Close
Menu

ਸੁਖਬੀਰ ਨੇ ਪੰਜਾਬ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਦੁਹਰਾਈ

-- 01 October,2015

ਜਲਾਲਾਬਾਦ/ਚੰਡੀਗੜ੍ਹ :  ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੀ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੇ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੁਲਤਾਂ ਪਹੁੰਚਾਉਣ ਲਈ ਪੰਜਾਬ ਸਰਕਾਰ ਹਰ ਉਪਰਾਲਾ ਕਰੇਗੀ।
ਅੱਜ ਇੱਥੇ ਜਲਾਲਾਬਾਦ ਹਲਕੇ ਦੇ ਇਕ ਦਿਨਾਂ ਦੌਰੇ ਦੌਰਾਨ ਪਿੰਡ ਚੱਕ ਪੱਖੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਜਲਾਲਾਬਾਦ ਹਲਕੇ ਦੇ ਵਿਕਾਸ ਵਿਚ ਕੋਈ ਕਮੀ ਨਹੀਂ ਰÎਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੂਰੇ ਸੁਬੇ ਵਿਚ ਵਿਕਾਸ ਕਾਰਜਾਂ ਨੂੰ ਤਰਜੀਹੀ ਅਧਾਰ ਤੇ ਅਗਲੇ ਸਾਲ ਵਿਚ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਾਲਾਬਾਦ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਨੂੰ ਖੇਡ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਸਵ ਕਬੱਡੀ ਕੱਪ ਦਾ ਫਾਈਨਲ ਜਲਾਲਾਬਾਦ ਦੇ ਬਹੁਮੰਤਵੀ ਸਟੇਡੀਅਮ ਵਿਚ ਹੋਵੇਗਾ।
ਇਸ ਮੌਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ 2 ਅਕਤੂਬਰ 2015 ਨੂੰ ਰੋਪੜ ਤੋਂ ਇਕ ਨਵੀਂ ਸਿਹਤ ਬੀਮਾ ਯੋਜਨਾ ਦਾ ਆਗਾਜ ਕਰ ਰਹੇ ਹਨ। ਇਸ ਸਕੀਮ ਤਹਿਤ ਪੰਜਾਬ ਸੂਬੇ ਦੇ ਨੀਲੇ ਕਾਰਡ ਧਾਰਕਾਂ ਨੂੰ 30 ਹਜਾਰ ਰੁਪਏ ਤੱਕ ਦਾ ਸਲਾਨਾ ਨਗਦੀ ਰਹਿਤ ਇਲਾਜ ਦੀ ਸਹੁਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਨੀਲਾ ਕਾਰਡ ਧਾਰਕਾਂ ਨੂੰ ਵਿਸੇਸ਼ ਸਿਹਤ ਬੀਮਾ ਕਾਰਡ ਇਕ ਮਹੀਨੇ ਵਿਚ ਜਾਰੀ ਕਰ ਦਿੱਤੇ ਜਾਣਗੇ। ਕਿਸਾਨਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚਿੱਟੀ ਮੱਖੀ ਤੋਂ ਪ੍ਰਭਾਵਿਤ ਫਸਲਾਂ ਦੇ ਨੁਕਸਾਨ ਦੇ ਮੁਆਵਜੇ ਲਈ 600 ਕਰੋੜ ਦੀ ਰਕਮ ਜਾਰੀ ਕੀਤੀ ਹੈ।
ਇਸ ਮੌਕੇ ਹੋਰ ਵਿਕਾਸ ਯੋਜਨਾਵਾਂ ਦਾ ਖੁਲਾਸਾ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਅਗਲੇ ਵਰ੍ਹੇ ਨੂੰ ਵਿਕਾਸ ਵਰ੍ਹੇ ਵਜੋਂ ਮੰਨਾਉਂਦਿਆਂ ਸ਼ਹਿਰੀ ਖੇਤਰਾਂ ਵਿਚ ਬੁਨਿਆਦੀ ਸਹੁਲਤਾਂ ਤੇ 4000 ਕਰੋੜ ਰੁਪਏ ਅਤੇ ਪਿੰਡਾਂ ਦੇ ਵਿਕਾਸ ਤੇ 6000 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਰਾਜ ਦੇ ਸੜਕੀ ਨੈਟਵਰਕ ਨੂੰ 4 ਅਤੇ 6 ਮਾਰਗੀ ਕਰਨ ਤੇ ਰਾਜ ਸਰਕਾਰ ਵੱਲੋਂ 20 ਹਜਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਤਰਾਂ ਉਨ੍ਹਾਂ ਨੇ ਐਲਾਣ ਕੀਤਾ ਕਿ ਸੂਬੇ ਦੇ ਨੌਜਵਾਨਾਂ ਨੂੰ 75 ਹਜਾਰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਿਊਬਵੈਲ ਕੁਨੈਕਸ਼ਨ ਜਲਦ ਜਾਰੀ ਕੀਤੇ ਜਾਣਗੇ ਜਿਸ ਨਾਲ ਕਿਸਾਨਾਂ ਨੂੰ ਵੱਡੀ ਸਹੁਲਤ ਮਿਲੇਗੀ।
ਇਸ ਦੌਰਾਨ ਪਿੰਡ ਬਾਹਮਣੀ ਵਾਲਾ ਵਿਖੇ ਉਪ ਮੁੱਖ ਮੰਤਰੀ ਨੇ 117 ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਾਈਕਲਾਂ ਵੰਡ ਕੇ ਜ਼ਿਲ੍ਹਾ ਫਾਜ਼ਿਲਕਾ ਵਿਚ ਇਸ ਸਕੀਮ ਦਾ ਅਗਾਜ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਵਿਚ 7085 ਵਿਦਿਆਰਥਣਾਂ ਨੂੰ ਸਾਈਕਲਾਂ ਮੁਹਈਆ ਕਰਵਾਈਆਂ ਜਾਣਗੀਆਂ।
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਹਲਕੇ ਦੇ 14 ਪਿੰਡਾਂ ਕ੍ਰਮਵਾਰ ਕਾਨੇਵਾਲਾ, ਚੱਕ ਸੋਹਣਾ ਸਾਂਦੜ, ਬਾਹਮਣੀਵਾਲਾ, ਚੱਕ ਦੁਮਾਲ, ਚੱਕ ਖੇਰਵਾਲਾ, ਜੱਕ ਪੱਕੀ, ਨੁਕੇਰੀਆਂ, ਸਹੀਵਾਲਾ, ਚੱਕ ਸੜੀਆਂ, ਚੱਕ ਪਾਲੀਵਾਲਾ, ਢਾਣੀ ਰੇਸ਼ਮ ਸਿੰਘ, ਮੀਨੇਵਾਲਾ ਆਦਿ ਵਿਚ 24 ਕਰੋੜ ਨਾਲ ਗਲੀਆਂ ਨਾਲੀਆਂ ਨੂੰ ਪੱਕੇ ਕਰਨ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਪੰਚਾਇਤਾਂ ਦੀਆਂ ਮੁਸਕਿਲਾਂ ਸੁਣੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਬੱਲੂਆਣਾ ਦੇ ਵਿਧਾਇਕ ਸ: ਗੁਰਤੇਜ ਸਿੰਘ ਘੁੜਿਆਣਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ: ਸਤਿੰਦਰਜੀਤ ਸਿੰਘ ਮੰਟਾ, ਸ: ਮਨਵੇਸ਼ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸ: ਰਵਿੰਦਰ ਸਿੰਘ, ਡੀ.ਆਈ.ਜੀ. ਸ੍ਰੀ ਅਮਰ ਸਿੰਘ ਚਾਹਲ, ਐਸ.ਐਸ.ਪੀ. ਸ੍ਰੀ ਸਵਪਨ ਸ਼ਰਮਾ, ਏ.ਡੀ.ਸੀ. ਸ: ਚਰਨਦੇਵ ਸਿੰਘ ਮਾਨ,  ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਗੁਰਪਾਲ ਸਿੰਘ ਗਰੇਵਾਲ, ਸ੍ਰੀ ਅਸੋਕ ਅਨੇਜਾ, ਸ੍ਰੀ ਪ੍ਰੇਮ ਵਲੇਚਾ ਚੇਅਰਮੈਨ ਜਿਲ੍ਹਾਂ ਯੋਜਨਾ ਬੋਰਡ, ਸ: ਲਖਵਿੰਦਰ ਸਿੰਘ ਰੋਹੀਵਾਲਾ, ਸ: ਜਗਸੀਰ ਸਿੰਘ ਬੱਬੂ, ਸ੍ਰੀ ਓਮ ਪ੍ਰਕਾਸ ਕੰਬੋਜ ਚੇਅਰਮੈਨ, ਡਾ: ਅਸੋਕ ਕੁਮਾਰ, ਸ੍ਰੀ ਗੁਰਵੈਦ ਸਿੰਘ, ਸ: ਸਤਵਿੰਦਰ ਸਿੰਘ ਸਵੀ, ਸ: ਜੈਸਰਤ ਸਿੰਘ ਸੰਧੂ, ਸ: ਜਗਸੀਰ ਸਿੰਘ ਆਦਿ ਵੀ ਹਾਜਰ ਸਨ।

Facebook Comment
Project by : XtremeStudioz