Close
Menu

ਸੀ.ਬੀ.ਐਸ.ਈ. 10ਵੀਂ ਦੇ ਨਤੀਜੇ ਵਿਚ ਵੀ ਲੜਕੀਆਂ ਮੋਹਰੀ

-- 29 May,2015

ਨਵੀਂ ਦਿੱਲੀ, 29 ਮਈ-ਸੀ.ਬੀ.ਐਸ.ਈ. (ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ) ਦੀ ਦਸਵੀਂ ਜਮਾਤ ਦਾ ਨਤੀਜਾ ਅੱਜ ਐਲਾਨਿਆ ਗਿਆ | ਇਹ ਨਤੀਜਾ 27 ਮਈ ਨੂੰ ਐਲਾਨ ਹੋਣਾ ਸੀ, ਪ੍ਰੰਤੂ ਕੁਝ ਕਾਰਨਾਂ ਕਰਕੇ ਕੱਲ੍ਹ ਨਤੀਜਾ ਐਲਾਨਿਆ ਨਹੀਂ ਜਾ ਸਕਿਆ ਅਤੇ ਵਿਦਿਆਰਥੀ ਆਪਣਾ ਨਤੀਜਾ ਵੇਖਣ ਲਈ ਭਟਕਦੇ ਰਹੇ | ਬੋਰਡ ਦੇ ਦਸਵੀਂ ਦੇ ਪੇਪਰ 2 ਮਾਰਚ ਤੋਂ ਸ਼ੁਰੂ ਹੋਏ ਸਨ ਅਤੇ 26 ਮਾਰਚ ਤੱਕ ਚੱਲੇ ਸਨ | ਇਸ ਵਾਰ ਪੂਰੇ ਦੇਸ਼ ਵਿਚੋਂ 13,73,853 ਵਿਦਿਆਰਥੀਆਂ ਨੇ ਦਸਵੀਂ ਦੇ ਪੇਪਰ ਦਿੱਤੇ ਸਨ, ਜਿਸ ਵਿਚ 8,17,941 ਲੜਕੇ ਅਤੇ 5,55,912 ਲੜਕੀਆਂ ਹਨ | ਇਸ ਵਾਰ ਪਾਸ ਪ੍ਰਤੀਸ਼ਤ 98.32 ਰਿਹਾ ਜਦਕਿ ਪਿਛਲੇ ਸਾਲ ਇਹ 97.32 ਪ੍ਰਤੀਸ਼ਤ ਸੀ | ਇਸ ਸਾਲ ਵੀ ਨਤੀਜੇ ਵਿਚ ਕੁੜੀਆਂ ਨੇ ਬਾਜ਼ੀ ਮਾਰ ਲਈ ਹੈ | ਜਿਸ ਵਿਚ ਲੜਕੀਆਂ ਦਾ ਨਤੀਜਾ 97.82 ਫੀਸਦੀ ਰਿਹਾ ਅਤੇ ਲੜਕਿਆਂ ਦਾ 96.98 ਫੀਸਦੀ ਨਤੀਜਾ ਰਿਹਾ | ਪ੍ਰਾਪਤ ਸੂਚਨਾ ਅਨੁਸਾਰ ਤਿਰੂਵਨੰਤਪੁਰਮ ਜ਼ੋਨ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਸਭ ਤੋਂ ਜ਼ਿਆਦਾ ਹੈ | ਬੋਰਡ ਦੁਆਰਾ ਦਸਵੀਂ ਦੇ ਨਤੀਜੇ ਐਲਾਨਣ ਤੋਂ ਬਾਅਦ ਥੋੜ੍ਹੇ ਹੀ ਸਮੇਂ ਵਿਚ ਸੀ.ਬੀ.ਐਸ.ਈ. ਦੀ ਅਧਿਕਾਰਤ ਵੈੱਬਸਾਈਟ ਕਰੈਸ਼ ਹੋ ਗਈ ਅਤੇ ਵਿਦਿਆਰਥੀਆਂ ਨੂੰ ਆਪਣਾ ਨਤੀਜਾ ਵੇਖਣ ਲਈ ਘੰਟਿਆਂਬੱਧੀ ਮੁਸ਼ੱਕਤ ਕਰਨੀ ਪਈ | ਵਰਨਣਯੋਗ ਹੈ ਕਿ ਸੀ.ਬੀ.ਐਸ.ਈ. ਦੇ ਅਧੀਨ ਦੇਸ਼ ਭਰ ਵਿਚ 9 ਹਜ਼ਾਰ ਤੋਂ ਜ਼ਿਆਦਾ ਸਕੂਲਾਂ ਦੇ 10ਵੀਂ ਜਮਾਤ ਦੇ ਵਿਦਿਆਰਥੀ ਹਰ ਸਾਲ ਬੋਰਡ ਦੇ ਪੇਪਰ ਦਿੰਦੇ ਹਨ ਅਤੇ ਸੀ.ਬੀ.ਐਸ.ਈ. ਦੇਸ਼ ਭਰ ਦੀ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਦੀ ਪ੍ਰੀਖਿਆ ਦੇਣ ਵਾਲੀ ਸਭ ਤੋਂ ਵੱਡੀ ਸੰਸਥਾ ਹੈ | ਸੀ.ਬੀ.ਐਸ.ਈ. 10ਵੀਂ ਬੋਰਡ ਦੇ ਨਤੀਜੇ ਪੂਰੇ ਦੇਸ਼ ਵਿਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਮਾਨਤਾ ਪ੍ਰਾਪਤ ਹਨ | ਸੀ.ਬੀ.ਐਸ.ਈ. ਦੇ ਅਧੀਨ 10 ਖੇਤਰੀ ਦਫਤਰ ਦਿੱਲੀ, ਚੇਨਈ, ਗੁਹਾਟੀ, ਅਜਮੇਰ, ਪੰਚਕੂਲਾ, ਇਲਾਹਾਬਾਦ, ਪਟਨਾ, ਭੁਵਨੇਸ਼ਵਰ, ਤਿਰੁਵਨੰਤਪੁਰਮ ਅਤੇ ਦੇਹਰਾਦੂਨ ਆਉਂਦੇ ਹਨ |

Facebook Comment
Project by : XtremeStudioz