Close
Menu

ਸੁਰੱਖਿਆ ਦੇ ਨਾਂ ਤੇ ਪੱਗ ਲਹਾਉਣ ਵਰਗੀ ਬਦਸਲੂਕੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ‑ਬਾਦਲ

-- 08 August,2013

2-4

ਗਿੱਦੜਬਾਹਾ , 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੱਗੜੀ ਨੂੰ ਸਿੱਖ ਪਛਾਣ ਦਾ ਅਟੁੱਟ ਅੰਗ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖੀ ਦੇ ਇਸ ਅਟੁੱਟ ਅੰਗ ਦੇ ਸਤਿਕਾਰ ਦੀ ਬਹਾਲੀ ਲਈ ਅਤੇ ਵਿਦੇਸ਼ੀ ਮੁਲਕਾਂ ਨੂੰ ਪੱਗੜੀ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕਰੇ।

ਅੱਜ ਇਥੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਪ੍ਰੋਗਰਾਮ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜੀਤ ਸਿੰਘ ਜੀ.ਕੇ ਨੂੰ ਇਟਲੀ ਦੇ ਇਕ ਹਵਾਈ ਅੱਡੇ ‘ਤੇ ਚੈਕਿੰਗ ਲਈ ਪੱਗੜੀ ਉਤਾਰੇ ਜਾਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਮੁਖ ਮੰਤਰੀ ਨੇ ਕਿਹਾ ਕਿ ਅਜਿਹੇ ਵਰਤਾਰੇ ਨੂੰ ਰੋਕਣ ਲਈ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੱਖ-ਵੱਖ ਮੁਲਕਾਂ ‘ਚ ਸਥਾਪਤ ਆਪਣੀਆਂ ਸਫਾਰਤਖਾਨਿਆਂ ਰਾਹੀਂ ਹੋਰਨਾਂ ਮੁਲਕਾਂ ਨੂੰ ਇਸ ਗੱਲ ਤੋਂ ਜ਼ੋਰਦਾਰ ਤਰੀਕੇ ਨਾਲ ਜਾਣੂ ਕਰਵਾਉਣਾ ਚਾਹੀਦਾ ਹੈ ਕਿ ਚੈਕਿੰਗ ਦੇ ਨਾਂ ਹੇਠ ਪੱਗੜੀ ਉਤਰਵਾਏ ਜਾਣਾ ਸਿੱਖ ਮਾਨਸਿਕਤਾ ਨੂੰ ਸਿੱਧੇ ਰੂਪ ਵਿੱਚ ਚੋਟ ਪਹੁੰਚਾਉਣਾ ਹੈ। ਇਸ ਸਬੰਧੀ ਜਲਦ ਕਾਰਵਾਈ ਲਈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਵਿਦੇਸ਼ ਮੰਤਰੀ ਪਾਸ ਇਹ ਮਸਲਾ ਉਠਾਉਣ ਦੀ ਗੱਲ ਆਖਦਿਆਂ ਸ. ਬਾਦਲ ਨੇ ਕਿਹਾ ਕਿ ਸਿੱਖੀ ਦੇ ਇਸ ਅਹਿਮ ਅੰਗ ਨੂੰ ਕਿਸੇ ਵੀ ਰੂਪ ਵਿੱਚ ਠੇਸ ਪਹੁੰਚਾਉਣ ਵਾਲੇ ਅਜਿਹੇ ਵਰਤਾਰੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਜੰੰਮੂ-ਕਸ਼ਮੀਰ ਦੇ ਪੁਣਛ ਸੈਕਟਰ ‘ਚ ਪਾਕਿਸਤਾਨੀ ਫੌਜ ਵੱਲੋਂ ਅਸਲ ਕੰਟਰੋਲ ਰੇਖਾ ਪਾਰ ਕਰਕੇ ਭਾਰਤ ਦੇ ਪੰਜ ਫੌਜੀ ਜਵਾਨਾ ਨੂੰ ਮਾਰਨ ਦੀ ਘਟਨਾ ‘ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮੁਖ ਮੰਤਰੀ ਸ. ਬਾਦਲ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਹਰ ਫਰੰਟ ਉੱਪਰ ਅਸਫਲ ਹੋ ਚੁੱਕੀ ਹੈ ਅਤੇ ਇਸਨੂੰ ਸੱਤਾ ਵਿੱਚ ਰਹਿਣ ਦਾ ਹੁਣ ਕੋਈ ਨੈਤਿਕ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਮੁਲਕ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਪੱਖੋਂ ਪੂਰੀ ਤਰ੍ਹਾਂ ਨਿਕੰਮੀ ਸਿੱਧ ਹੋਈ ਹੈ। ਜਿਸ ਕਰਕੇ ਮੁਲਕ ਦੀ ਅਖੰਡਤਾ ਖਤਰੇ ਵਿੱਚ ਆ ਚੁੱਕੀ ਹੈ। ਸ. ਬਾਦਲ ਨੇ ਕਿਹਾ ਕਿ ਇਕ ਪਾਸੇ ਚੀਨ ਅਤੇ ਪਾਕਿਸਤਾਨ ਵਰਗੇ ਗਵਾਂਢੀ ਮੁਲਕ ਭਾਰਤ ਨਾਲ ਹੋਈਆਂ ਸਰਹੱਦੀ ਸੰਧੀਆਂ ਦੀ ਉਲੰਘਣਾ ਕਰ ਰਹੇ ਹਨ ਤੇ ਦੂਜੇ ਪਾਸੇ ਨਕਸਲਵਾਦ ਅਤੇ ਅੱਤਵਾਦ ਕਾਰਨ ਮੁਲਕ ਦੀ ਅੰਦਰਨੀ ਸੁਰੱਖਿਆ ਦੀ ਸਥਿਤੀ ਅਤੀ  ਸੰਵੇਦਨਸ਼ੀਲ ਬਣੀ  ਹੋਈ ਹੈ।

