Close
Menu

ਸੀਰੀਆਈ ਰਿਫੂਅਜੀਆਂ ਦੀ ਮਦਦ ਲਈ ਛੇਤੀ ਹੀ ਕੰਮ ਸ਼ੁਰੂ ਹੋਵੇਗਾ- ਹਾਰਪਰ

-- 11 September,2015

ਔਟਵਾ : ਕੰਸਰਵੇਟਿਵ ਆਗੂ ਸਟੀਫਨ ਹਾਰਪਰ ਵਲੋਂ ਸੀਰੀਆਈ ਸ਼ਰਨਾਰਥੀਆਂ ਬਾਰੇ ਆਪਣੇ ਰਵਈਏ ਵਿਚ ਬਦਲਾਓ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਸੀਰੀਆਈ ਸ਼ਰਨਾਰਥੀਆਂ ਦੀ ਮਦਦ ਅਤੇ ਵਸੇਵੇਂ ਬਾਰੇ ਪ੍ਰਕਿਰੀਆ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ।

ਅੱਜ ਤੋਂ ਹਫ਼ਤਾ ਪਹਿਲਾਂ 3 ਸਾਲਾਂ ਸੀਰੀਆਈ ਬੱਚੇ ਦੀ ਲਾਸ਼ ਤੁਰਕੀ ਦੇ ਬੀਚ ਤੇ ਲੱਭੀ ਸੀ ਜਿਸ ਨੇ ਕੈਨੇਡਾ ਦੀਆਂ ਤਿੰਨੇ ਵੱਡੀਆਂ ਪਾਰਟੀਆਂ ਨੂੰ ਸੀਰੀਆ ਅਤੇ ਈਰਾਕ ਵਿਚ ਫੈਲੇ ਮਾਨਵੀ ਸ਼ਰਨਾਰਥੀ ਸੰਕਟ ਬਾਰੇ ਸੋਚਣ ਲਈ ਮਜਬੂਰ ਕਰ ਦਿਤਾ ਸੀ।

ਹਾਰਪਰ ਵਲੋਂ ਆਪਣੀ ਚੋਣ ਮੁਹਿੰਮ ਵਿਚ ਕਿਹਾ ਜਾ ਰਿਹਾ ਸੀ ਕਿ ਅਗਰ ਉਹ ਸਰਕਾਰ ਬਣਾਉਂਦੇ ਹਨ ਤਾਂ ਉਹ ਹੋਰ ਸੀਰੀਆਈ ਸ਼ਰਨਾਰਥੀਆਂ ਨੂੰ ਕੈਨੇਡਾ ਵਿਚ ਸ਼ਰਣ ਦੇਣ ਲਈ ਕੰਮ ਕਰਨਗੇ। ਪਰ ਇਸ ਬੱਚੇ ਦੀ ਤਸਵੀਰ ਨਸ਼ਰ ਹੋਣ ਤੋਂ ਬਾਅਦ ਕੈਨੇਡੀਅਨ ਲੋਕਾਂ ਵਲੋਂ 11,300 ਸ਼ਰਨਾਰਥੀਆਂ ਬਾਰੇ ਫੈਸਲਾ ਲੈਣ ਲਈ ਦਬਾਓ ਪਾਇਆ ਜਾ ਰਿਹਾ ਹੈ ਜਿਸ ਬਾਰੇ ਕੈਨੇਡੀਅਨ ਸਰਕਾਰ ਵਲੋਂ ਪਹਿਲਾਂ ਹੀ ਵਾਅਦਾ ਕੀਤਾ ਜਾ ਚੁੱਕਾ ਹੈ।

ਬੀਤੇ ਕੁੱਝ ਦਿਨਾਂ ਤੋਂ ਪੱਤਰਕਾਰਾਂ ਵਲੋਂ ਹਾਰਪਰ ਨੂੰ ਮੁੜ ਮੁੜ ਸੀਰੀਆਈ ਰਿਫੂਅਜੀਆਂ ਦੇ ਸਵਾਲਾਂ ਤੇ ਘੇਰਿਆ ਜਾ ਰਿਹਾ ਸੀ। ਹਾਰਪਰ ਵਲੋਂ ਇਸ ਦੇ ਜਵਾਬ ਵਿਚ ਕਿਹਾ ਗਿਆ ਸੀ ਕਿ ਇਸ ਬਾਰੇ ਪ੍ਰਕਿਰਿਆ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਅੱਜ ਉਨ੍ਹਾਂ ਵਲੋਂ ਇਸ ਤੇ ਬਾਰੇ ਤੇਜ਼ੀ ਲਿਆਉਣ ਦੀ ਗੱਲ ਕਹੀ ਹੈ।

ਪ੍ਰਿੰਸ ਐਡਵਰਡ ਆਈਲੈਂਡ ਵਿਖੇ ਸੰਬੋਧਨ ਰੈਲੀ ਵਿਚ ਉਨ੍ਹਾਂ ਕਿਹਾ ਕਿ ਬਹੁਤ ਛੇਤੀ ਇਸ ਦਿਸ਼ਾ ਵਿਚ ਅਹਿਮ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੁਨੀਆਂ ਭਰ ਦੇ ਦੇਸ਼ਾਂ ਵਿਚੋਂ ਸ਼ਰਨਾਰਥੀ ਵਸੇਵੇਂ ਲਈ ਸੱਭ ਤੋਂ ਅੱਗੇ ਹੈ। ਅਸੀਂ ਇਸ ਵਸੇਵੇਂ ਪ੍ਰੋਗਰਾਮ ਨੂੰ ਸਹੀ ਢੰਗ ਨਾਲ ਨੇਪਰੇ ਚਾੜਨਾ ਚਾਹੁੰਦੇ ਹਾਂ ਜਿਸ ਵਿਚ ਕੈਨੇਡਾ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।

