Close
Menu

ਸੁਖਬੀਰ ਵਲੋਂ ਥਾਵਰ ਚੰਦ ਗਹਿਲੋਤ ਨਾਲ ਮੁਲਾਕਾਤ

-- 09 December,2014

* ਪੰਜਾਬ ਨੂੰ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਵਿਚ ਸ਼ਾਮਿਲ ਕਰਨ ਦੀ ਮੰਗ
ਚੰਡੀਗੜ੍ਹ/ਨਵੀਂ ਦਿੱਲੀ, ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰੀ ਸਮਾਜਿਕ ਨਿਆਂ ਤੇ ਸ਼ਸ਼ਕਤੀਕਰਨ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ ਨਾਲ ਮੁਲਾਕਾਤ ਕਰਕੇ ਪੰਜਾਬ ਨੂੰ ‘ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਤਹਿਤ ਸ਼ਾਮਿਲ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਪੰਜਾਬ ਵਿਚ ਦੇਸ਼ ਦੇ ਬਾਕੀ ਰਾਜਾਂ ਦੇ ਮੁਕਾਬਲੇ ਅਨੁਸੂਚਿਤ ਜਾਤੀਆਂ ਦੀ ਵਸੋਂ ਸਭ ਤੋਂ ਵੱਧ (31.94 ਫੀਸਦੀ) ਹੈ ।
ਸਮਾਜਿਕ ਨਿਆਂ ਸਬੰਧੀ ਕੇਂਦਰੀ ਮੰਤਰੀਆਂ ਸ਼੍ਰੀ ਗਹਿਲੋਤ ਅਤੇ ਸ਼੍ਰੀ ਵਿਜੈ ਸਾਂਪਲਾ ਨਾਲ ਮੁਲਾਕਾਤ ਦੌਰਾਨ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਸ ਆਦਰਸ਼ਕ ਯੋਜਨਾ ਤਹਿਤ ਦੇਸ਼ ਦੇ ਉਨ੍ਹਾਂ 1000 ਪਿੰਡਾਂ ਦਾ ਵਿਕਾਸ ਕੀਤਾ ਜਾਣਾ ਹੈ ਜਿੱਥੇ ਅਨੁਸੂਚਿਤ ਜਾਤੀਆਂ ਦੀ ਵਸੋਂ 50 ਫੀਸਦੀ ਤੋਂ ਵੱਧ ਹੈ ਅਤੇ ਪੰਜਾਬ ਵਿਚ ਕੁੱਲ 2800 ਅਜਿਹੇ ਪਿੰਡ ਹਨ ਜਿਥੇ ਅਨੁਸੂਚਿਤ ਜਾਤੀਆਂ ਦੀ ਵਸੋਂ 50ਫੀਸਦ ਜਾਂ ਉਸ ਤੋ ਵੱਧ ਹੈ । ਉਨ੍ਹਾਂ ਦੱਸਿਆ ਕਿ ਸੂਬੇ ਦੀ ਕੁੱਲ 2.77 ਕਰੋੜ ਵਸੋਂ ਵਿਚੋਂ 88.60 ਲੱਖ ਵਿਅਕਤੀ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਹਨ ਅਤੇ ਪੰਜਾਬ ਇਸ ਯੋਜਨਾ ਤਹਿਤ ਸ਼ਾਮਿਲ ਹੋਣ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਪਰ ਇਸ ਯੋਜਨਾ ਤਹਿਤ ਸੂਬੇ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਚੁਣੇ ਗਏ ਰਾਜ ਆਸਾਮ, ਤਾਮਿਲਨਾਡੂ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਬਿਹਾਰ ਵਿਚ ਪੰਜਾਬ ਦੇ ਮੁਕਾਬਲੇ ਐਸ.ਸੀ. ਵਸੋਂ ਕਾਫੀ ਘੱਟ ਹੈ।
