Close
Menu

ਸੂਬਾ ਸਰਕਾਰ ਨੇ ਝੁੱਗੀਆਂ ‘ਚ ਰਹਿਣ ਵਾਲੇ ਬਠਿੰਡਾ ਦੇ 51 ਪਰਿਵਾਰਾਂ ਨੂੰ ਦਿੱਤਾ ਪੱਕਾ ਰੈਣ ਬਸੇਰਾ

-- 09 December,2014

ਬਠਿੰਡਾ,  ਸੂਬਾ ਸਰਕਾਰ ਨੇ ਝੁੱਗੀਆਂ ਵਿਚ ਰਹਿਣ ਵਾਲੇ ਬਠਿੰਡਾ ਦੇ 51 ਪਰਿਵਾਰਾਂ ਦੀ ਬਾਂਹ ਫੜਦਿਆਂ ਉਨ੍ਹਾਂ ਲਈ ਪੱਕੇ ਰੈਣ ਬਸੇਰੇ ਦਾ ਪ੍ਰਬੰਧ ਕਰ ਦਿੱਤਾ ਹੈ, ਜਿਸ ਨਾਲ ਬੇਘਰ ਹੋਏ ਇਨ੍ਹਾਂ ਪੀੜਤ ਪਰਿਵਾਰਾਂ ਦੇ ਚਿਹਰਿਆਂ ‘ਤੇ ਮੁੜ ਰੌਣਕ ਪਰਤ ਆਈ ਹੈ। ਨਿਊ ਸ਼ਕਤੀ ਨਗਰ ਬਠਿੰਡਾ ਵਿਚ ਉਕਤ ਪਰਿਵਾਰ ਨਜਾਇਜ਼ ਕਬਜ਼ੇ ਰਾਹੀਂ ਝੁੱਗੀਆਂ ਵਿਚ ਰਹਿ ਰਹੇ ਸਨ ਅਤੇ ਇਨ੍ਹਾਂ ਵਲੋਂ ਕਬਜ਼ਾ ਛੱਡਣ ਉਪਰੰਤ ਇਨ੍ਹਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਉਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸ਼੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਦੀ ਰਿਹਾਇਸ਼ ਦੇ ਯੋਗ ਪ੍ਰਬੰਧ ਲਈ ਕੇਂਦਰੀ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਮੁੱਖ ਸੰਸਦੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਦੀ ਅਗਵਾਈ ਵਾਲੇ ਬਠਿੰਡਾ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਤਾਲਮੇਲ ਕਾਇਮ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਬੀਬੀ ਬਾਦਲ ਵਲੋਂ ਕੀਤੇ ਗਏ ਯਤਨਾਂ ਸਦਕਾ ਹੀ ਹੁਣ ਪੱਕੇ ਤੌਰ ‘ਤੇ ਪੀੜਤ ਪਰਿਵਾਰਾਂ ਨੂੰ ਆਪਣਾ ਰੈਣ ਬਸੇਰਾ ਮਿਲ ਗਿਆ ਹੈ ਅਤੇ ਉਨ੍ਹਾਂ ਲਈ ਇਸ ਰੈਣ ਬਸੇਰੇ ਦਾ ਪ੍ਰਬੰਧ ਕਰਨ ਵਾਲਾ ਇਕ ਹੀ ਦਾਨੀ ਵਿਅਕਤੀ ਨਿੱਤਰਕੇ ਸਾਹਮਣੇ ਆਇਆ ਹੈ, ਜਿਸਨੇ ਖੇਤਾ ਸਿੰਘ ਬਸਤੀ ਵਿਖੇ 1783 ਗਜ਼ (ਇਕ ਵਿਘਾ ਸਾਢੇ 15 ਵਿਸਵੇ) ਜ਼ਮੀਨ ਸੂਬਾ ਸਰਕਾਰ ਨੂੰ ਮੁਫ਼ਤ ਵਿਚ ਦਿੱਤੀ ਹੈ।
ਸ਼੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਦਾਨ ਦੇ ਰੂਪ ਵਿਚ ਮਿਲੀ ਉਕਤ ਜ਼ਮੀਨ ਸਰਕਾਰ ਵਲੋਂ ਵੀ ਬੇਘਰ ਹੋਏ ਪਰਿਵਾਰਾਂ ਨੂੰ ਰਹਿਣ ਲਈ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਭੂਸ਼ਣ ਕੁਮਾਰ ਧੁਨੀਕੇ’ ਨਾਂ ਦੇ ਵਿਅਕਤੀ ਨੇ ਖੇਤਾ ਸਿੰਘ ਬਸਤੀ ਬਠਿੰਡਾ ਵਿਖੇ 1783 ਗਜ਼ ਜ਼ਮੀਨ ਸਰਕਾਰ ਨੂੰ ਮੁਫ਼ਤ ਦਾਨ ਕੀਤੀ ਹੈ, ਜਿੱਥੇ ਹੁਣ ਉਕਤ ਪਰਿਵਾਰ ਬਿਨ੍ਹਾਂ ਕਿਸੇ ਡਰ ਭੈਅ ਦੇ ਆਪਣਾ ਜੀਵਨ ਬਤੀਤ ਕਰ ਸਕਣਗੇ।
ਕਮਿਸ਼ਨਰ ਕਾਰਪੋਰੇਸ਼ਨ ਬਠਿੰਡਾ ਨੇ ਦਾਨੀ ਵਿਅਕਤੀ ਸ਼੍ਰੀ ਭੂਸ਼ਣ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ 51 ਪਰਿਵਾਰਾਂ ਨੂੰ ਭਾਰੀ ਮਾਤਰਾ ਵਿਚ ਜ਼ਮੀਨ ਦੇਣੀ ਬੜੀ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਮਿਉਂਸਪਲ ਕਾਰਪੋਰੇਸ਼ਨ ਬਠਿੰਡਾ ਵਲੋਂ ਅੱਜ ਉਕਤ ਪਰਿਵਾਰਾਂ ਦੇ ਮੋਹਤਵਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਗਈ ਹੈ, ਤਾਂ ਜੋ ਉਕਤ ਪਰਿਵਾਰ ਇਥੇ ਬੇਝਿਜਕ ਰਹਿਣਾ ਸ਼ੁਰੂ ਕਰ ਦੇਣ।

Facebook Comment
Project by : XtremeStudioz