Close
Menu

ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ਵਿੱਚ ਯੂਰੀਆ ਦੀ ਕਿੱਲਤ ਦਾ ਮੁੱਦਾ ਚੁੱਕਿਆ

-- 11 December,2014

* ਸਿਫਰ ਕਾਲ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਬਾਕੀ ਰਹਿੰਦੀ ਡੇਢ ਲੱਖ ਮੀਟਰਿਕ ਟਨ ਖਾਦ ਜਲਦ ਪੂਰਾ ਕਰਨ ਦੀ ਕੀਤੀ ਮੰਗ

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਅੱਜ ਰਾਜ ਸਭਾ ਵਿੱਚ ਸਿਫਰ ਕਾਲ ਦੌਰਾਨ ਕਿਸਾਨੀ ਹਿੱਤਾਂ ਦੀ ਗੱਲ ਕਰਦਿਆਂ ਹਾੜੀ ਦੇ ਸੀਜ਼ਨ ਦੌਰਾਨ ਖਾਦਾਂ ਦੀ ਕਿੱਲਤ ਦਾ ਮੁੱਦਾ ਚੁੱਕਿਆ। ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੀ ਇਸ ਸਬੰਧੀ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕਰ ਚੁੱਕੇ ਹਨ ਕਿ ਪੰਜਾਬ ਦੇ ਕਿਸਾਨਾਂ ਲਈ ਸੂਬਾ ਸਰਕਾਰ ਵੱਲੋਂ ਕੀਤੀ ਖਾਦ ਦੀ ਮੰਗ ਨੂੰ ਬਿਜਾਈ ਖਤਮ ਹੋਣ ਦੇ ਬਾਵਜੂਦ ਹਾਲੇ ਤੱਕ ਯੂਰੀਆ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਮੰਗ 30 ਨਵੰਬਰ ਤੱਕ ਪੂਰੀ ਹੋ ਜਾਣੀ ਚਾਹੀਦੀ ਸੀ ਪਰ ਹਾਲੇ ਤੱਕ ਡੇਢ ਲੱਖ ਮੀਟਰਿਕ ਟਨ ਖਾਦ ਨਹੀਂ ਮਿਲੀ ਜਿਸ ਨਾਲ ਹਾੜੀ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ।
ਸ. ਢੀਂਡਸਾ ਨੇ ਜ਼ੋਰ ਨਾਲ ਮੁੱਦਾ ਉਠਾਉਂਦਿਆਂ ਖਾਦਾਂ ਬਾਰੇ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਖੁਦ ਇਸ ਵਿਭਾਗ ਦੇ ਮੰਤਰੀ ਰਹਿ ਚੁੱਕੇ ਹਨ ਅਤੇ ਸਾਰੀਆਂ ਸੂਬਾ ਸਰਕਾਰ ਛੇ ਮਹੀਨੇ ਪਹਿਲਾਂ ਹੀ ਆਪਣੀ ਮੰਗ ਭਾਰਤ ਸਰਕਾਰ ਕੋਲ ਭੇਜ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ 6,72,500 ਮੀਟਰਿਕ ਟਨ ਖਾਦ ਦੀ ਮੰਗ ਭੇਜ ਚੁੱਕੀ ਸੀ ਅਤੇ 30 ਨਵੰਬਰ ਤੱਕ ਭਾਰਤ ਸਰਕਾਰ ਵੱਲੋਂ ਇਹ ਮੰਗ ਪੂਰੀ ਕੀਤੀ ਜਾਣੀ ਸੀ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਹਾਲੇ ਤੱਕ ਢੇਡ ਲੱਖ ਟਨ ਯੂਰੀਆ ਪੰਜਾਬ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਦੋ-ਚਾਰ ਦਿਨਾਂ ਵਿੱਚ ਮੁਕੰਮਲ ਹੋ ਜਾਵੇਗੀ ਅਤੇ ਜੇਕਰ ਯੂਰੀਆ ਦੀ ਕਿੱਲਤ ਪੂਰੀ ਨਾ ਕੀਤੀ ਗਈ ਤਾਂ ਇਸ ਦਾ ਫਸਲ ਉਪਰ ਬੁਰਾ ਪ੍ਰਭਾਵ ਪਵੇਗਾ ਜਿਸ ਦਾ ਸਿੱਧਾ ਅਸਰ ਕੇਂਦਰੀ ਅਨਾਜ ਪੂਲ ‘ਤੇ ਪਵੇਗਾ ਜਿਸ ਵਿੱਚ ਪੰਜਾਬ ਇਕ ਤਿਹਾਈ ਤੋਂ ਵੱਧ ਆਪਣਾ ਯੋਗਦਾਨ ਪਾਉਂਦਾ ਹੈ।

Facebook Comment
Project by : XtremeStudioz