Close
Menu

ਸੀਰੀਆ ਦੇ ਸਰਕਾਰੀ ਮੀਡੀਆ ਨੇ ਉਡਾਇਆ ਓਬਾਮਾ ਦਾ ਮਜ਼ਾਕ

-- 02 September,2013

AP9_1_2013_000107B

ਕਾਹਿਰਾ/ਦਮਸ਼ਕ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਰਸਾਇਣਕ ਹਥਿਆਰਾਂ ਦੀ ਕਥਿਤ ਵਰਤੋਂ ਵਿਰੁੱਧ ਸੀਰੀਆ ’ਤੇ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਕਾਂਗਰਸ ਦੀ ਮਨਜ਼ੂਰੀ ਲੈਣ ਦੇ ਅਚਾਨਕ ਐਲਾਨ ਨੂੰ ਸੀਰੀਆ ਦੇ ਸਰਕਾਰੀ ਮੀਡੀਆ ਨੇ ‘ਅਮਰੀਕਾ ਦੀ ਇਤਿਹਾਸਕ ਵਾਪਸੀ ਦਾ ਆਗਾਜ਼’ ਕਰਾਰ ਦਿੱਤਾ ਹੈ। ਦੇਸ਼ ਦੇ ਰਾਸ਼ਟਰਪਤੀ ਬਸਰ ਅਲ-ਅਸਦ ਅਨੁਸਾਰ ਉਨ੍ਹਾਂ ਦਾ ਮੁਲਕ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਤਿਆਰ ਹੈ।
ਸਰਕਾਰ ਵੱਲੋਂ ਚਲਾਏ ਜਾਂਦੇ ਅਲ-ਥਾਵਰਾ ਨੇ ਬੜੇ ਵਿਅੰਗਮਈ ਤੇ ਚੋਭ-ਲਾਊ ਅੰਦਾਜ਼ ਵਿਚ ਲਿਖਿਆ ਹੈ ਕਿ ਹੁਣ ਕਾਂਗਰਸ ਭਾਵੇਂ ਸੀਰੀਆ ’ਤੇ ਫੌਜੀ ਹਮਲੇ ਨੂੰ ਹਰੀ ਝੰਡੀ ਦੇਵੇ ਜਾਂ ਲਾਲ ਤੇ ਭਾਵੇਂ ਜੰਗ ਦੇ ਆਸਾਰ ਵਧੇ ਹੋਣ ਜਾਂ ਘਟ ਗਏ ਹੋਣ, ਪਰ ਕੱਲ੍ਹ ਬਰਾਕ ਓਬਾਮਾ ਨੇ ਟਾਲ-ਮਟੋਲ ਕਰਨ ਲਈ ਜਾਂ ਸੰਕੇਤ ਦੇਣ ਵਜੋਂ ਜੋ ਐਲਾਨ ਕੀਤਾ ਹੈ, ਉਹ ‘ਅਮਰੀਕਾ ਦੇ ਪਿੱਛਲ ਪੈਰੀਂ ਹੋਣ ਦਾ ਇਤਿਹਾਸਕ ਆਗਾਜ਼’ ਹੈ। ਸਭ ਨੂੰ ਹੈਰਾਨ ਕਰਦਿਆਂ ਕੱਲ੍ਹ ਓਬਾਮਾ ਨੇ ਐਲਾਨ ਕੀਤਾ ਸੀ ਕਿ ਸੀਰੀਆਈ ਟਿਕਾਣਿਆਂ ਵਿਰੁੱਧ ਕਾਰਵਾਈ ਕਰਨ ਤੋਂ ਪਹਿਲਾਂ ਕਾਂਗਰਸ ਦੀ ਆਗਿਆ ਲੈ ਲਈ ਜਾਵੇ।
ਸੀਰੀਆਈ, ਅਖਬਾਰ ਨੇ ਪਹਿਲੇ ਸਫੇ ’ਤੇ ਛਾਪੇ ਲੇਖ ’ਚ ਕਿਹਾ ਹੈ, ‘‘ਸੀਮਤ ਦਖ਼ਲਅੰਦਾਜ਼ੀ ਦੇ ਖੁੱਲ੍ਹੀ ਜੰਗ ’ਚ ਤਬਦੀਲ ਹੋਣ ਦੇ ਫਿਕਰਾਂ ਨੇ ਓਬਾਮਾ ਨੂੰ ਕਾਂਗਰਸ ਦੀ ਪ੍ਰਵਾਨਗੀ ਲੈਣ ਲਈ ਮਜਬੂਰ ਕਰ ਦਿੱਤਾ ਹੈ। ਅਮਰੀਕਾ ਨੇ ਦਾਅਵਾ ਕੀਤਾ ਸੀ ਕਿ 21 ਅਗਸਤ ਨੂੰ ਸੀਰੀਆਈ ਫੌਜ ਨੇ ਦਮਸ਼ਕ ਸਬਅਰਬ ਖੇਤਰ ’ਚ ਰਸਾਇਣਕ ਹਮਲਿਆਂ ’ਚ 1429 ਵਿਅਕਤੀ ਤੇ ਬੱਚੇ ਮਾਰ ਦਿੱਤੇ ਸਨ। ਸੀਰੀਆ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਬਾਗੀਆਂ ਨਾਲ ਲੜ ਰਹੇ ਜਹਾਦੀਆਂ ਨੇ ਆਲਮੀ ਭਾਵਨਾਵਾਂ ਆਪਣੇ ਹੱਕ ਵਿਚ ਕਰਨ ਲਈ ਮਾਰੂ ਰਸਾਇਣਕ ਹਥਿਆਰ ਵਰਤੇ ਸਨ। ਇਸ ਤੋਂ ਪਹਿਲਾਂ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਤੇ ਪ੍ਰਧਾਨ ਮੰਤਰੀ ਵਾਇਲ ਅਲ-ਹਾਲਕੀ ਦੇਸ਼ ਦੀਆਂ ਜੰਗੀ ਤਿਆਰੀਆਂ ਬਾਰੇ ਬੋਲ ਚੁੱਕੇ ਹਨ। ਅਖਬਾਰ ਨੇ ਸਪਸ਼ਟ ਲਿਖਿਆ ਹੈ ਕਿ ਓਬਾਮਾ ਦੀ ਇਹ ਝਿਜਕ ‘‘ਉਸ ਨੂੰ ਪ੍ਰਤੱਖ ਨਜ਼ਰ ਆ ਰਹੀ ਹਾਰ ਤੇ ਭਾਈਵਾਲਾਂ ਦੇ ਤਿੱਤਰ ਹੋ ਜਾਣ ਕਾਰਨ ਹੈ।’’ ਅਮਰੀਕੀ ਕਾਂਗਰਸ ਦੀਆਂ ਛੁੱਟੀਆਂ 9 ਸਤੰਬਰ ਨੂੰ ਮੁੱਕ ਰਹੀਆਂ ਹਨ।
ਯੇਰੂਸ਼ਲਮ:ਇਸੇ ਦੌਰਾਨ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਕਿਹਾ ਹੈ ਕਿ ਗੁਆਂਢੀ ਮੁਲਕ ਸੀਰੀਆ ਨਾਲ ਹਰ ਸਥਿਤੀ ’ਚ ਨਜਿੱਠਣ ਲਈ ਉਨ੍ਹਾਂ ਦਾ ਮੁਲਕ ਤਿਆਰ-ਬਰ-ਤਿਆਰ ਹੈ।

Facebook Comment
Project by : XtremeStudioz