Close
Menu

ਸੁਖਬੀਰ ਵਲੋਂ ਅੰਮ੍ਰਿਤਸਰ ਤੇ ਲੁਧਿਆਣਾ ਵਿਖੇ ਬੱਸ ਰੈਪਿਡ ਟਰਾਂਸਿਟ ਸਿਸਟਮ ਲਾਗੂ ਕਰਨ ਨੂੰ ਪ੍ਰਵਾਨਗੀ

-- 20 September,2013

DDD_5642

ਚੰਡੀਗੜ੍ਹ, 20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਇਸਤਾਂਬੁਲ ਦੀ ਤਰਜ਼ ‘ਤੇ ਅੰਤਰਰਾਸ਼ਟਰੀ ਪੱਧਰ ਦੇ ਬੱਸ ਰੈਪਿਡ ਟਰਾਂਸਿਟ ਸਿਸਟਮ ਨੂੰ ਸੂਬੇ ਦੇ ਦੋ ਵੱਡੇ ਸ਼ਹਿਰਾਂ ਲੁਧਿਆਣਾ ਤੇ ਅੰਮ੍ਰਿਤਸਰ ਵਿਖੇ ਲਾਗੂ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅੱਜ ਇੱਥੇ ਇਸ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਬਾਦਲ ਨੇ ਪਹਿਲੇ ਪੜਾਅ ਤਹਿਤ 500 ਕਰੋੜ ਦੀ ਲਾਗਤ ਨਾਲ ਅੰਮ੍ਰਿਤਸਰ ਵਿਖੇ ਇਸ ਬੱਸ ਵਿਵਸਥਾ ਨੂੰ ਲਾਗੂ ਕਰਨ ਨੂੰ ਮਨਜ਼ੂਰੀ ਦਿੰਦਿਆਂ ਕਿਹਾ ਕਿ ਇਹ ਬੱਸ ਸੇਵਾ ਸਸਤੀ ਹੋਣ ਦੇ ਨਾਲ-ਨਾਲ ਵਾਤਾਵਰਣ ਪੱਖੀ ਵੀ ਹੋਵੇਗੀ ਕਿਉਂ ਜੋ ਇਸ ਨਾਲ ਵੱਡੀ ਗਿਣਤੀ ਵਿਚ ਵਾਹਨ ਸੜਕਾਂ ਤੋਂ ਲਾਂਭੇ ਹੋ ਜਾਣਗੇ।

ਅੰਮ੍ਰਿਤਸਰ ਵਿਖੇ ਇਕ ਸਾਲ ਅੰਦਰ 500 ਕਰੋੜ ਦੀ ਲਾਗਤ ਨਾਲ ਪੂਰੇ ਹੋਣ ਇਸ ਪ੍ਰਾਜੈਕਟ ਤਹਿਤ ਕੁੱਲ 70 ਏ.ਸੀ. ਬੱਸਾਂ ਲਾਈਆਂ ਜਾਣਗੀਆਂ। ਇਸ ਲਈ ਸ਼ਹਿਰ ਵਿਖੇ ਕੁੱਲ 31 ਕਿਲੋਮੀਟਰ ਦਾ ਰੂਟ ਹੋਵੇਗਾ ਜੋ ਕਿ ਸ਼ਹਿਰ ਦੇ ਸਾਰੇ ਮੁੱਖ ਸੰਸਥਾਨਾਂ, ਅਦਾਰਿਆਂ, ਧਾਰਮਿਕ ਸਥਾਨਾਂ ਆਦਿ ਨੂੰ ਜੋੜੇਗਾ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਵਿਚੋਂ ਕੁਝ ਬੱਸਾਂ ਦੀ ਸਮਾਂ ਸਾਰਣੀ ਇਸ ਤਰੀਕੇ ਨਾਲ ਬਣਾਈ ਜਾਵੇ ਕਿ ਨੌਕਰੀ ਪੇਸ਼ਾ ਲੋਕ ਤੇ ਵਿਦਿਆਰਥੀ ਇਸਦਾ ਵੱਧ ਤੋਂ ਵੱਧ ਲਾਭ ਲੈ ਸਕਣ। ਆਵਾਜਾਈ ਦੀ ਸਮੱਸਿਆ ਦੇ ਹੱਲ ਲਈ ਬੀ.ਆਰ.ਟੀ.ਸੀ. ਤਹਿਤ ਚੱਲਣ ਵਾਲੀਆਂ ਬੱਸਾਂ ਲਈ ਸ਼ਹਿਰਾਂ ਦੀਆਂ ਸੜਕਾਂ ਵਿਚ ਵੱਖਰੀਆਂ ਲੇਨਾਂ ਨਿਰਧਾਰਿਤ ਕੀਤੀਆਂ ਜਾਣਗੀਆਂ ਤੇ ਕੋਈ ਵੀ ਹੋਰ ਵਾਹਨ ਸੜਕ ਦੇ ਉਸ ਹਿੱਸੇ ‘ਤੇ ਨਹੀਂ ਚੱਲ ਸਕੇਗਾ।

