Close
Menu

ਸੁਸ਼ੀਲ ਦਾ ਵਿਸ਼ਵ ਕੁਸ਼ਤੀਆਂ ’ਚ ਭਾਗ ਲੈਣਾ ਕੋਚ ’ਤੇ ਨਿਰਭਰ

-- 09 September,2013

BL12_SUSHIL2_1175041g

ਨਵੀਂ ਦਿੱਲੀ,9 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਲਗਾਤਾਰ ਦੋ ਵਾਰ ਓਲੰਪਿਕ ਤਗਮਾ ਜਿੱਤ ਚੁੱਕੇ  ਪਹਿਲਵਾਨ ਸੁਸ਼ੀਲ ਕੁਮਾਰ ਦਾ ਹੰਗਰੀ ਦੇ ਬੁਡਾਪੇਸਟ ’ਚ 16 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਭਾਗ ਲੈਣਾ ਹੁਣੇ ਤੈਅ ਨਹੀਂ ਹੋਇਆ ਹੈ।
ਭਾਰਤ ਦੀ ਮਹਿਲਾ ਤੇ ਪੁਰਸ਼ ਟੀਮਾਂ ਦੋਵੇਂ ਵਰਗਾਂ ਦੀ ਟੀਮ ਚੈਂਪੀਅਨਸ਼ਿਪ ਤੋਂ ਪਹਿਲਾਂ ਕੈਂਪ ’ਚ ਭਾਗ ਲੈਣ ਲਈ ਬੁਡਾਪੇਸਟ ਜਾ ਚੁੱਕੀ ਹੈ। ਵਿਸ਼ਵ ਮੁਕਾਬਲੇ ਦੀਆਂ ਤਿਆਰੀਆਂ ਲਈ ਇਹ ਕੈਂਪ ਅਹਿਮ ਭੂਮਿਕਾ ਨਿਭਾਏਗਾ ਪਰ ਓਲੰਪਿਕ ਤਗਮਾ ਜੇਤੂ ਤੇ ਵਿਸ਼ਵ ਕੁਸ਼ਤੀ ’ਚ ਭਾਰਤ ਦੀ ਤਗਮੇ ਦੀ ਆਸ ਯੋਗੇਸ਼ਵਰ ਦੱਤ ਪਹਿਲਾਂ ਹੀ ਆਖ ਚੁੱਕਾ ਹੈ ਕਿ ਗੋਡੇ ਦੀ ਸੱਟ ਕਾਰਨ ਉਹ ਵਿਸ਼ਵ ਮੁਕਾਬਲੇ ’ਚ ਭਾਗ ਨਹੀਂ ਲਵੇਗਾ। ਉਸ ਦੇ ਸਾਥੀ ਸੁਸ਼ੀਲ ਕੁਮਾਰ ਦਾ ਵੀ ਭਾਗ ਲੈਣਾ ਤੈਅ ਨਹੀਂ ਹੈ। ‘ਕੁਸ਼ਤੀ ਬਚਾਓ’ ਮੁਹਿੰਮ ’ਚ ਸ਼ਾਮਲ ਹੋਣ ਆਏ ਸੁਸ਼ੀਲ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕ ਸੁਆਲ ਦੇ ਜਵਾਬ ’ਚ ਕਿਹਾ ਕਿ ਵਿਸ਼ਵ ਕੁਸ਼ਤੀ ਲਈ ਉਹ ਤਾਂ ਪੂਰੀ ਤਰ੍ਹਾਂ ਤੋਂ ਤਿਆਰ ਹੈ। ਉਹ ਹੁਣ ਮੋਢੇ ਦੀ ਸੱਟ ਤੋਂ ਉਭਰ ਚੁੱਕਾ ਹੈ ਤੇ ਸੋਮਵਾਰ ਨੂੰ ਬੁਡਾਪੇਸਟ ਲਈ ਰਵਾਨਾ ਹੋ ਰਿਹਾ ਹੈ। ਜਿੱਥੋਂ ਤਕ ਮੁਕਾਬਲੇ ’ਚ ਭਾਗ ਲੈਣ ਦਾ ਸੁਆਲ ਹੈ ਇਸ ਦਾ ਫੈਸਲਾ ਕੈਂਪ ’ਚ ਉਸ ਦਾ ਪ੍ਰਦਰਸ਼ਨ ਦੇਖਣ ਤੋਂ ਬਾਅਦ ਕੋਚ ਹੀ ਕਰਨਗੇ।
ਸੁਸ਼ੀਲ ਕੁਮਾਰ 2010 ’ਚ ਮਾਸਕੋ ’ਚ ਹੋਈ ਵਿਸ਼ਵ ਕੁਸ਼ਤੀ ’ਚ ਸੋਨੇ ਦਾ ਤਗਮਾ ਹਾਸਲ ਕਰਕੇ ਦੇਸ਼ ਲਈ ਇਹ ਖ਼ਿਤਾਬ ਜਿੱਤਣ ਵਾਲਾ ਪਹਿਲਾ ਪਹਿਲਵਾਨ ਬਣਿਆ ਸੀ। ਇਸ ਤੋਂ ਇਲਾਵਾ ਉਸ ਨੇ ਲਗਾਤਾਰ ਦੋ ਓਲੰਪਿਕ ਖੇਡਾਂ ਬੀਜਿੰਗ (2008) ’ਚ ਕਾਂਸੀ ਤੇ ਲੰਡਨ (2012) ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਸੁਸ਼ੀਲ ਕੁਮਾਰ ਤੇ ਯੋਗੇਸ਼ਵਰ ਦੱਤ ਦੋਵੇਂ ਲੰਡਨ ਓਲੰਪਿਕ ਤੋਂ ਬਾਅਦ ਕਿਸੇ ਵੱਡੇ ਕੌਮਾਂਤਰੀ ਮੁਕਾਬਲੇ ’ਚ ਭਾਗ ਨਹੀਂ ਲੈ ਸਕੇ ਹਨ।
