹ ਲੋਕ ਮਸਲਿਆਂ ਨੂੰ ਉਠਾਉਣ ਵਾਲੇ ਦੇਸ਼ ਦੇ ਸਭ ਤੋਂ ਉੱਚੇ ਮੰਚ ਵਿਚ ਆਪਣੇ ਲੋਕਾਂ ਜਾਂ ਸੂਬੇ ਦੀ ਗੱਲ ਕਰਦਾ ਨਜ਼ਰ ਨਹੀਂ ਆਉਂਦਾ। ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਲੋਕ ਸਭਾ ਦੇ 2009 ਤੋਂ 9 ਸਤੰਬਰ 2013 ਤੱਕ ਹੋਏ 14 ਸੈਸ਼ਨਾਂ ਵਿਚੋਂ ਸ਼ੈਸ਼ਨਾਂ ਦੌਰਾਨ ਕੁੱਲ 340 ਦਿਨਾਂ ਦੀਆਂ ਬੈਠਕਾਂ ਵਿਚੋਂ ਉਹ 249 ਦਿਨ ਲੋਕ ਸਭਾ ਹੀ ਨਹੀਂ ਪਹੁੰਚਿਆ , ਜੋ ਕਿ 74 ਫੀਸਦੀ ਗੈਰਹਾਜ਼ਰੀ ਨੂੰ ਸਾਬਿਤ ਕਰਦਾ ਹੈ।

ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਸ੍ਰੀ ਸਿੱਧੂ ਨੂੰ 2009 ਤੋਂ ਹੁਣ ਤੱਕ ਲਗਾਤਾਰ 4 ਬਜਟ ਸ਼ੈਸ਼ਨਾਂ ਦੌਰਾਨ ਵੀ ਲੋਕ ਸਭਾ ਵਿਚ ਜਾਣ ਦਾ ਸਮਾਂ ਨਹੀਂ ਲੱਗਿਆ। ਉਕਤ ਸਾਂਸਦ ਦੀ ਸਦਨ ਪ੍ਰਤੀ ਬੇਰੁੱਖੀ ਜਾਂ ਇਹ ਕਹਿ ਲਓ ਗੈਰਸੰਜੀਦਗੀ ਇਹ ਹੈ ਕਿ 2011 ਦੇ ਬਜਟ ਸ਼ੈਸ਼ਨ ਦੌਰਾਨ ਉਹ ਸਿਰਫ ਇਕ ਦਿਨ ਲੋਕ ਸਭਾ ਵਿਚ ਪਹੁੰਚੇ ਅਤੇ 27 ਦਿਨ ਗੈਰਹਾਜ਼ਰ ਰਹੇ। ਇਸੇ ਤਰ੍ਹਾਂ 2013 ਦੇ ਬਜਟ ਸ਼ੈਸ਼ਨ ਦੌਰਾਨ 25 ਦਿਨ ਸ਼ੈਸ਼ਨ ਵਿਚ ਨਹੀਂ ਗਏ ਤੇ ਸਿਰਫ 7 ਦਿਨ ਹੀ ਸਦਨ ਵਿਚ ਹਾਜ਼ਰ ਹੋਏ। ਇਸ ਤੋਂ ਇਲਾਵਾ 2012 ਵਿਚ ਉਨ੍ਹਾਂ ਨੇ ਸਿਰਫ 2 ਦਿਨ ਬਜਟ ਸ਼ੈਸ਼ਨ ਵਿਚ ਹਿੱਸਾ ਲਿਆ ਤੇ 33 ਦਿਨ ਗੈਰਹਾਜ਼ਰ ਰਹਿਣ ਦਾ ਇਤਿਹਾਸ ਸਿਰਜਿਆ। ਇਸੇ ਤਰ੍ਹਾਂ 2010 ਦੇ ਬਜਟ ਸ਼ੈਸ਼ਨ ਵਿਚੋਂ ਉਹ 32 ਵਿਚੋਂ ਕੇਵਲ 7  ਦਿਨ ਹੀ ਲੋਕ ਸਭਾ ਵਿਚ ਪਹੁੰਚੇ।

