Close
Menu

ਸੁਰੱਖਿਆ ਬਾਰੇ ਭਾਜਪਾ ਕੋਈ ਸਮਝੌਤਾ ਨਹੀਂ ਕਰੇਗੀ: ਸ਼ਾਹ

-- 19 February,2019

ਲਖੀਮਪੁਰ (ਅਸਾਮ), 19 ਫਰਵਰੀ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਹੋਏ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸੀਆਰਪੀਅੈੱਫ ਦੇ 40 ਜਵਾਨਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੇ ਉਲਟ ਸੁਰੱਖਿਆ ਨਾਲ ਸਬੰਧਤ ਕਿਸੇ ਵੀ ਮੁੱਦੇ ’ਤੇ ਸਮਝੌਤਾ ਨਹੀਂ ਕਰੇਗੀ। ਸ਼ਾਹ ਨੇ ਇੱਥੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਘਿਨੌਣਾ ਕਾਰਾ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਅਤਿਵਾਦੀ ਜਥੇਬੰਦੀ ਨੇ ਕੀਤਾ ਹੈ ਤੇ ਜ਼ਿੰਮੇਵਾਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੁਜਦਿਲੀ ਵਾਲੀ ਕਾਰਵਾਈ ਪਾਕਿਸਤਾਨੀ ਅਤਿਵਾਦੀਆਂ ਨੇ ਕੀਤੀ ਹੈ। ਕਾਂਗਰਸ ਤੇ ਅਸਾਮ ਗਣ ਪ੍ਰੀਸ਼ਦ ਦੀ ਅਾਲੋਚਨਾ ਕਰਦਿਆਂ ਭਾਜਪਾ ਪ੍ਰਧਾਨ ਸ਼ਾਹ ਨੇ ਕਿਹਾ ਕਿ ਦੋਵਾਂ ਹੀ ਦਲਾਂ ਨੇ 1985 ਵਿਚ ‘ਅਸਾਮ ਸੰਧੀ’ ਉੱਤੇ ਹਸਤਾਖ਼ਰ ਹੋਣ ਤੋਂ ਬਾਅਦ ਜ਼ਿਆਦਾਤਰ ਸਮਾਂ ਸੱਤਾ ਵਿਚ ਰਹਿਣ ਦੇ ਬਾਵਜੂਦ ਇਸ ਨੂੰ ਲਾਗੂ ਕਰਨ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ‘ਉਹ ਅਸਾਮ ਨੂੰ ਦੂਜਾ ਕਸ਼ਮੀਰ ਨਹੀਂ ਬਣਨ ਦੇਣਗੇ’। ਉਨ੍ਹਾਂ ਕਿਹਾ ਕਿ ਇਸੇ ਕਾਰਨ ਕੌਮੀ ਨਾਗਰਿਕ ਰਜਿਸਟਰ (ਅੈੱਨਆਰਸੀ) ਲਿਆਂਦਾ ਗਿਆ ਸੀ। ਇਸ ਦੀ ਮਦਦ ਨਾਲ ਘੁਸਪੈਠੀਆਂ ਨੂੰ ਵਾਪਸ ਘੱਲਿਆ ਜਾਵੇਗਾ। ਭਾਜਪਾ ਪ੍ਰਧਾਨ ਨੇ ਕਿਹਾ ਕਿ ਪਾਰਟੀ ਇਸ ਲਈ ਵਚਨਬੱਧ ਹੈ।
ਅਮਿਤ ਸ਼ਾਹ ਨੇ ਵਿਵਾਦਤ ਨਾਗਰਿਕਤਾ ਸੋਧ ਬਿੱਲ ਦੇ ਮਾਮਲੇ ’ਤੇ ਕਿਹਾ ਕਿ ਇਸ ਸਬੰਧੀ ਵਿਰੋਧੀਆਂ ਵੱਲੋਂ ਕੂਡ਼ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਕੇਵਲ ਉੱਤਰ-ਪੂਰਬ ਦੇ ਲੋਕਾਂ ਦੀ ਗੱਲ ਨਹੀਂ ਹੈ ਬਲਕਿ ਪੂਰੇ ਦੇਸ਼ ਵਿਚ ਰਹਿ ਰਹੇ ਸ਼ਰਨਾਰਥੀਆਂ ਬਾਰੇ ਹੈ। ਉਨ੍ਹਾਂ ਕਿਹਾ ਕਿ ਅਸਾਮ ਵਿਚ ਕੁਝ ਵਿਸ਼ੇਸ਼ ਫਿਰਕਿਆਂ ਦੀ ਜਨਸੰਖਿਆ ’ਚ ਵੱਡਾ ਉਤਾਰ-ਚਡ਼੍ਹਾਅ ਆ ਰਿਹਾ ਹੈ, ਇਸ ਨਾਲ ਰਾਜ ਦੇ ਲੋਕ ਖ਼ਤਰੇ ਵਿਚ ਪੈ ਜਾਣਗੇ।

Facebook Comment
Project by : XtremeStudioz