ਵਿਸ਼ਵ ਚੈਂਪੀਅਨ ’ਚ ਦੋਵਾਂ ਤੋਂ ਤਗਮਾ ਜਿੱਤਣ ਦੀ ਆਸ ਕੀਤੀ ਜਾ ਰਹੀ ਸੀ। ਇਸੇ ਦੌਰਾਨ ਸੁਸ਼ੀਲ ਨੇ ਕੁਸ਼ਤੀ ਨੂੰ ਓਲੰਪਿਕ ’ਚ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨ ਸਬੰਧੀ ਸਹੁੰ ਚੁੱਕੀ। ਚੰਦਗੀਰਾਮ ਜਿੰਮ ਕਮੇਟੀ ਵੱਲੋਂ ਕਰਾਏ ਗਏ ਇਸ ਸਮਾਰੋਹ ’ਚ ਇਸ ਸਾਲ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਮਹਿਲਾ ਪਹਿਲਵਾਨ ਨੇਹਾ ਸੇਠੀ ਤੇ ਜਗਰੂਪ ਪਹਿਲਵਾਨ ਨੂੰ ਸਨਮਾਨਿਤ ਕੀਤਾ ਗਿਆ। ਦੇਸ਼ ਦੀ ਸੰਭਾਵਤ ਪਿਤਾ-ਪੁੱਤਰੀ ਦੀ ਇਹ ਪਹਿਲੀ ਜੋੜੀ ਹੈ ਜਿਸ ਨੇ ਅਰਜੁਨ ਪੁਰਸਕਾਰ ਜਿੱਤਿਆ ਹੈ। ਜਗਰੂਪ ਨੂੰ 1973 ’ਚ ਅਰਜੁਨ ਪੁਰਸਕਾਰ ਮਿਲਿਆ ਸੀ। ਓਲੰਪਿਕ ਖੇਡਾਂ ’ਚੋਂ ਕੁਸ਼ਤੀ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ’ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਸੁਸ਼ੀਲ ਨੇ ਕਿਹਾ ਕਿ ਕੁਸ਼ਤੀ ਨੂੰ ਓਲੰਪਿਕ ਤੋਂ ਹਟਾਉਣ ਦਾ ਸਿੱਧਾ ਅਸਰ ਸਾਡੇ ਦੇਸ਼ ਦੀਆਂ ਖੇਡਾਂ ’ਤੇ ਪਏਗਾ ਕਿਉਂਕਿ ਕੁਸ਼ਤੀ ਖੇਡ ’ਚ ਓਲੰਪਿਕ ਪੱਧਰ ’ਤੇ ਉਨ੍ਹਾਂ ਬਿਹਤਰ ਪ੍ਰਦਰਸ਼ਨ ਕਰਨਾ ਹੁਣੇ ਸ਼ੁਰੂ ਹੀ ਕੀਤਾ ਹੈ। ਉਸ ਨੇ ਕਿਹਾ ਕਿ ਕੁਸ਼ਤੀ ਦੇ ਵਿਕਾਸ ਲਈ ਦੇਸ਼ ’ਚ ਜਗ੍ਹਾ-ਜਗ੍ਹਾ ਅਕਾਦਮੀਆਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ।
ਜ਼ਿਕਰਯੋਗ ਹੈ ਕਿ ਓਲੰਪਿਕ ’ਚ ਕੁਸ਼ਤੀ ਦੇ ਬਰਕਰਾਰ ਰਹਿਣ ਸਬੰਧੀ ਫੈਸਲਾ 8 ਸਤੰਬਰ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਦੀ ਬਿਊਨਸ ਆਇਰਜ਼ ’ਚ 125ਵੇਂ ਸੈਸ਼ਨ ਦੌਰਾਨ ਮੀਟਿੰਗ ’ਚ ਹੋਏਗਾ।

Facebook Comment
Project by : XtremeStudioz