Close
Menu

ਸੁਪਰੀਮ ਕੋਰਟ ਨੇ ਸੀਲਬੰਦ ਲਿਫ਼ਾਫ਼ੇ ਵਿੱਚ ਕੀਮਤ ਦੇ ਵੇਰਵੇ ਮੰਗੇ

-- 01 November,2018

* ਭਾਰਤੀ ਭਾਈਵਾਲ ਅਤੇ ਹੋਰ ਸਬੰਧਤ ਵੇਰਵੇ ਪਟੀਸ਼ਨਰਾਂ ਨਾਲ ਸਾਂਝੇ ਕਰਨ ਲਈ ਕਿਹਾ
* ਕੇਸ ਦੀ ਅਗਲੀ ਸੁਣਵਾਈ 14 ਨਵੰਬਰ ਨੂੰ

ਨਵੀਂ ਦਿੱਲੀ, 31 ਅਕਤੂਬਰ
ਸੁਪਰੀਮ ਕੋਰਟ ਨੇ ਫਰਾਂਸ ਤੋਂ ਖ਼ਰੀਦੇ ਜਾ ਰਹੇ 36 ਰਾਫ਼ਾਲ ਲੜਾਕੂ ਜੈੱਟਾਂ ਦੀ ਕੀਮਤ ਦੇ ਵੇਰਵੇ ਕੇਂਦਰ ਸਰਕਾਰ ਨੂੰ ਸੀਲਬੰਦ ਲਿਫ਼ਾਫ਼ੇ ’ਚ 10 ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਕੋਲ ਜਮ੍ਹਾਂ ਕਰਾਉਣ ਲਈ ਕਿਹਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਇਹ ਵੀ ਕਿਹਾ ਕਿ ਜੈੱਟਾਂ ਨੂੰ ਹਾਸਲ ਕਰਨ ਦੀ ਪ੍ਰਕਿਰਿਆ ਸਮੇਤ ਹੋਰ ਫ਼ੈਸਲਿਆਂ ਦੇ ਵੇਰਵੇ ਉਨ੍ਹਾਂ ਧਿਰਾਂ ਨੂੰ ਦਿੱਤੇ ਜਾਣ ਜਿਨ੍ਹਾਂ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਹੋਈ ਹੈ। ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਬੈਂਚ ਨੂੰ ਦੱਸਿਆ ਕਿ ਰਾਫ਼ਾਲ ਜੈੱਟਾਂ ਦੀ ਕੀਮਤ ਸੰਸਦ ਨਾਲ ਵੀ ਸਾਂਝੀ ਨਹੀਂ ਕੀਤੀ ਗਈ ਹੈ। ਬੈਂਚ, ਜਿਸ ’ਚ ਜਸਟਿਸ ਯੂ ਯੂ ਲਲਿਤ ਅਤੇ ਕੇ ਐਮ ਜੋਜ਼ੇਫ਼ ਵੀ ਸ਼ਾਮਲ ਹਨ, ਨੇ ਅਟਾਰਨੀ ਜਨਰਲ ਨੂੰ ਕਿਹਾ ਕਿ ਜੇਕਰ ਕੀਮਤ ਦੇ ਵੇਰਵੇ ‘ਖਾਸ’ ਹਨ ਅਤੇ ਇਹ ਅਦਾਲਤ ਨਾਲ ਸਾਂਝੇ ਨਹੀਂ ਕੀਤੇ ਜਾ ਸਕਦੇ ਹਨ ਤਾਂ ਫਿਰ ਕੇਂਦਰ ਨੂੰ ਇਸ ਬਾਬਤ ਹਲਫ਼ਨਾਮਾ ਦਾਖ਼ਲ ਕਰਨਾ ਚਾਹੀਦਾ ਹੈ। ਬੈਂਚ ਨੇ ਸਪੱਸ਼ਟ ਕੀਤਾ ਕਿ ਇਸ ਮੁਕਾਮ ’ਤੇ ਕੇਂਦਰ ਵੱਲੋਂ ‘ਰਣਨੀਤਕ ਅਤੇ ਗੁਪਤ’ ਸਮਝੇ ਜਾਂਦੇ ਵੇਰਵੇ ਅਦਾਲਤ ਮੂਹਰੇ ਰੱਖੇ ਜਾ ਸਕਦੇ ਹਨ ਅਤੇ ਇਹ ਪਟੀਸ਼ਨਰਾਂ ਵੱਲੋਂ ਪੇਸ਼ ਹੋ ਰਹੇ ਵਕੀਲਾਂ ਨੂੰ ਨਹੀਂ ਦਿੱਤੇ ਜਾਣੇ ਚਾਹੀਦੇ। ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਭਾਈਵਾਲ ਦੀ ਸ਼ਮੂਲੀਅਤ ਸਬੰਧੀ ਜੇਕਰ ਕੋਈ ਜਾਇਜ਼ ਵੇਰਵੇ ਹਨ ਤਾਂ ਉਹ ਪਟੀਸ਼ਨਰਾਂ ਨੂੰ ਦੇਣੇ ਚਾਹੀਦੇ ਹਨ। ਜਦੋਂ ਸ੍ਰੀ ਵੇਣੂਗੋਪਾਲ ਨੇ ਬੈਂਚ ਨੂੰ ਕਿਹਾ ਕਿ ਜਿਹੜੀ ਰਿਪੋਰਟ ਕੇਂਦਰ ਨੇ ਸੁਪਰੀਮ ਕੋਰਟ ਨੂੰ ਸੌਂਪੀ ਹੈ, ਉਹ ਸਰਕਾਰੀ ਭੇਤ ਐਕਟ ਤਹਿਤ ਆਉਂਦੀ ਹੈ ਅਤੇ ਉਸ ਨੂੰ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ, ਤਾਂ ਬੈਂਚ ਨੇ ਸਪੱਸ਼ਟ ਕੀਤਾ ਕਿ ਗੁਪਤ ਅਤੇ ਰਣਨੀਤਕ ਸੂਚਨਾ ਸਾਂਝੀ ਕਰਨ ਦੀ ਲੋੜ ਨਹੀਂ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕਿਸੇ ਵੀ ਜਨਹਿੱਤ ਪਟੀਸ਼ਨ ’ਚ ਰਾਫ਼ਾਲ ਜੈੱਟ ਦੀ ਭਰੋਸੇਯੋਗਤਾ ’ਤੇ ਸਵਾਲ ਨਹੀਂ ਉਠਾਏ ਗਏ ਹਨ। ਬੈਂਚ ਨੇ ਕੇਸ ਦੀ ਅਗਲੀ ਸੁਣਵਾਈ 14 ਨਵੰਬਰ ’ਤੇ ਪਾ ਦਿੱਤੀ ਹੈ। ਸੰਖੇਪ ਸੁਣਵਾਈ ਦੌਰਾਨ ਵਕੀਲ ਪ੍ਰਸ਼ਾਂਤ ਭੂਸ਼ਣ, ਜਿਨ੍ਹਾਂ ਸਾਬਕਾ ਮੰਤਰੀਆਂ ਅਰੁਣ ਸ਼ੋਰੀ ਅਤੇ ਯਸ਼ਵੰਤ ਸਿਨਹਾ ਨਾਲ ਪਟੀਸ਼ਨ ਪਾਈ ਹੈ, ਨੇ ਕਿਹਾ ਕਿ ਉਹ ਰਾਫ਼ਾਲ ਸੌਦੇ ਦੀ ਅਦਾਲਤ ਦੀ ਨਿਗਰਾਨੀ ਹੇਠ ਸੀਬੀਆਈ ਜਾਂਚ ਮੰਗ ਰਹੇ ਹਨ। ਚੀਫ਼ ਜਸਟਿਸ ਨੇ ਕਿਹਾ ਕਿ ਉਹ ਅਜੇ ਇਸ ਮੁੱਦੇ ’ਤੇ ਉਡੀਕ ਕਰਨ ਅਤੇ ਸੀਬੀਆਈ ਨੂੰ ਪਹਿਲਾਂ ਆਪਣਾ ਘਰ ਠੀਕ ਕਰ ਲੈਣ ਦੇਣ। ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਦੇ ਵਕੀਲ ਧੀਰਜ ਸਿੰਘ ਵੱਲੋਂ ਜਦੋਂ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਮੰਗ ਕੀਤੀ ਗਈ ਤਾਂ ਬੈਂਚ ਨੇ ਕਿਹਾ,‘‘ਉਨ੍ਹਾਂ (ਸੰਜੇ ਸਿੰਘ) ਦੀ ਇਸ ’ਚ ਕੀ ਦਿਲਚਸਪੀ ਹੈ? ਅਸੀਂ ਇੰਨੀਆਂ ਪਟੀਸ਼ਨਾਂ ’ਤੇ ਵਿਚਾਰ ਨਹੀਂ ਕਰ ਸਕਦੇ। ਕੀ ਤੁਸੀਂ ਰਾਫ਼ਾਲ ਦੀ ਕੀਮਤ ਬਾਰੇ ਜਾਣਦੇ ਹੋ?’’ ਵਕੀਲ ਨੇ ਜਦੋਂ ਕਿਹਾ ਕਿ ਸੰਜੇ ਸਿੰਘ ਨੂੰ ਇਸ ਦਾ ਪਤਾ ਹੈ ਤਾਂ ਬੈਂਚ ਨੇ ਕਿਹਾ ਕਿ ਉਹ ਆਪਣੇ ਤਕ ਇਸ ਦੀ ਕੀਮਤ ਸੀਮਤ ਰੱਖਣ। ‘ਤੁਸੀਂ ਖੁਸ਼ਕਿਸਮਤਾਂ ’ਚੋਂ ਇਕ ਹੋ ਜਿਸ ਨੂੰ ਕੀਮਤ ਦਾ ਪਤਾ ਹੈ।’ ਪਟੀਸ਼ਨਰ ਵਕੀਲ ਐਮ ਐਲ ਸ਼ਰਮਾ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਮਗਰੋਂ ਇਸ ਮਾਮਲੇ ’ਤੇ ਸੁਣਵਾਈ ਕੀਤੀ ਜਾਵੇ। ਬੈਂਚ ਨੇ ਕਿਹਾ ਕਿ ਚੋਣਾਂ ਲਈ ਅਦਾਲਤ ਦਾ ਕੰਮ ਨਹੀਂ ਰੋਕਿਆ ਜਾ ਸਕਦਾ।

Facebook Comment
Project by : XtremeStudioz