Close
Menu

ਸੂਬਾ ਸਰਕਾਰ ਦੀ ਸ਼ਹਿ ‘ਤੇ ਪ੍ਰਾਈਵੇਟ ਸ਼ੂਗਰ ਮਿੱਲਾਂ ਕਰ ਰਹੀਆਂ ਹਨ ਗੰਨਾ ਕਿਸਾਨਾਂ ਦਾ ਸੋਸ਼ਣ-ਸੰਧਵਾਂ

-- 20 March,2019

ਚੰਡੀਗੜ੍ਹ, 20 ਮਾਰਚ 2019: ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੀ ਮੁੱਦਿਆਂ ‘ਤੇ ਗੰਭੀਰਤਾ ਨਾ ਵਿਖਾਉਣ ਲਈ ਆਲੋਚਨਾ ਕਰਦਿਆਂ ਆਮ ਆਦਮੀ ਪਾਰਟੀ ਨੇ ਕੈਪਟਨ ‘ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਗਾਇਆ ਹੈ। ‘ਆਪ’ ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਕੋਟਕਪੂਰਾ ਤੋਂ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਕਾਰਨ ਸੂਬੇ ਦੇ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

ਸੰਧਵਾਂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਕਿਸਾਨਾਂ ਦੇ ਹੱਕ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰੰਤੂ ਸੱਤਾ ਪ੍ਰਾਪਤੀ ਤੋਂ ਬਾਅਦ ਆਪਣੇ ਵਾਅਦੇ ਤੋਂ ਮੁੱਕਰ ਗਏ ਹਨ।

ਸੰਧਵਾਂ ਨੇ ਕਿਹਾ ਕਿ ਸੂਬੇ ਦੀਆਂ 76 ਪ੍ਰਾਈਵੇਟ ਮਿੱਲਾਂ ਨੇ ਸਾਲ 2017-18 ਅਤੇ 18-19 ਲਈ ਸੂਬੇ ਦੇ ਕਿਸਾਨਾਂ ਦਾ ਕਰੀਬ 859 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੋਣ ਕਾਰਨ ਉਹ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਹਨ। ਇਸੇ ਸੂਬੇ ਦੀਆਂ 9 ਸਹਿਕਾਰੀ ਮਿੱਲਾਂ ਵੱਲ ਕਿਸਾਨਾਂ ਦਾ 2 ਸਾਲ ਦਾ ਕਰੀਬ 333 ਕਰੋੜ ਦਾ ਬਕਾਇਆ ਹੈ।

ਸੰਧਵਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਖ਼ੁਦ ਨੂੰ ਕਿਸਾਨਾਂ ਦਾ ਰਾਖਾ ਕਹਾਉਂਦੇ ਹਨ ਅਤੇ ਦੂਸਰੇ ਪਾਸੇ ਸੂਬੇ ਦੇ ਗੰਨਾਂ ਕਿਸਾਨਾਂ ਦਾ ਕਰੀਬ 1192 ਕਰੋੜ ਰੁਪਏ ਦੱਬ ਕੇ ਬੈਠੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦ ਗੰਨਾ ਕਿਸਾਨਾਂ ਦੀ ਰਾਸ਼ੀ ਦਾ ਭੁਗਤਾਨ ਕਰੇ ਤਾਂ ਜੋ ਕਿਸਾਨ ਅਗਲੀ ਫ਼ਸਲ ਬੀਜਣ ਲਈ ਖਾਦਾਂ ਅਤੇ ਬੀਜ ਖ਼ਰੀਦ ਸਕਣ।

ਵਿਧਾਇਕ ਕੁਲਵੰਤ ਪੰਡੋਰੀ ਨੇ ਕਿਹਾ ਕਿ ਗੰਨਾਂ ਕਿਸਾਨ ਧੂਰੀ ਖੰਡ ਮਿੱਲ ਦੇ ਸਾਹਮਣੇ ਲੰਬੇ ਸਮੇਂ ਤੋਂ ਧਰਨਾ ਲਗਾ ਕੇ ਬੈਠੇ ਹਨ ਪਰੰਤੂ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀ ਅਤੇ ਕਾਂਗਰਸੀ ਆਗੂ ਵਾਰ-ਵਾਰ ਕਿਸਾਨਾਂ ਨਾਲ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਇਸੇ ਕਾਰਨ ਹੀ ਪਿਛਲੇ ਦੋ ਸਾਲਾਂ ਵਿਚ ਕਾਂਗਰਸ ਸਰਕਾਰ ਦੇ ਦੌਰਾਨ ਕਿਸਾਨ ਆਤਮ ਹੱਤਿਆਵਾਂ ਵਿਚ ਵਾਧਾ ਹੋਇਆ ਹੈ। ਸੂਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਪੰਡੋਰੀ ਨੇ ਕਿਹਾ ਕਿ ਉਹ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸੀ ਅਕਾਲੀ ਉਮੀਦਵਾਰ ਨੂੰ ਹਰਾ ਕੇ ਭਾਜੀ ਮੋੜਨ।

Facebook Comment
Project by : XtremeStudioz