ਸਰਵੇਖਣ ਅਨੁਸਾਰ ਲੁਧਿਆਣਾ ਵਿਖੇ ਬੀ.ਆਰ.ਟੀ.ਸੀ. ਤਹਿਤ ਕੁੱਲ 50 ਕਿਲੋਮੀਟਰ ਰੂਟ ਨਿਸ਼ਚਿਤ ਕੀਤਾ ਗਿਆ ਹੈ, ਜਿਸ ਵਿਚ 6.5 ਕਿਲੋਮੀਟਰ ਐਲੀਵੇਟਿਡ ਰੋਡ ਵੀ ਸ਼ਾਮਿਲ ਹੈ। ਸ. ਬਾਦਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੁਧਿਆਣਾ ਸ਼ਹਿਰ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟ 15 ਅਕਤੂਬਰ ਤੱਕ ਪੇਸ਼ ਕੀਤੀ ਜਾਵੇ।

ਸ. ਬਾਦਲ ਨੇ ਦੱਸਿਆ ਕਿ ਇਸ ਸਾਰੇ ਪ੍ਰਾਜੈਕਟ ਨੂੰ ਲਾਗੂ ਕਰਨ ਦੀ ਜਿੰਮੇਵਾਰੀ ਲੋਕ ਨਿਰਮਾਣ ਵਿਭਾਗ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਦੂਜੇ ਪੜਾਅ ਤਹਿਤ ਇਸ ਵਿਵਸਥਾ ਨੂੰ ਜਲੰਧਰ ਤੇ ਮੁਹਾਲੀ ਵਿਖੇ ਲਾਗੂ ਕਰਨ ਲਈ ਸ. ਬਾਦਲ ਵਲੋਂ ਇਨ੍ਹਾਂ ਸ਼ਹਿਰਾਂ ਵਿਚ ਮੁੱਢਲਾ ਸਰਵੇ 15 ਨਵੰਬਰ ਤੱਕ ਮੁਕੰਮਲ ਕਰਕੇ ਰਿਪੋਰਟ ਦੇਣ ਦੇ ਹੁਕਮ ਦਿੱਤੇ ਗਏ ਹਨ।

ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਪੀ.ਐਸ. ਔਜਲਾ, ਪੀ.ਆਈ.ਡੀ.ਬੀ. ਦੇ ਐਮ.ਡੀ. ਅਨੁਰਾਗ ਅਗਰਵਾਲ, ਡਾਇਰੈਕਟਰ ਸਥਾਨਕ ਸਰਕਾਰਾਂ ਪ੍ਰਿਅੰਕ ਭਾਰਤੀ ਆਦਿ ਹਾਜ਼ਰ ਸਨ।

Facebook Comment
Project by : XtremeStudioz