ਰਿਫੂਅਜੀ ਵਕੀਲ ਨੇ ਕਿਹਾ ਕਿ ਇਸ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਹੋਰ ਮੁਲਾਜ਼ਮਾਂ ਨੂੰ ਵੀਜ਼ਾ ਦਫ਼ਤਰਾਂ ਵਿਚ ਭੇਜਿਆ ਜਾ ਸਕਦਾ ਹੈ ਅਤੇ ਸਕਿਊਰਿਟੀ ਕਾਰਜਾਂ ਵਿਚ ਵੀ ਕਾਮਿਆਂ ਨੂੰ ਵਧਾਇਆ ਜਾ ਸਕਦਾ ਹੈ।

ਸੂਬਾਈ ਸਰਕਾਰਾਂ ਵਲੋਂ ਵੀ ਮਦਦ ਲਈ ਫੰਡਾਂ ਦਾ ਵਾਅਦਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਕਈ ਸਥਾਨਕ ਸਿਆਸਤਦਾਨਾਂ ਵਲੋਂ ਵੀ ਕਈ ਪਰਿਵਾਰਾਂ ਨੂੰ ਸਪੌਂਸਰ ਕਰਨ ਦੀ ਗੱਲ ਕੀਤੀ ਗਈ ਹੈ। ਚਰਚਾਂ ਅਤੇ ਹੋਰ ਕਮਿਊਨਿਟੀ ਸੰਸਥਾਵਾਂ ਨੂੰ ਵੀ ਇਸ ਬਾਰੇ ਪ੍ਰਸ਼ਨ ਕੀਤੇ ਗਏ ਹਨ ਕਿ ਕਿਸ ਤਰ੍ਹਾਂ ਉਹ ਸੀਰੀਆਈ ਲੋਕਾਂ ਦੀ ਮਦਦ ਕਰ ਸਕਦੇ ਹਨ।

ਇਸ ਮੌਕੇ ਇਹ ਗੱਲ ਵੀ ਦਿਲਚਸਪ ਰਹੇਗੀ ਕਿ ਚੋਣਾਂ ਦੇ ਮੌਕੇ ਸਰਕਾਰਾਂ ਕਿਸ ਤਰ੍ਹਾਂ ਦੇ ਫੈਸਲੇ ਲੈ ਸਕਦੀਆਂ ਹਨ ਅਤੇ ਕਿਸ ਤਰ੍ਹਾਂ ਦੇ ਨਹੀਂ।

ਪਰ ਕਈ ਮੌਕਿਆ ਤੇ ਜਦੋਂ ਕਿਸੇ ਵੱਡੇ ਫੈਸਲੇ ਲੈਣ ਦੀ ਗੱਲ ਹੋਵੇ ਤਾਂ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਕਿਉਂਕਿ ਅਗਰ ਸਰਕਾਰ ਕੋਈ ਵੱਡਾ ਫੈਸਲਾ ਲੈਂਦੀ ਹੈ ਤਾਂ ਇਹ ਵਿਵਾਦਪੂਰਨ ਹੋ ਸਕਦਾ ਹੈ ਜਾਂ ਨਵੀਂ ਸਰਕਾਰ ਲਈ ਬਦਲੀ ਕਰਨਾ ਮੁਸ਼ਕਲ ਹੋ ਸਕਦਾ ਹੈ।

ਲਿਬਰਲ ਆਗੂ ਜਸਟਿਨ ਟਰੂਡੋ ਵਲੋਂ ਅਜਿਹੀ ਮੀਟਿੰਗ ਲਈ ਪਹਿਲਾਂ ਤੋਂ ਹੀ ਹਾਮੀ ਭਰੀ ਜਾ ਚੁੱਕੀ ਹੈ। ਉਨ੍ਹਾਂ ਦੀ ਪਾਰਟੀ ਵਲੋਂ ਪਬਲਿਕ ਸੇਫਟੀ ਮਨਿਸਟਰ ਨੂੰ ਸੀਰੀਆ ਦੇ ਰਿਫੂਅਜੀਆਂ ਤੇ ਲੱਗੇ ਡਿਪੋਰਟੇਸ਼ਨ ਆਰਡਰਾਂ ਤੇ ਪੱਕੇ ਤੌਰ ਤੇ ਰੋਕ ਲਗਾਉਣ ਲਈ ਵੀ ਕਿਹਾ ਗਿਆ ਹੈ।

ਐਨ ਡੀ ਪੀ ਆਗੂ ਥੌਮਸ ਮਲਕੇਅਰ ਵਲੋਂ ਵੀ ਇਸ ਮੁੱਦੇ ਤੇ ਹਾਰਪਰ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ ਗਈ ਹੈ। ਮਲਕੇਅਰ ਵਲੋਂ ਇਸ ਸਾਲ ਦੇ ਅਖੀਰ ਤੱਕ 10,000 ਸੀਰੀਆਈ ਸ਼ਰਨਾਰਥੀਆਂ ਨੂੰ ਸ਼ਰਣ ਦੇਣ ਦਾ ਵਾਅਦਾ ਕੀਤਾ ਗਿਆ ਹੈ।

Facebook Comment
Project by : XtremeStudioz