ਆਪਣੇ ਨਾਲ ਵੱਖ-ਵੱਖ ਅਕਾਲੀ ਸੰਘਰਸ਼ਾਂ ਦੌਰਾਨ ਜੇਲ੍ਹਾਂ ਕੱਟਣ ਵਾਲੇ 122 ਅਕਾਲੀ ਆਗੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ  ਦਾ ਬਹੁਤ ਲੰਮੇਂ ਸਮੇਂ ਦਾ ਸੁਪਨਾ ਅੱਜ ਸਾਕਾਰ ਹੋ ਗਿਆ ਹੈ ਕਿਉਂਕਿ ਇਨ੍ਹਾਂ ਮਹਾਨ ਆਗੂਆਂ ਨੇ ਸੂਬੇ ਵਿੱਚ ਅਕਾਲੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕੀਤਾ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਪੰਜਾਬ ਭਰ ਦੇ ਮੌਜੂਦਾ ਅਕਾਲੀ ਆਗੂਆਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਅਜਿਹੇ ਮਹਾਨ ਆਗੂਆਂ ਜਾਂ ਉਨ੍ਹਾਂ ਦੇ ਵਾਰਸਾਂ ਨਾਲ ਸੰਪਰਕ ਸਾਧ ਕੇ ਵੇਰਵੇ ਇਕੱਠੇ ਕਰਨ ਤਾਂ ਜੋ ਇਨ੍ਹਾਂ ਸਬੰਧੀ ਇਤਿਹਾਸਕ ਐਲਬਮ ਤਿਆਰ ਕੀਤੀ ਜਾ ਸਕੇ।

ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਪਿਓਰੀ, ਦੌਲਾ, ਭਾਰੂ, ਬੁੱਟਰ ਬਖੂਹਾ, ਕੋਟਭਾਈ, ਰੁਖਾਲਾ, ਮਧੀਰ ਅਤੇ ਹੁਸਨਰ ਦੀਆਂ ਪੰਚਾਇਤਾਂ ਅਤੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੇ ਨਾਲ ਨਾਲ ਸਬੰਧਤ ਵਿਭਾਗਾਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।

ਇਸ ਮੌਕੇ ਮੈਂਬਰ ਲੋਕ ਸਭਾ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਹਲਕਾ ਇੰਚਾਰਜ ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਉਨਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ ਚੀਮਾ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਡੀ.ਆਈ.ਜੀ. ਸ: ਅਮਰ ਸਿੰਘ ਚਹਿਲ, ਐਸ.ਐਸ.ਪੀ. ਸ: ਸੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਬਰਕੰਦੀ, ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਜੱਥੇਦਾਰ ਨਵਤੇਜ ਸਿੰਘ ਕਾਊਣੀ ਅਤੇ ਜੱਥੇਦਾਰ ਗੁਰਪਾਲ ਸਿੰਘ ਗੋਰਾ ਤਿੰਨੋਂਂ ਐਸ.ਜੀ.ਪੀ.ਸੀ. ਮੈਂਬਰ, ਸ: ਸੁਰਜੀਤ ਸਿੰਘ ਗਿਲਜ਼ੇਵਾਲਾ, ਸ: ਸੰਤ ਸਿੰਘ ਬਰਾੜ, ਐਡਵੋਕੇਟ ਗੁਰਮੀਤ ਸਿੰਘ ਮਾਨ ਆਦਿ ਵੀ ਹਾਜਰ ਸਨ।

Facebook Comment
Project by : XtremeStudioz