Close
Menu

ਸੀਪੀਐਮ ਤੇ ਕਾਂਗਰਸ ’ਚ ਸੀਟਾਂ ਦੀ ਵੰਡ ਲਈ ਸਹਿਮਤੀ ਬਣੀ

-- 15 February,2019

ਕੋਲਕਾਤਾ, 15 ਫਰਵਰੀ
ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ਵਿੱਚ ਸੀਟਾਂ ਦੀ ਵੰਡ ਲਈ ਸੀਪੀਐਮ ਤੇ ਕਾਂਗਰਸ ਨੂੰ ਆਪੋ ਆਪਣੀ ਹਾਈ ਕਮਾਨ ਤੋਂ ਝੰਡੀ ਮਿਲ ਗਈ ਹੈ। ਹਾਲਾਂਕਿ ਦੋਵਾਂ ਪਾਰਟੀਆਂ ਦੇ ਆਗੂਆਂ ਦਾ ਮੰਨਣਾ ਹੈ ਕਿ ਇਹ ਕਾਰਜ ਕੋਈ ਬਹੁਤਾ ਸੁਖਾਲਾ ਨਹੀਂ ਹੋਵੇਗਾ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੇ ਸਾਲ 2011 ਵਿੱਚ 34 ਸਾਲ ਪੁਰਾਣੀ ਖੱਬੇ ਪੱਖੀ ਸਰਕਾਰ ਨੂੰ ਪੱਛਮੀ ਬੰਗਾਲ ਦੀ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ।
ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਸਬੰਧੀ ਰਸਮੀ ਗੱਲਬਾਤ ਨੂੰ ਉਦੋਂ ਹੁਲਾਰਾ ਮਿਲਿਆ ਸੀ ਜਦੋਂ ਸੀਪੀਐਮ ਤੇ ਕਾਂਗਰਸ ਦੀ ਕੌਮੀ ਲੀਡਰਸ਼ਿਪ ਨੇ ਪਿਛਲੇ ਹਫ਼ਤੇ ਆਪੋ ਆਪਣੀਆਂ ਸੂਬਾਈ ਇਕਾਈਆਂ ਨੂੰ ਕਰਾਰ (ਸੀਟਾਂ ਸਬੰਧੀ) ਫਾਈਨਲ ਕਰਨ ਲਈ ਆਖ ਦਿੱਤਾ ਸੀ। ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸ਼ਨਿਚਰਵਾਰ ਨੂੰ ਪਾਰਟੀ ਦੀ ਪੋਲਿਟ ਬਿਊਰੋ ਮੀਟਿੰਗ ਮਗਰੋਂ ਕਿਹਾ ਸੀ ਕਿ ਲੋਕ ਸਭਾ ਚੋਣਾਂ ਲਈ ਚੋਣ ਭਾਈਵਾਲ ਸੂਬਾਈ ਪੱਧਰ ’ਤੇ ਸਮੀਕਰਨਾਂ ਮੁਤਾਬਕ ਬਣਾਇਆ ਜਾਵੇਗਾ। ਉਧਰ ਪੱਛਮੀ ਬੰਗਾਲ ਕਾਂਗਰਸ ਦੇ ਮੁਖੀ ਸੋਮੇਨ ਮਿਤਰਾ ਦਾ ਕਹਿਣਾ ਸੀ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਇਕਾਈ ਨੂੰ ਚੋਣ ਰਣਨੀਤੀ ਬਣਾਉਣ ਦੀ ਅਧਿਕਾਰਤ ਖੁੱਲ੍ਹ ਦੇ ਦਿੱਤੀ ਹੈ।
ਸੂਤਰਾਂ ਮੁਤਾਬਕ ਕਾਂਗਰਸ ਪੱਛਮੀ ਬੰਗਾਲ ਦੀਆਂ 42 ਲੋਕ ਸਭਾ ਸੀਟਾਂ ’ਚੋਂ 20 ਉੱਤੇ ਚੋਣ ਲੜਨ ਦੀ ਇੱਛੁਕ ਹੈ ਜਦੋਂਕਿ ਖੱਬੇ ਪੱਖੀ ਫਰੰਟ ਵੱਲੋਂ ਘੱਟੋ-ਘੱਟ 26 ਤੋਂ 28 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਸੀਪੀਐਮ ਪੋਲਿਟ ਬਿਊਰੋ ਦੇ ਇਕ ਸੀਨੀਅਰ ਮੈਂਬਰ ਨੇ ਨਾਮ ਨਸ਼ਰ ਨਾ ਕਰਨ ਦੀ ਸ਼ਰਤ ’ਤੇ ਦੱਸਿਆ, ‘ਹਾਲ ਦੀ ਘੜੀ ਦੋਵਾਂ ਪਾਰਟੀਆਂ ਦਰਮਿਆਨ ਗੈਰਰਸਮੀ ਸੀਟਾਂ ਦੀ ਵੰਡ ਹੋਵੇਗੀ। ਅਸੀਂ ਅਜੇ ਇਸ ਸਥਿਤੀ ਵਿੱਚ ਨਹੀਂ ਹਾਂ ਕਿ ਆਪਣੇ ਦਮ ’ਤੇ ਸਾਰੀਆਂ ਸੀਟਾਂ ਜਿੱਤ ਸਕੀਏ। ਲਿਹਾਜ਼ਾ ਅਸੀਂ 26 ਤੋਂ 28 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਾਂਗੇ। ਅਸੀਂ ਕਾਂਗਰਸ ਸਮੇਤ ਹਰ ਧਰਮਨਿਰਪੱਖ ਤੇ ਜਮਹੂਰੀ ਤਾਕਤਾਂ ਨੂੰ ਹਮਾਇਤ ਦੇਵਾਂਗੇ।’ ਪੱਛਮੀ ਬੰਗਾਲ ਵਿੱਚ ਖੱਬੇ ਫਰੰਟ ਵਿੱਚ ਕੁੱਲ ਨੌਂ ਪਾਰਟੀਆਂ ਹਨ। ਉਧਰ ਸੀਨੀਅਰ ਕਾਂਗਰਸ ਆਗੂ ਪ੍ਰਦੀਪ ਭੱਟਾਚਾਰੀਆ ਨੇ ਉਨ੍ਹਾਂ ਦੀ ਪਾਰਟੀ 20 ਸੀਟਾ ਤੋਂ ਇਲਾਵਾ ਰਾਇਗੰਜ ਤੇ ਮੁਰਸ਼ਿਦਾਬਾਦ ਸੀਟਾਂ ਤੋਂ ਵੀ ਦਾਅਵੇਦਾਰੀ ਪੇਸ਼ ਕਰੇਗੀ।

Facebook Comment
Project by : XtremeStudioz