Close
Menu

ਸੁਖਬੀਰ ਵਲੋਂ ਪੰਚਾਂ-ਸਰਪੰਚਾਂ ਨੂੰ ਵਿਕਾਸ ਦੇ ਦੂਤ ਬਣਨ ਦਾ ਸੱਦਾ

-- 19 September,2013

2

ਫਾਜਿਲਕਾ, 19 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪੰਚਾਂ ਤੇ ਸਰਪੰਚਾਂ ਨੂੰ ਪਿੰਡਾਂ ਦੇ ਵਿਕਾਸ ਦੇ ਦੂਤ ਬਣਨ ਦਾ ਸੱਦਾ ਦਿੰਦਿਆਂ ਆਖਿਆ ਕਿ ਅਗਲੇ 3 ਸਾਲਾਂ ਵਿਚ ਪੰਜਾਬ ਦੇ ਸਾਰੇ 13000 ਤੋਂ ਵੱਧ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 10 ਹਜ਼ਾਰ  ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਅੱਜ ਇੱਥੇ ਜਲਾਲਬਾਦ ਤੇ ਫਾਜਿਲਕਾ ਵਿਖੇ ਕੁੱਲ 49 ਕਰੋੜ ਰੁਪੈ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਅਗਲੇ 3 ਸਾਲਾਂ ਦੌਰਾਨ ਹਰ ਪਿੰਡ ਵਿਚ 100 ਫੀਸਦੀ ਪੀਣ ਵਾਲਾ ਪਾਣੀ, ਸੀਵਰੇਜ਼ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਹਰ ਪਿੰਡ ਨੂੰ ਇਕ ਸਾਈਬਰ ਕੇਂਦਰ ਬਣਾਉਣਾ ਹੈ। ਇਸ ਤੋਂ ਇਲਾਵਾ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਮਜ਼ਬੂਤੀ ਤੇ ਨਵੀਨੀਕਰਨ ਲਈ ਵੱਖਰੇ ਤੌਰ ‘ਤੇ 1700 ਕਰੋੜ ਰੁਪੈ ਵੀ ਮਨਜ਼ੂਰ ਕਰ ਦਿੱਤੇ ਗਏ ਹਨ।

ਪਿੰਡਾਂ ਦੇ ਲੋਕਾਂ ਨਾਲ ਨੇੜਿਓਂ ਰਾਬਤਾ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਸ. ਬਾਦਲ ਨੇ ਕਿਹਾ ਕਿ ਉੁਹ ਖੁਦ ਵੀ ਅਗਲੇ ਮਹੀਨੇ ਤੋਂ ਪਿੰਡਾਂ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕਰਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲੋਂ ਕੀਤੇ ਜਾਂਦੇ ਸੰਗਤ ਦਰਸ਼ਨਾਂ ਦੇ ਵਿਰੋਧ ਨੂੰ ਸ. ਬਾਜਵਾ ਦੀ ਮਜ਼ਬੂਰੀ ਦੱਸਦਿਆਂ ਸ. ਬਾਦਲ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਦੇ ਏਜੰਡੇ ‘ਤੇ ਆਮ ਆਦਮੀ ਹੈ ਹੀ ਨਹੀਂ ਜਿਸ ਕਰਕੇ ਉਹ ਸੰਗਤ ਦਰਸ਼ਨਾਂ ਦਾ ਬੇਲੋੜਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਲੋਕਾਂ ਦੀਆਂ ਸਮੱਸਿਆਵਾਂ ਸਮਝਦੀ ਹੈ ਤੇ ਨਾ ਹੀ ਸਮਝਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੰਗਤ ਦਰਸ਼ਨ ਪ੍ਰੋਗਰਾਮ ਏਨੇ ਸਫਲ ਹਨ ਕਿ ਯੂ.ਪੀ. ਸਰਕਾਰ ਵਲੋਂ ਇਨ੍ਹਾਂ ਦੀ ਤਰਜ਼ ‘ਤੇ ਜਨਤਾ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ।