ਗੱਲ ਸਿਰਫ ਬਜਟ ਸ਼ੈਸ਼ਨਾਂ ਦੀ ਨਹੀਂ ਹੈ ਭਾਜਪਾ ਸਾਂਸਦ ਜੋ ਕਿ ਆਪਣੀ ਪਾਰਟੀ ਦੇ 40 ਸਟਾਰ ਕੰਪੇਨਰਾਂ ਵਿਚੋਂ ਇਕ ਹੈ ਨੇ 26 ਫੀਸਦੀ ਮੌਕਿਆਂ ‘ਤੇ ਲੋਕ ਸਭਾ ਦੀ ਕਾਰਵਾਈ ਵਿਚ ਹਿੱਸਾ ਲਿਆ ਹੈ। ਸਿਆਸੀ ਪੰਡਿਤਾਂ ਦਾ ਇਹ ਮੰਨਣਾ ਹੈ ਕਿ ਉਹ ਆਪਣੇ ਲੋਕ ਸਭਾ ਹਲਕੇ ਵਿਚ ਵਿਕਾਸ ਨਾ ਹੋਣ ਦੀ ਦੁਹਾਈ ਦੇ ਕੇ ਆਪਣੀ ਪਾਰਟੀ ਦੇ ਸਹਿਯੋਗੀਆਂ ਵਿਰੁੱਧ ਦੂਸ਼ਣਬਾਜੀ ਕਰਨ ਦੀ ਥਾਂ ਆਪਣੀ ਪੀ੍ਹੜੀ ਥੱਲੇ ਸੋਟਾ ਫੇਰਨ।

ਭਾਜਪਾ ਸਾਂਸਦ ਵਲੋਂ ਲਗਾਤਾਰ ਅੰਮ੍ਰਿਤਸਰ ਦੇ ਵਿਕਾਸ ਪ੍ਰਾਜੈਕਟਾਂ ਦੀ ਅਣਦੇਖੀ ਦੀ ਤੋਹਮਤ ਲਾ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਲਈ ਨਮੋਸ਼ੀਜਨਕ ਸਥਿਤੀ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਹੀ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ ਹੈ।

ਲਗਭਗ 8 ਮਹੀਨੇ ਪਹਿਲਾਂ ਆਪਣੇ ਹਲਕੇ ਵਿਚ ਗਾਇਬ ਹੋਏ ਸ੍ਰੀ ਸਿੱਧੂ ਦਾ ਪਤਾ ਲਾਉਣ ਲਈ ਇਕ ਗੈਰ ਸਰਕਾਰੀ ਸੰਸਥਾ ਨੂੰ ਉਨ੍ਹਾਂ ਦੀ ਗੁੰਮਸੁਦਗੀ ਦੇ ਪੋਸਟਰ ਲਾਉਣੇ ਪਏ ਸਨ ਅਤੇ ਉਹ 15 ਦਿਨ ਪਹਿਲਾਂ ਹੀ ਆਪਣੇ ਹਲਕੇ ਵਿਚ ਵਾਪਸ ਆਏ ਹਨ ਅਤੇ ਆਉਂਦੇ ੇਸਾਰ ਹੀ ਪੰਜਾਬ ਸਰਕਾਰ ਵਿਰੁੱਧ ਆਪਣੀ ਭੜਾਸ ਕੱਢਣ ਲੱਗ ਪਏ ਹਨ। ਦੂਜੇ ਪਾਸੇ ਸ੍ਰੀ ਸਿੱਧੂ ਦੇ ਇਨ੍ਹਾਂ ਦੋਸ਼ਾਂ ਦੇ ਉਲਟ ਸ. ਸੁਖਬੀਰ ਸਿੰਘ ਬਾਦਲ ਵਲੋਂ ਰਾਜ ਅੰਦਰ ਸ਼ੁਰੂ ਕੀਤੇ ਜਾ ਰਹੇ 13,890 ਕਰੋੜ ਰੁਪੈ ਦੇ ਵੱਡੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ 10 ਸਤੰਬਰ ਨੂੰ ਗੁਰੂ ਨਗਰੀ ਅੰਮ੍ਰਿਤਸਰ ਤੋਂ ਕੀਤੀ ਗਈ ਹੈ। ਇਸ ਮੌਕੇ ਉਪ ਮੁੱਖ ਮੰਤਰੀ ਨੇ ਸਿੱਧੂ ਵਲੋਂ ਉਠਾਏ ਗਏ ਕਿਸੇ ਵੀ ਮੁੱਦੇ ‘ਤੇ ਬਹਿਸ ਕਰਨ ਦੀ ਥਾਂ 2016 ਤੱਕ ਪਵਿੱਤਰ ਨਗਰੀ ਵਿਚ 2000 ਕਰੋੜ ਰੁਪੈ ਦੇ ਵਿਕਾਸ ਪ੍ਰਾਜੈਕਟਾਂ ਨੂੰ ਨੇਪਰੇ ਚਾੜਨ ਦਾ ਐਲਾਨ ਕੀਤਾ ਗਿਆ ਹੈ।

