Close
Menu

ਸੁਮੇਧ ਸੈਣੀ ਉਤੇ ਸਿੱਖ ਬੰਦੀਆਂ ਦੀ ਰਿਹਾਈ ਦੇ ਮੁੱਦੇ ਬਾਰੇ ਗੁੰਮਰਾਹ ਕਰਨ ਦਾ ਦੋਸ਼

-- 28 February,2015

ਚੰਡੀਗੜ੍, ਯੂਨਾਈਟਿਡ ਅਕਾਲੀ ਦਲ ਨੇ ਪੰਜਾਬ ਪੁਲੀਸ ਦੇ ਮੁਖੀ ਸੁਮੇਧ ਸਿੰਘ ਸੈਣੀ ਵਲੋਂ ਭਾਈ ਸੂਰਤ ਸਿੰਘ ਖਾਲਸਾ ਦੇ ਮਰਨ ਵਰਤ ਦੇ ਮਾਮਲੇ ਵਿਚ ਸਿੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ 3 ਮਾਰਚ ਨੂੰ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ।
ਯੂਨਾਈਟਿਡ ਅਕਾਲੀ ਦਲ ਦੀ ਅੱਜ ਇਥੇ ਹੋਈ ਮੀਟਿੰਗ ਤੋਂ ਬਾਅਦ ਗੁਰਨਾਮ ਸਿੰਘ ਸਿੱਧੂ, ਡਾਕਟਰ ਭਗਵਾਨ ਸਿੰਘ, ਜਤਿੰਦਰ ਸਿੰਘ ਈਸੜੂ, ਜਸਵਿੰਦਰ ਸਿੰਘ ਬਰਾੜ ਆਦਿ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਸੈਣੀ ਸਿਆਸੀ ਬਿਆਨਬਾਜ਼ੀ ਕਰਕੇ ਸਿੱਖਾਂ ਦੇ ਜ਼ਖਮਾਂ ਉਪਰ ਨਮਕ ਛਿੜਕ ਰਹੇ ਹਨ। ਉਨ੍ਹਾਂ ਕਿਹਾ ਕਿ ਭਾਈ ਸੂਰਤ ਸਿੰਘ ਖਾਲਸਾ ਜਮਹੂਰੀ ਢੰਗ ਨਾਲ ਮਰਨ ਵਰਤ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਇਸੇ ਲੜੀ ਤਹਿਤ ਯੂਨਾਈਟਿਡ ਅਕਾਲੀ ਦਲ ਪੁਰਅਮਨ ਢੰਗ ਨਾਲ ਇਸ ਸੰਘਰਸ਼ ਦੀ ਹਮਾਇਤ ਕਰ ਰਿਹਾ ਹੈ। ਪੰਜਾਬ ਪੁਲੀਸ ਨੇ ਪੂਰੀ ਤਰ੍ਹਾਂ ਸਿੱਖਾਂ ਦਾ ਮੂੰਹ ਬੰਦ ਕਰਨ ਦੇ ਰਾਹ ਪੈਂਦਿਆਂ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਅਤੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਖੁਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੋਰਚੇ ਲਾ ਕੇ ਸਿੱਖਾਂ ਦੀ ਰਿਹਾਈ ਦੀ ਮੰਗ ਕਰਦੇ ਰਹੇ ਹਨ। ਹੁਣ ਯੂਨਾਈਟਿਡ ਅਕਾਲੀ ਦਲ ਇਸ ਲੜੀ ਨੂੰ ਅੱਗੇ ਚਲਾ ਕੇ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ, ਜਿਸ ਨੂੰ ਹੁਣ ਪੰਜਾਬ ਸਰਕਾਰ ਵਲੋਂ ਗੁਨਾਹ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਸ੍ਰੀ ਸੈਣੀ ਵਲੋਂ ਭਾਈ ਖਾਲਸਾ ਦੇ ਹਵਾਲੇ ਨਾਲ 82 ਬੰਦੀ ਸਿੱਖਾਂ ਦੀ ਸੂਚੀ ਬਾਰੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਭਾਈ ਖਾਲਸਾ ਨੇ ਅਜਿਹੀ ਕੋਈ ਸੂਚੀ ਜਾਰੀ ਹੀ ਨਹੀਂ ਕੀਤੀ। ਸ੍ਰੀ ਸਿੱਧੂ ਨੇ ਕਿਹਾ ਕਿ ਭਾਈ ਖਾਲਸਾ ਵਲੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ ਹੈ। ਯੂਨਾਈਟਿਡ ਅਕਾਲੀ ਦਲ ਨੇ ਇਹੋ ਪੱਤਰ ਪੰਜਾਬ ਦੇ ਮੁੱਖ ਮੰਤਰੀ  ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸੈਣੀ ਵਲੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਮੁਹੱਈਆ ਕੀਤੀ ਸੂਚੀ ਉੱਪਰ ਹੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਯੂਨਾਈਟਿਡ ਅਕਾਲੀ ਦਲ ਕਿਸੇ ਤਰ੍ਹਾਂ ਵੀ ਹਿੰਸਾ ਦਾ ਹਾਮੀ ਨਹੀਂ ਹੈ ਅਤੇ ਇਹ ਪਾਰਟੀ ਸਪੱਸ਼ਟ ਕਰ ਚੁੱਕੀ ਹੈ ਕਿ ਸ਼ਾਂਤਮਈ ਢੰਗ ਨਾਲ ਸਿੱਖਾਂ ਦੇ ਮੁੱਦੇ ਚੁੱਕੇ ਜਾਣਗੇ ਪਰ ਪੁਲੀਸ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਦਬਾਉਣ ਦੇ ਰਾਹ ਪੈ ਕੇ ਆਗੂਆਂ ਨੂੰ ਗ੍ਰਿਫਤਾਰ ਕਰ ਰਹੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਸਮੇਤ ਸਮੂਹ ਹਿੰਦੂਆਂ, ਇਸਾਈਆਂ ਅਤੇ ਮੁਸਲਮਾਨਾਂ ਨੂੰ ਰਿਹਾਅ ਕੀਤਾ ਜਾਵੇ।

Facebook Comment
Project by : XtremeStudioz