ਐਸ.ਸੀ ਜਾਤੀਆਂ ਲਈ ਵਿਸ਼ੇਸ਼ ਕੇਂਦਰੀ ਸਹਾਇਤਾ ਦੀ ਵਰਤਮਾਨ ਸਥਿਤੀ ਬਾਰੇ ਗੱਲਬਾਤ ਦੌਰਾਨ ਸ. ਬਾਦਲ ਨੇ ਕਿਹਾ ਕਿ ਐਸ.ਸੀ. ਸਬ ਪਲਾਨ ਤਹਿਤ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਆਰਥਿਕ ਵਿਕਾਸ ਲਈ ਪੰਜਾਬ ਸਰਕਾਰ ਨੇ  ਪਿਛਲੇ ਵਰ੍ਹੇ ਦੌਰਾਨ 440.48 ਕਰੋੜ ਰੁਪੈ ਦੀ ਵਰਤੋਂ ਕਰਕੇ 7841 ਲਾਭਪਾਤਰੀਆਂ ਨੂੰ ਸਹਾਇਤਾ ਦਿੱਤੀ ਹੈ। ਉਨਾਂ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਸਾਲ 2014-15 ਦੇ 25.65 ਕਰੋੜ ਰੁਪੈ ਤੁਰੰਤ ਜਾਰੀ ਕਰਵਾਉਣ। ਇਸ ਤੋਂ ਇਲਾਵਾ ਉਨ੍ਹਾਂ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ ਮੌਜੂਦਾ ਸਾਲ ਲਈ ਮੰਜੂਰ ਕੀਤੇ ਕੁੱਲ 440 ਕਰੋੜ ਰੁਪੈ ਵਿਚੋਂ ਬਕਾਇਆ 229.54 ਕਰੋੜ ਰੁਪੈ ਜਾਰੀ ਕਰਨ ਦੀ ਮੰਗ ਵੀ ਰੱਖੀ। ਅੰਗਹੀਣ ਭਲਾਈ ਕਾਨੂੰਨ ਤਹਿਤ ਅੰਗਹੀਣਾਂ ਦੀ ਸਹੂਲਤ ਲਈ ਸਰਕਾਰੀ ਦਫਤਰਾਂ, ਸਿੱਖਿਆ ਸੰਸਥਾਵਾਂ ਵਿਚ ਰੈਂਪ ਤੇ ਹੋਰ ਬੁਨਿਆਦੀ ਢਾਂਚਾ ਉਸਾਰਨ ਲਈ ਵੀ ਉਪ ਮੁੱਖ ਮੰਤਰੀ ਵਲੋਂ 5.88 ਕਰੋੜ ਰੁਪੈ ਜਾਰੀ ਕਰਨ ਦੀ ਮੰਗ ਕੀਤੀ ਗਈ। ਅੰਗਹੀਣਾਂ ਲਈ ਨੈਸ਼ਨਲ ਸਪੋਰਟਸ ਇਸੰਟੀਚਿਊਟ ਸਥਾਪਿਤ ਕਰਨ ਲਈ ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਜ਼ੀਰਕਪੁਰ ਵਿਖੇ 10 ਏਕੜ ਜ਼ਮੀਨ ਦੇਣ ਦਾ ਪ੍ਰਸਤਾਵ  ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਜਗਾ ਨੂੰ ਅੰਤਿਮ ਪ੍ਰਵਾਨਗੀ ਦੇਣ ਲਈ ਕੇਂਦਰੀ ਕਮੇਟੀ ਦਾ ਗਠਨ ਵੀ ਜਲਦ ਕੀਤਾ ਜਾਵੇ।
ਮੀਟਿੰਗ ਦੌਰਾਨ ਦੋਹਾਂ ਕੇਂਦਰੀ ਮੰਤਰੀਆਂ ਨੇ ਉਪ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ  ਪੰਜਾਬ ਨੂੰ ‘ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ’ ਤਹਿਤ ਸ਼ਾਮਿਲ ਕਰਨ ਲਈ ਕਾਰਵਾਈ ਜਲਦ ਮੁਕੰਮਲ ਕਰਕੇ ਸੂਚਿਤ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਐਸ.ਸੀ. ਸਬ ਪਲਾਨ ਲਾਗੂ ਕਰਨ ਤੇ ਪੋਸਟ ਮੈਟਰਿਕ ਸਕਾਲਰਸ਼ਿਪ ਤਹਿਤ ਗ੍ਰਾਂਟਾਂ ਨੂੰ ਜਾਰੀ ਕਰਨ ਦਾ ਵੀ ਕੇਂਦਰੀ ਮੰਤਰੀਆਂ ਨੇ ਭਰੋਸਾ ਦਿਵਾਇਆ।
ਇਸ ਮੌਕੇ ਮੁੱਖ ਤੌਰ ‘ਤੇ  ਪੰਜਾਬ ਦੇ ਸਮਾਜਿਕ ਸੁਰੱਖਿਆ ਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ, ਕੇਂਦਰੀ ਸਮਾਜਿਕ  ਨਿਆਂ ਸਕੱਤਰ  ਸੁਧੀਰ ਭਾਰਗਵ, ਕੇਂਦਰੀ ਅਪੰਗ ਮਾਮਲਿਆਂ ਦੇ ਸਕੱਤਰ ਸਤੂਤੀ ਕੇਕਰ, ਸਕੱਤਰ ਐਸ.ਸੀ/ਬੀ.ਸੀ ਭਲਾਈ ਸੀਮਾ ਜੈਨ  ਅਤੇ ਸਕੱਤਰ ਸਮਾਜਿਕ ਸੁਰੱਖਿਆ ਜਸਪਾਲ ਸਿੰਘ ਵੀ ਹਾਜਰ ਸਨ।

Facebook Comment
Project by : XtremeStudioz