Close
Menu

ਸੁਖਬੀਰ ਬਾਦਲ ਦੇ ਬਹੁਤੇ ਸਮਾਗਮ ਮੀਂਹ ਦੀ ਭੇਟ ਚਡ਼੍ਹੇ

-- 23 September,2015

ਫਰੀਦਕੋਟ, 23 ਸਤੰਬਰ
ਬਾਬਾ ਫ਼ਰੀਦ ਆਗਮਨ ਪੁਰਬ ਵਿਰਾਸਤੀ ਮੇਲੇ ਦੇ ਚੌਥੇ ਦਿਨ ਹੋਣ ਵਾਲੇ ਪੇਂਡੂ ਖੇਡ ਮੇਲੇ ਦੇ ਸਮਾਗਮ ਨਹੀਂ ਹੋ ਸਕੇ। ਭਾਰੀ ਬਾਰਿਸ਼ ਕਾਰਨ ਪੇਂਡੂ ਖੇਡਾਂ, ਘੋੜ ਸਵਾਰੀ, ਬਾਜ਼ੀਗਰਾਂ ਦੇ ਕਰਤੱਬ ਅਤੇ ਖੇਡ ਮੇਲੇ ’ਚ ਪੁੱਜੇ ਗਾਇਕ ਬਲਕਾਰ ਸਿੱਧੂ, ਨਿਸ਼ਾਵਨ ਭੁੱਲਰ ਦੇ ਪ੍ਰੋਗਰਾਮ ਨਹੀਂ ਚੱਲ ਸਕੇ। ਬਲਬੀਰ ਸਕੂਲ ਵਿੱਚ ਲਾਈਆਂ ਗਈਆਂ ਸੌ ਤੋਂ ਵੱਧ ਨੁਮਾਇਸ਼ਾਂ ਮੁੱਖ ਮਹਿਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਮੀਂਹ ’ਚ ਭਿੱਜ ਗਈਆਂ। ਇੱਥੇ ਨਸ਼ਿਆਂ ਖਿਲਾਫ਼ ਚੱਲ ਰਿਹਾ ਸੂਬਾ ਪੱਧਰੀ ਸਮਾਗਮ ਅੱਧ ਵਿਚਕਾਰ ਹੀ ਰੋਕਣਾ ਪਿਆ। ਸ਼ਹਿਰ ਵਿੱਚ 200 ਤੋਂ ਵੱਧ ਲੰਗਰ ਵੀ ਬਾਰਿਸ਼ ਕਾਰਨ ਪ੍ਰਭਾਵਿਤ ਹੋਏ। ਪੇਂਡੂ ਖੇਡ ਮੇਲੇ ਦੇ ਉਦਘਾਟਨ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ, ਜਿਨ੍ਹਾਂ ਨੂੰ ਤੇਜ ਬਾਰਿਸ਼ ਕਾਰਨ ਸ਼ਹਿਰ ਦੀ ਅਸਲ ਦਸ਼ਾ ਦੇਖਣ ਦਾ ਮੌਕਾ ਮਿਲਿਆ। ਮੀਂਹ ਕਾਰਨ ਜਿੱਥੇ ਸ਼ਹਿਰ ਵਿੱਚ ਟਰੈਫਿਕ ਵੱਡੀ ਸਮੱਸਿਆ ਬਣਿਆ ਰਿਹਾ, ਉੱਥੇ ਟੁੱਟੀਆਂ ਸੜਕਾਂ ਪਾਣੀ ਨਾਲ ਭਰਨ ਕਾਰਨ ਉਪ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਵੀ ਸ਼ਹਿਰ ਵਿੱਚੋਂ ਲੰਘਣ ’ਤੇ ਸਮੱਸਿਆ ਆਈ। ਪੇਂਡੂ ਖੇਡ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਿਸ਼ੇਸ਼ ਫੰਡ ਜਾਰੀ ਕਰ ਰਹੀ ਹੈ। ਫਰੀਦਕੋਟ ਵਿਰਾਸਤ ਮੇਲੇ ਲਈ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਨਾ ਕਰਨ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿਉਂਕਿ ਇਹ ਵਿਭਾਗ ਉਨ੍ਹਾਂ ਨਾਲ ਸਬੰਧਤ ਨਹੀਂ। ਉਪ ਮੁੱਖ ਮੰਤਰੀ ਨੇ ਅਕਾਲੀ ਆਗੂ ਅਵਤਾਰ ਸਿੰਘ ਬਰਾੜ ਦੇ ਘਰ ਫੇਰੀ ਪਾਉਣ ਤੋਂ ਬਾਅਦ ਫਰੀਦਕੋਟ ਦੇ ਬੱਸ ਅੱਡੇ ਵਿੱਚ 25 ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਉਪਰੰਤ ਉਹਨਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਨਸ਼ਾ ਛੁਡਾੳੂ ਹਸਪਤਾਲ ਦਾ ਉਦਘਾਟਨ ਵੀ ਕੀਤਾ। ਉਪ ਮੁੱਖ ਮੰਤਰੀ ਆਪਣੀ ਫੇਰੀ ਦੌਰਾਨ ਅਕਾਲੀ ਵਿਧਾਇਕ ਦੀਪ ਮਲਹੋਤਰਾ ਅਤੇ ਗੁਰਤੇਜ ਸਿੰਘ ਘਰ ਵੀ ਗਏ।
ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਹਰਿੰਦਰ ਸਿੰਘ ਬੱਗੜ, ਮੱਖਣ ਸਿੰਘ ਨੰਗਲ, ਹਰਜੀਤ ਸਿੰਘ ਭੋਲੂਵਾਲਾ, ਨਵਦੀਪ ਸਿੰਘ ਬੱਬੂ ਬਰਾੜ, ਮੱਘਰ ਸਿੰਘ, ਜੋਗਿੰਦਰ ਸਿੰਘ ਬਰਾੜ, ਲਖਵੀਰ ਸਿੰਘ ਅਰਾਈਆਂਵਾਲਾ ਆਦਿ ਵੀ ਹਾਜ਼ਰ ਸਨ।

Facebook Comment
Project by : XtremeStudioz