Close
Menu

ਸੁਪਰੀਮ ਕੋਰਟ ਨੇ ਮੁਸ਼ੱਰਫ ਨੂੰ ਚੋਣ ਲੜਨ ਦੀ ਦਿੱਤੀ ਮਨਜ਼ੂਰੀ ਵਾਪਸ ਲਈ

-- 15 June,2018

ਇਸਲਾਮਾਬਾਦ, ਪਾਕਿਸਤਾਨ ਸੁਪਰੀਮ ਕੋਰਟ ਨੇ ਅੱਜ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਨ੍ਹਾਂ ਨੂੰ ਸ਼ਰਤਾਂ ਤਹਿਤ ਚੋਣ ਲੜਨ ਦੀ ਦਿੱਤੀ ਇਜਾਜ਼ਤ ਵਾਪਸ ਲੈ ਲਈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਦਾਲਤ ਵੱਲੋਂ ਮੁਸ਼ੱਰਫ ਨੂੰ ਸ਼ਰਤਾਂ ਤਹਿਤ ਚੋਣ ਲੜਨ ਦੀ ਮਨਜ਼ੂਰੀ ਦਿੱਤੇ ਜਾਣ ਬਾਅਦ ਉਸ ਨੇ ਚਿਤਰਾਲ ਦੇ ਉੱਤਰੀ ਜ਼ਿਲ੍ਹੇ ਤੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਸੀ। ਅਦਾਲਤ ਨੇ ਉਸ ਨੂੰ 2013 ਵਿੱਚ ਪਿਸ਼ਾਵਰ ਹਾਈ ਕੋਰਟ ਵੱਲੋਂ ਅਯੋਗ ਠਹਿਰਾਏ ਜਾਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ’ਤੇ ਸੁਣਵਾਈ ਦੌਰਾਨ 13 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਚੀਫ ਜਸਟਿਸ ਸਾਕਿਬ ਨਿਸਾਰ ਨੇ ਕੱਲ੍ਹ ਸਾਬਕਾ ਫੌਜ ਮੁਖੀ ਦੇ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਉਨ੍ਹਾਂ ਨੂੰ ਝਾੜ ਲਾਈ ਸੀ ਅਤੇ ਉਨ੍ਹਾਂ ਨੂੰ ਵੀਰਵਾਰ ਦੁਪਹਿਰ ਦੋ ਵਜੇ ਤਕ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਵਕੀਲ ਕਮਰ ਅਫਜ਼ਲ ਨੇ ਅਦਾਲਤ ਨੂੰ ਦੱਸਿਆ ਕਿ ਮੁਸ਼ੱਰਫ(74) ਮੁਲਕ ਪਰਤਣਾ ਚਾਹੁੰਦੇ ਹਨ ਪਰ ਉਨ੍ਹਾਂ ਲਈ ਤੁਰਤ ਆਉਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਸ਼ੱਰਫ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਨੇ ਹੋਰ ਸਮਾਂ ਮੰਗਿਆ ਹੈ। ਉਨ੍ਹਾਂ ਦੀ ਪਾਕਿਸਤਾਨ ਆਉਣ ਦੀ ਯੋਜਨਾ ਹੈ ਪਰ ਈਦ ਦੀਆਂ ਛੁੱਟੀਆਂ ਅਤੇ ਬਿਮਾਰੀ ਕਾਰਨ ਉਹ ਤੁਰਤ ਸਫਰ ਨਹੀਂ ਕਰ ਸਕਦੇ। ਇਸ ਤੋਂ ਖ਼ਫ਼ਾ ਹੋ ਕੇ ਜੱਜ ਨੇ ਮਾਮਲੇ ਦੀ ਸੁਣਵਾਈ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਤੇ ਕਿਹਾ ਕਿ ਅਗਲੀ ਸੁਣਵਾਈ ਉਦੋਂ ਹੋਵੇਗੀ ਜਦੋਂ ਪਟੀਸ਼ਨਰ ਇਸ ਲਈ ਤਿਆਰ ਹੋਵੇਗਾ। ਇਸ ਦੇ ਨਾਲ ਹੀ ਜਸਟਿਸ ਨਿਸਾਰ ਨੇ ਮੁਸ਼ੱਰਫ ਨੂੰ ਸ਼ਰਤਾਂ ਤਹਿਤ ਚੋਣ ਲੜਨ ਦੀ ਦਿੱਤੀ ਇਜਾਜ਼ਤ ਵਾਪਸ ਲੈ ਲਈ।
ਅੱਜ ਸਵੇਰੇ ਮੁਸ਼ੱਰਫ ਦੀ ਆਲ ਪਾਕਿਸਤਾਨ ਮੁਸਲਿਮ ਲੀਗ ਨੇ ਟਵਿੱਟਰ ’ਤੇ ਕਿਹਾ ਸੀ ‘‘ ਉਨ੍ਹਾਂ ਦੀ ਵਾਪਸੀ ਦੀ ਤਿਆਰੀ ਅੰਤਿਮ ਪੜਾਅ ’ਤੇ ਹੈ। ’’ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਐਲਾਨ ਦੇ ਕੁਝ ਘੰਟਿਆਂ ਮਗਰੋਂ ਬਦਲਾਅ ਕਿਉਂ ਕੀਤਾ ਗਿਆ। ਮੁਸ਼ੱਰਫ਼ ਮਾਰਚ     2016 ਤੋਂ ਦੁਬਈ ਵਿੱਚ ਹੈ ਤੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ।

Facebook Comment
Project by : XtremeStudioz