Close
Menu

ਸੁਖਬੀਰ ਵਲੋਂ ਆਬਕਾਰੀ ਵਿਭਾਗ ਨੂੰ ਕਰ ਚੋਰੀ ਤੇ ਕਾਬੂ ਪਾਉਣ ਲਈ ਬਾਹਰ ਨਿਕਲਣ ਦੇ ਸਥਾਨਾਂ ਉੱਤੇ ਸੀ.ਸੀ.ਟੀ.ਵੀ. ਕੈਮਰੇ ਲਾਉਣ ਦਾ ਹੁਕਮ

-- 25 September,2015

ਚੰਡੀਗੜ੍ਹ, 25 ਸਤੰਬਰ: ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਬਕਾਰੀ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਕਿ ਸੂਬੇ ਵਿੱਚੋਂ ਬਾਹਰ ਨਿਕਲਣ ਦੇ ਸਾਰੇ ਸਥਾਨਾਂ ਅਤੇ ਅੰਤਰਰਾਜੀ ਸਰਹੱਦਾਂ ‘ਤੇ ਸਥਿਤ ਸੂਚਨਾ ਇਕੱਠੀ ਕਰਨ ਵਾਲੇ ਕੇਂਦਰਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਤਾਂ ਜੋ ਕਰ ਚੋਰੀ ਨੂੰ ਨੱਥ ਪੈ ਸਕੇ। ਉਨ੍ਹਾਂ ਵਿਭਾਗ ਨੂੰ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਸੈਲ ਗਠਤ ਕਰਨ ਲਈ ਵੀ ਕਿਹਾ।
ਅੱਜ ਇੱਥੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰਾਂ ਦੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ  ਸ. ਬਾਦਲ ਨੇ ਕਿਹਾ ਕਿ ਕਰ ਚੋਰੀ ਕਰਕੇ ਸਾਮਾਨ ਲਿਜਾਣ ਵਾਲੇ ਵਾਹਨਾਂ ਖਿਲਾਫ ਸਖਤ ਕਾਰਵਾਈ ਲਈ ਸੂਬਾ ਸਰਕਾਰ ਵਲੋਂ ਐਕਟ ਨੂੰ ਸੋਧਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੋਧ ਨਾਲ ਇਹ ਯਕੀਨੀ ਬਣੇਗਾ ਕਿ ਕਰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਹਨ ਜਬਤ ਕਰ ਲਿਆ ਜਾਵੇ ਅਤੇ ਸਾਮਾਨ ਨੂੰ ਕਬਜੇ ‘ਚ ਲੈ ਲਿਆ ਜਾਵੇ। ਉਨ੍ਹਾ ਕਿਹਾ ਕਿ ਇਸ ਕੋਤਾਹੀ ਲਈ ਕੋਈ ਵੀ ਦੂਸਰਾ ਮੌਕਾ ਨਹੀਂ ਦਿੱਤਾ ਜਾਵੇਗਾ।
ਆਬਕਾਰੀ ਡਿਊਟੀ ਦੀ ਚੋਰੀ ਰੋਕਣ ਲਈ ਆਪਣੀ ਯੋਜਨਾਂ ਦਾ ਖੁਲਾਸਾ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਛੇਤੀ ਹੀ ਆਬਕਾਰੀ ਪੁਲੀਸ ਦਾ ਗਠਨ ਕੀਤਾ ਜਾਵੇਗਾ ਜੋ ਕਿ ਕਰ ਚੋਰੀ ਕਰਨ ਵਾਲਿਆਂ ਨੂੰ ਫੜਨ ਲਈ  ਵਾਹਨਾਂ ਅਤੇ ਆਧੁਨਿਕ ਸਾਮਾਨ ਨਾਲ ਲੈਸ ਹੋਵੇਗੀ। ਉਨ੍ਹਾ ਦੱਸਿਆ ਕਿ ਪੰਜਾਬ ਸਰਕਾਰ ਕਾਨੂੰਨੀ ਅਫਸਰਾਂ ਦੀ ਭਰਤੀ ਕਰਰਨ ਦੀ ਵੀ ਯੋਜਨਾ ਬਣਾ ਰਹੀ ਹੈ ਤਾਂ ਜੋ ਕਰ ਚੋਰੀ ਦੇ ਮਾਮਲਿਆਂ ਵਿੱਚ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਰਿਫੰਡ ਦੀ ਪ੍ਰ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਸ. ਬਾਦਲ ਨੇ ਕਿਹਾ ਕਿ ਘੱਟ ਉਦਯੋਗਿਕ ਇਕਾਈਆਂ ਵਾਲੇ ਖੇਤਰਾਂ ਵਿੱਚ ਰਿਫੰਡ ਦੀ ਪ੍ਰਕਿਰਿਆ 10 ਦਿਨਾਂ ਵਿੱਚ ਪੂਰੀ ਕੀਤੀ ਜਾਵੇ ਅਤੇ ਬਾਕੀ ਖੇਤਰਾਂ ਵਿੱਚ ਇਹ ਸਮਾਂ 60 ਦਿਨ ਦਾ ਹੋਵੇਗਾ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਛੇਤੀ ਹੀ ਇੱਕ ਕੰਪਨੀ ਦੀਆਂ ਸੇਵਾਵਾਂ ਲਈਆਂ ਜਾਣਗੀਆਂ ਤਾਂ ਜੋ ਸੂਬੇ ਭਰ ਵਿਚ ਸਥਿਤ ਸਾਰੇ ਆਬਕਾਰੀ ਅਤੇ ਕਰ ਦਫ਼ਤਰਾਂ ਦੇ ਖਾਤਿਆਂ ਦਾ ਆਡਿਟ ਹੋ ਸਕੇ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਨਾਂ ਬਾਰੇ ਫੈਸਲਾ ਅਗਲੇ ਮਹੀਨੇ ਦੇ ਅਖੀਰ ਤੱਕ ਲਿਆ ਜਾਵੇਗਾ ਅਤੇ ਇਹ ਆਪਣਾ ਕੰਮ ਨਵੰਬਰ ਤੋਂ ਸ਼ੁਰੂ ਕਰ ਦੇਵੇਗੀ।
ਹੋਰ ਵੇਰਵੇ ਦਿੰਦੇ ਹੋਏ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਆਬਕਾਰੀ ਵਿਭਾਗ ਨਾਲ ਸਬੰਧਤ ਤੰਗ ਪ੍ਰੇਸ਼ਾਨੀ ਦੇ ਕਿਸੇ ਵੀ ਮਾਮਲੇ ਵਿੱਚ ਲੋਕਾਂ ਵਲੋਂ ਆਪਣੀ ਸ਼ਿਕਾਇਤ ਦਰਜ਼ ਕਰਾਉਣ ਹਿੱਤ ਸਰਕਾਰ ਵਲੋਂ ਇੱਕ ਟੋਲ ਫਰੀ ਨੰਬਰ ਛੇਤੀ ਹੀ ਚਾਲੂ ਕੀਤਾ ਜਾਵੇਗਾ। ਉਨ੍ਹਾਂ ਅਗਾਂਹ ਦੱਸਿਆ ਕਿ ਉਨ੍ਹਾਂ ਵਲੋਂ ਵਿਭਾਗ ਦੇ ਕੰਮ ਕਾਜ ‘ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ।
ਉਪ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਚੰਗੀ ਕਾਰਗੁਜਾਰੀ ਵਿਖਾਉਣ ਵਾਲੇ ਅਫ਼ਸਰਾਂ ਨੂੰ ਹਰ ਮਹੀਨੇ ਵਿੱਤੀ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੇ ਅਫ਼ਸਰਾਂ ਨੂੰ ਆਊਟ ਆਫ ਟਰਨ ਤਰੱਕੀਆਂ ਦਿੱਤੀਆਂ ਜਾਣਗੀਆਂ ਅਤੇ ਆਬਕਾਰੀ ਵਿਭਾਗ ਲਈ ‘ਸਰਬੋਤਮ ਅਫ਼ਸਰ’ ਦਾ ਐਵਾਰਡ ਵੀ ਸ਼ੁਰੂ ਕੀਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਵਿਭਾਗ ਦੇ ਸਮੂਹ ਦਫ਼ਤਰਾਂ ਵਿੱਚ ਲੋੜੀਂਦਾ ਜ਼ਰੂਰੀ ਢਾਂਚਾ ਉਪਲੱਬਧ ਕਰਾਉਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਛੇਤੀ ਹੀ ਲੋੜੀਂਦੀਆਂ ਸਹੂਲਤਾਂ ਜਿਵੇਂ ਕਿ ਬੈਠਣ ਦੀ ਢੁੱਕਵੀਂ ਜਗ੍ਹਾਂ ਆਦਿ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਮੌਕੇ ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ. ਔਜਲਾ, ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਅਨੁਰਾਗ ਵਰਮਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਅਜੇ ਕੁਮਾਰ ਮਹਾਜਨ ਅਤੇ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Facebook Comment
Project by : XtremeStudioz