Close
Menu

ਸੁਲਤਾਨ ਜੋਹੋਰ ਕੱਪ: ਭਾਰਤ ਨੇ ਇੰਗਲੈਂਡ ਨੂੰ 2-1 ਗੋਲਾਂ ਨਾਲ ਹਰਾਇਆ

-- 23 September,2013

ਜੋਹੋਰ ਬਾਰੂ (ਮਲੇਸ਼ੀਆ), 23 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਨੇ ਅੱਜ ਇਥੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ ਸੁਲਤਾਨ ਜੋਹੋਰ ਕੱਪ ਅੰਡਰ-21 ਹਾਕੀ ਟੂਰਨਾਮੈਂਟ ਦੇ ਪਹਿਲੇ ਰਾਊਂਡ ਰੌਬਿਨ ਮੈਚ ਵਿੱਚ ਇੰਗਲੈਂਡ ਨੂੰ  2-1 ਨਾਲ ਮਾਤ ਦਿੱਤੀ। ਭਾਰਤੀ ਖਿਡਾਰੀਆਂ ਨੇ ਦੋਵੇਂ ਮੈਦਾਨੀ ਗੋਲ ਕੀਤੇ। ਇਸ ਜਿੱਤ ਨਾਲ ਟੀਮ ਨੂੰ ਤਿੰਨ ਅੰਕ ਪ੍ਰਾਪਤ ਹੋਏ ਹਨ। ਭਾਰਤ ਦੇ ਰਮਨਦੀਪ ਸਿੰਘ ਨੇ 18ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਲੀਡ ਦਿਵਾਈ। ਇਸ ਤੋਂ ਬਾਅਦ ਤਲਵਿੰਦਰ ਸਿੰਘ ਨੇ 50ਵੇਂ ਮਿੰਟ ਵਿੱਚ ਇਕ ਹੋਰ ਗੋਲ ਕੀਤਾ। ਇੰਗਲੈਂਡ ਵੱਲੋਂ ਸੈਮ ਫਰੈਂਚ ਨੇ 67ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਬਦਲਿਆ। ਇਸ ਮੈਚ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਬਹੁਤਾ ਅੱਛਾ ਨਹੀਂ ਸੀ। ਭਾਰਤ ਨੂੰ ਇਸ ਮੈਚ ਵਿੱਚ ਚਾਰ ਪੈਨਲਟੀ ਕਾਰਨਰ ਮਿਲੇ ਪਰ ਖਿਡਾਰੀ ਇਕ ਨੂੰ ਵੀ ਗੋਲ ਵਿੱਚ ਨਹੀਂ ਤਬਦੀਲ ਕਰ ਸਕੇ। ਇੰਗਲੈਂਡ ਦਾ ਹਾਲ ਇਸ ਤੋਂ ਵੀ ਮਾੜਾ ਸੀ। ਭਾਰਤ ਵਿਰੋਧੀ ਟੀਮ ਨੂੰ ਛੇ ਸ਼ਾਰਟ ਕਾਰਨਰ ਮਿਲੇ ਪਰ ਉਹ ਇਕ ਦਾ ਹੀ ਲਾਭ ਉਠਾ ਸਕੇ।  ਭਾਰਤ ਨੂੰ ਦੂਜੇ ਹਾਫ ਵਿੱਚ 41ਵੇਂ, 42ਵੇਂ ਅਤੇ 45ਵੇਂ ਮਿੰਟ ਵਿੱਚ ਤਿੰਨ ਪਨੈਲਟੀ ਕਾਰਨਰ ਮਿਲੇ ਪਰ ਅਮਿਤ ਰੋਹਿਤਦਾਸ ਆਏ ਗੇੜੇ ਨਿਸ਼ਾਨੇ ਤੋਂ ਖੁੰਝਦਾ ਰਿਹਾ ਅਤੇ ਇੰਗਲੈਂਡ ਦੇ ਗੋਲਕੀਪਰ ਗਿਲਸਨ ਨੂੰ ਗੇਂਦ ਰੋਕਣ ਲਈ ਕੋਈ ਖਾਸ ਮੁਸ਼ੱਕਤ ਨਹੀਂ ਕਰਨੀ ਪਈ। ਭਾਰਤੀ ਗੋਲਕੀਪਰ ਹਰਜੋਤ ਸਿੰਘ ਨੇ 67 ਮਿੰਟ ਤਕ ਵਿਰੋਧੀ ਟੀਮ ਨੂੰ ਕੋਈ ਗੋਲ ਨਹੀਂ ਕਰਨ ਦਿੱਤਾ।
ਭਾਰਤੀ ਟੀਮ ਦੇ ਕੋਚ ਗਰੈਗ ਕਲਾਰਕ ਨੇ ਵੀ ਮੰਨਿਆ ਕਿ ਉਨ੍ਹਾਂ ਦੀ ਟੀਮ ਇੰਗਲੈਂਡ ਖਿਲਾਫ ਬਿਹਤਰੀਨ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੀ ਹੈ। ਮੈਚ ਜਿੱਤਣ ਬਾਅਦ ਕਲਾਰਕ ਨੇ ਕਿਹਾ, ‘‘ਅਸੀਂ ਇਸ ਮੈਚ ਦੌਰਾਨ ਮਿਲੇ ਮੌਕਿਆਂ ਦਾ ਫਾਇਦਾ ਉਠਾਉਣ ਵਿੱਚ ਅਸਫਲ ਰਹੇ ਪਰ ਇਸ ਲਈ ਇੰਗਲੈਂਡ ਦੀ ਟੀਮ ਜ਼ਿੰਮੇਵਾਰ ਸੀ, ਜਿਸ ਨੇ ਭਾਰਤੀ ਖਿਡਾਰੀਆ ਨੂੰ ਕਰੜੀ ਚੁਣੌਤੀ ਦਿੱਤੀ।’’  ਭਾਰਤੀ ਕੋਚ ਨੇ ਕਿਹਾ, ‘‘ਮੈਂ ਟੀਮ ਦੀ ਜੇਤੂ ਸ਼ੁਰੂਆਤ ਤੋਂ ਬਾਗੋਬਾਗ ਹਾਂ ਪਰ ਪ੍ਰਦਰਸ਼ਨ ਸੁਧਾਰਿਆ ਜਾ ਸਕਦਾ ਹੈ।’’

Facebook Comment
Project by : XtremeStudioz