ਲਗਭਗ ਹਰ ਰੋਜ਼ ਵੱਖ-ਵੱਖ ਟੀ.ਵੀ. ਸ਼ੋ ਅਤੇ ਕਾਮੇਡੀ ਨਾਇਟਸ ਵਿਦ ਕਪਿਲ ਪ੍ਰੋਗਰਾਮ ਵਿਚ ਨਾਨ ਸਟਾਪ ਹੱਸਦੇ ਅਤੇ ਕ੍ਰਿਕਟ ਮੁਕਾਬਲਿਆਂ ਵਿਚ ਆਪਣੀ ਰਾਏ ਦਿੰਦੇ ਸ੍ਰੀ ਸਿੱਧੂ ਨੇ ਤਾਂ 2012 ਵਿਚ ਰਿਆਇਟੀ ਸ਼ੋ ਬਿਗ ਬਾਸ ਵਿਚ ਵੀ ਹਿੱਸਾ ਲਿਆ ਸੀ। ਦੂਸਰੇ ਪਾਸੇ ਸਿੱਧੂ ਆਪਣੇ ਹਲਕੇ ਵਿਚੋਂ ਗੈਰਹਾਜ਼ਰੀ ਦਾ ਬਚਾਅ ਇਹ ਕਹਿਕੇ ਕਰਨ ਦਾ ਯਤਨ ਕਰਦੇ ਹਨ ਕਿ ਉਹ ਟੀ.ਵੀ ਪ੍ਰੋਗਰਾਮਾਂ ਰਾਹੀਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ ਤੇ ਉਸ ਬਿਨ੍ਹਾਂ ਰਹਿ ਨਹੀਂ ਸਕਦੇ। ਇਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਜਿੱਥੇ ਸ੍ਰੀ ਸਿੱਧੂ ਲੋਕ ਸਭਾ ਵਿਚੋਂ ਗੈਰਹਾਜ਼ਰ ਰਹਿੰਦੇ ਹਨ ਉੱਥੇ ਉਨ੍ਹਾਂ ਦੀ ਵਿਧਾਇਕ ਪਤਨੀ ਨਵਜੋਤ ਕੌਰ ਵਿਧਾਨ ਸਭਾ ਸ਼ੈਸ਼ਨਾਂ ਵਿਚ ਲਗਾਤਾਰ ਹਾਜ਼ਰ ਰਹਿੰਦੇ ਹਨ ਅਤੇ ਆਪਣੇ ਵਿਧਾਨ ਸਭਾ ਹਲਕੇ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਵੀ ਕਾਫੀ ਖੁੱਲਾ ਸਮਾਂ ਦਿੰਦੇ ਹਨ।

Facebook Comment
Project by : XtremeStudioz