ਸ. ਬਾਦਲ ਨੇ ਨਾਲ ਹੀ ਕਿਹਾ ਕਿ ਫਿਰੋਜ਼ਪੁਰ ਤੇ ਫਾਜਿਲਕਾ ਦੇ ਵਿਕਾਸ ਲਈ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਵਲੋਂ ਜਲਾਲਾਬਾਦ ਵਿਖੇ 24 ਕਰੋੜ ਤੇ ਫਾਜਿਲਕਾ ਵਿਖੇ 25 ਕਰੋੜ ਰੁਪੈ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਜਲਾਲਾਬਾਦ ਵਿਖੇ ਇਕ ਰੈਲੀ ਦੌਰਾਨ ਸ. ਬਾਦਲ ਵਲੋਂ 36 ਪੰਚਾਇਤਾਂ ਨੂੰ 2.50 ਕਰੋੜ ਰੁਪੈ ਦੀਆਂ ਗ੍ਰਾਂਟਾਂ ਦੇ ਚੈਕ ਦੇਣ ਤੋਂ ਇਲਾਵਾ ਅਨੇਕਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ। ਸ. ਬਾਦਲ ਨੇ ਨਾਲ ਹੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਜਲਾਲਾਬਾਦ ਹਲਕੇ ਦੇ 12 ਪਿੰਡਾਂ ਦੀ ਚੋਣ ਆਦਰਸ਼ ਪਿੰਡਾਂ ਵਜੋਂ ਵਿਕਸਤ ਕਰਨ ਲਈ ਕੀਤੀ ਗਈ ਹੈ, ਜਿਸ ਲਈ ਉਨ੍ਹਾਂ ਵਲੋਂ ਮੌਕੇ ‘ਤੇ ਹੀ 19 ਕਰੋੜ ਰੁਪੈ ਜਾਰੀ ਕਰਨ ਦਾ ਐਲਾਨ ਕੀਤਾ ਗਿਆ। ਜਲਾਲਾਬਾਦ ਵਿਖੇ  ਸ.ਬਾਦਲ ਵਲੋਂ ਜਲਾਲਾਬਾਦ-ਲੱਖੋਵਾਲੀ ਸੜਕ ‘ਤੇ 1.14 ਕਰੋੜ ਦੀ ਲਾਗਤ ਨਾਲ ਦੋ ਪੁਲਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ 5.24 ਕਰੋੜ ਨਾਲ ਜਲਾਲਾਬਾਦ-ਮੁਕਤਸਰ ਸੜਕ ਦੇ ਵਿਸਥਾਰ, 7.23 ਕਰੋੜ ਨਾਲ ਕਟਹਿੜਾ-ਘੱਲੋ ਸੜਕ ਦੇ  ਨਵੀਨੀਕਰਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ।

ਫਾਜਿਲਕਾ ਵਿਖੇ ਸ. ਬਾਦਲ ਵਲੋਂ 2 ਕਰੋੜ ਦੀ ਲਾਗਤ ਨਾਲ ਜਿਲ੍ਹਾ ਪੰਚਾਇਤ ਰਿਸੋਰਸ ਸੈਂਟਰ, 75 ਲੱਖ ਨਾਲ ਸੁਵਿਧਾ ਕੇਂਦਰ, 2.31 ਲੱਖ ਨਾਲ ਬੀ.ਡੀ.ਪੀ.ਓ. ਦਫਤਰ ਤੇ ਪੁਲਿਸ ਥਾਣਾ ਅਰਨੀਵਾਲਾ ਉਸਾਰੇ ਜਾਣ ਦਾ ਵੀ ਨੀਂਹ ਪੱਥਰ ਵੀ ਰੱਖਿਆ।

ਇਸ ਮੌਕੇ ਮੁੱਖ ਤੌਰ ‘ਤੇ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸਤਿੰਦਰਜੀਤ ਸਿੰਘ ਮੰਟਾ ਸਿਆਸੀ ਸਲਾਹਕਾਰ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਲਖਵਿੰਦਰ ਸਿੰਘ ਰੋਹੀਵਾਲਾ ਚੇਅਰਮੈਨ ਪੀ.ਏ.ਡੀ.ਬੀ. ਜਲਾਲਬਾਦ, ਅਕਾਲੀ ਆਗੂ ਦਵਿੰਦਰ ਸਿੰਘ ਬੱਬਲ,ਡੀ.ਸੀ ਬਸੰਤ ਗਰਗ ਹਾਜ਼ਰ ਸਨ।

Facebook Comment
Project by : XtremeStudioz