Close
Menu

ਸੀਰੀਆ ਵਿੱਚ ਆਤਮਘਾਤੀ ਬੰਬ ਧਮਾਕੇ ਨਾਲ ਗਿਆਰਾਂ ਹਲਾਕ

-- 21 August,2015

ਬੇਰੂਤ,  ਸੀਰੀਆ ਦੇ ਉੱਤਰ-ਪੱਛਮੀ ਸ਼ਹਿਰ ਕਾਮਿਸ਼ਲੀ ਵਿੱਚ ਕੁਰਦ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਬੰਬ ਧਮਾਕੇ ਵਿੱਚ 11 ਵਿਅਕਤੀਅਾਂ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰ ਸੰਗਠਨ ਸੀਰੀਅਨ ਅਬਜ਼ਰਵੇਟਰੀ ਦੇ ਮੁਖੀ ਰਾਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਫਿਦਾਈਨ ਹਮਲਾਵਰ ਇਕ ਵਾਹਨ ਵਿੱਚ ਆਇਆ ਸੀ ਅਤੇ ਉਸ ਨੇ ਕਾਮਿਸ਼ਲੀ ਵਿੱਚ ਕੁਰਦ ਪ੍ਰਸ਼ਾਸਨ ਵੱਲੋਂ ਕਾਇਮ ਕੀਤੀ ਸੁਰੱਖਿਆ ਏਜੰਸੀ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ 10 ਕੁਰਦ ਸੁਰੱਖਿਆ ਬਲ ਦੇ ਜਵਾਨ ਅਤੇ ਇਕ ਆਮ ਨਾਗਰਿਕ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਬੇਹੱਦ ਮਾਰੂ ਸੀ। ਇਸ ਵਿੱਚ ਘੱਟ ਤੋਂ ਘੱਟ 14 ਨਾਗਰਿਕ ਵੀ ਫੱਟਡ਼ ਹੋਏ ਹਨ।
ਸੀਰੀਆ ਦੀ ਖ਼ਬਰ ਏਜੰਸੀ ‘ਸਾਨਾ’ ਮੁਤਾਬਕ ਇਸ ਆਤਮਘਾਤੀ ਹਮਲੇ ਵਿੱਚ 13 ਵਿਅਕਤੀਅਾਂ ਦੀ ਮੌਤ ਹੋਈ ਹੈ ਅਤੇ ਤਕਰੀਬਨ 50 ਜਣੇ ਫੱਟਡ਼ ਹੋਏ ਹਨ। ਇਕ ਸਥਾਨਕ ਪੱਤਰਕਾਰ ਅੈਰਿਨ ਸ਼ੇਖਮੋਸ ਮੁਤਾਬਕ ਇਸ ਧਮਾਕੇ ਦੀ ਗੂੰਜ ਸਾਰੇ ਸ਼ਹਿਰ ਵਿੱਚ ਸੁਣੀ ਗਈ। ਉਨ੍ਹਾਂ ਕਿਹਾ ਕਿ ਬੰਬ ਧਮਾਕੇ ਨਾਲ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਧਮਾਕਾ ਸਥਾਨ ਨੇਡ਼ਲੀਅਾਂ ਦੋ ਗਲੀਅਾਂ ਦੀਅਾਂ ਇਮਾਰਤਾਂ ਤਾਂ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈਅਾਂ ਹਨ। ਕਾਮਿਸ਼ਲੀ ’ਤੇ ਕੁਰਦਾਂ ਅਤੇ ਸੀਰੀਆ ਦਾ ਕਬਜ਼ਾ ਹੈ। ਇਸ ਸਾਲ ਇਸ ਸ਼ਹਿਰ ’ਤੇ ਕਈ ਹਮਲੇ ਹੋਏ ਹਨ। ਜੁਲਾਈ ਦੇ ਅਖੀਰ ਵਿੱਚ ਕੁਰਦਿਸ਼ ਪੀਪਲਜ਼ ਪ੍ਰੋਟੈਕਸ਼ਨ ਯੂਨਿਟ ’ਤੇ ਕੀਤੇ ਗਏ ਹਮਲੇ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ ਸਨ।
ਸੀਰੀਆ ਤੇ ਇਰਾਕ ਦੇ ਕੁੱਝ ਹਿੱਸਿਅਾਂ ’ਤੇ ਕਬਜ਼ਾ ਕਰ ਚੁੱਕੇ ਇਸਲਾਮਿਕ ਸਟੇਟ ਦੇ ਜੇਹਾਦੀਅਾਂ ਖ਼ਿਲਾਫ਼ ਸੀਰੀਆ ਦੇ ਕੁਰਦ ਲਡ਼ਾਕੇ ਸਭ ਤੋਂ ਸਫ਼ਲ ਸਾਬਿਤ ਹੋ ਰਹੇ ਹਨ, ਜਿਸ ਕਾਰਨ ਆਈਅੈਸ ਵੱਲੋਂ ਕੁਰਦਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ।

Facebook Comment
Project by : XtremeStudioz